ਅੰਮ੍ਰਿਤਸਰ : ਬੀਤੇ ਦਿਨੀਂ ਜਦੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਿਰੁੱਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਆਖੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਵਿਰੋਧ ਵਿੱਚ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਕਿ ਹੁਣ ਉਹ ਇਸ ਸਿੱਟ ਨੂੰ ਅੱਗੋਂ ਹੋਰ ਕੋਈ ਸਹਿਯੋਗ ਨਹੀਂ ਦੇਣਗੇ। ਅਕਾਲੀ ਦਾ ਇਹ ਤਰਕ ਸੀ ਕਿ ਜਾਂਚ ਏਜੰਸੀ ਸਰਕਾਰ ਦੇ ਆਖੇ ‘ਤੇ ਰਾਜਨੀਤਕ ਕਿੜ੍ਹਾਂ ਕੱਢ ਰਹੀ ਹੈ। ਇਸ ਦੇ ਉਲਟ ਦੂਜੇ ਪਾਸੇ ਜਦੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗਰਮੁੱਖ ਸਿੰਘ ਵਿਰੁੱਧ ਡੇਰਾ ਸੱਚਾ ਸੌਦਾ ਮੁਖੀ ਨੂੰ ਦਿੱਤੀ ਜਾਣ ਵਾਲੀ ਮਾਫੀ ਦੇ ਲਿਖਤੀ ਕਾਗਜਾਂ ਵਿੱਚ ਕੀਤੀ ਕਥਿਤ ਘਪਲੇਬਾਜ਼ੀ ਦੀ ਜਾਂਚ ਕਰਵਾਏ ਜਾਣ ਲਈ ਇਨ੍ਹਾਂ ਦੋਵਾਂ ਜਥੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੱਦੇ ਜਾਣ ਦੀ ਮੰਗ ਕੀਤੀ ਤਾਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇੱਕ ਵਾਰ ਐਸਆਈਟੀ ਦੀ ਰਿਪੋਰਟ ਆ ਜਾਣ ਦਿਓ ਫਿਰ ਇਸ ਮੁੱਦੇ ‘ਤੇ ਅੱਗੇ ਵਿਚਾਰ ਕਰਾਂਗੇ। ਅਜਿਹੇ ਵਿੱਚ ਬੁੱਧੀਜੀਵੀ ਇਹ ਸਵਾਲ ਕਰਦੇ ਹਨ ਕਿ ਇਨ੍ਹਾਂ ਦੋਵਾਂ ਵਿੱਚੋਂ ਕੌਣ ਠੀਕ ਹੈ? ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਸਿੱਟ ਦੀ ਰਿਪੋਰਟ ਦਾ ਇਤਜ਼ਾਰ ਕਰ ਰਹੇ ਹਨ, ਜਾਂ ਅਕਾਲੀ ਦਲ ਵਾਲੇ, ਜਿਹੜੇ ਸਿੱਟ ਨੂੰ ਹੀ ਨਹੀਂ ਮੰਨਦੇ?
ਦੱਸ ਦਈਏ ਕਿ ਗਿਆਨੀ ਇਕਬਾਲ ਸਿੰਘ ਨੇ ਇਹ ਦੋਸ਼ ਲਾਇਆ ਸੀ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੰਜਾ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਜਿਹੜੀ ਮਾਫੀ ਦਿੱਤੀ ਗਈ ਸੀ ਉਸ ਸਬੰਧੀ ਜਿਹੜਾ ਲਿਖਤੀ ਮਾਫੀਨਾਮਾ ਡੇਰਾ ਮੁਖੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜਿਆ ਸੀ ਉਸ ਮਾਫੀਨਾਮੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰੱਖੇ ਇੱਕ ਕੰਪਿਊਟਰ ਰਾਹੀਂ ਗਿਆਨੀ ਗੁਰਬਚਨ ਸਿੰਘ ਨੇ ਫੇਰ-ਬਦਲ ਕਰਕੇ ਉਸ ਵਿੱਚ ਖਿਮਾਂ ਦਾ ਯਾਚਕ ਸ਼ਬਦ ਸ਼ਾਮਲ ਕਰ ਦਿੱਤੇ ਸਨ, ਤੇ ਇੰਝ ਸੌਦਾ ਸਾਧ ਨੂੰ ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਬਿਨਾਂ ਮੰਗਿਆਂ ਹੀ ਮਾਫੀ ਦੇ ਦਿੱਤੀ। ਗਿਆਨੀ ਇਕਬਾਲ ਸਿੰਘ ਦਾ ਤਰਕ ਸੀ ਕਿ ਉਨ੍ਹਾਂ ਨੇ ਇਸ ਮਾਫੀਨਾਮੇ ‘ਤੇ ਹਸਤਾਖ਼ਰ ਇਸ ਲਈ ਕੀਤੇ ਕਿਉਂਕਿ ਇਨ੍ਹਾਂ ਜਥੇਦਾਰਾਂ ਨੇ ਉਨ੍ਹਾਂ ਨੂੰ ਝੂਠ ਬੋਲਿਆ ਕਿ ਪੰਜਾਬ ਵਿੱਚ ਹਰ ਘਰ ਦੇ ਅੰਦਰ ਇੱਕ ਡੇਰਾ ਪ੍ਰੇਮੀ ਤੇ ਇੱਕ ਗੁਰੂ ਦਾ ਸਿੱਖ ਹੈ ਤੇ ਮੌਜੂਦਾ ਸਮੇਂ ਚਾਰੇ ਪਾਸੇ ਅਸ਼ਾਂਤੀ ਫੈਲੀ ਹੋਈ ਹੈ, ਜੇਕਰ ਇਨ੍ਹਾਂ ਹਲਾਤਾਂ ਵਿੱਚ ਡੇਰਾ ਮੁਖੀ ਨੂੰ ਮਾਫੀ ਦਿੱਤੀ ਜਾਂਦੀ ਹੈ ਤਾਂ ਪੰਜਾਬ ਵਿੱਚ ਮਹੌਲ ਸਾਂਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਅਜੇ ਹੋਰ ਵੀ ਖੁਲਾਸੇ ਕਰਨਗੇ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਤੋਂ ਇਹ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਕੀਤੇ ਗਏ ਖੁਲਾਸਿਆਂ ਦੀ ਜਾਂਚ ਕਰਨ ਲਈ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਉਨ੍ਹਾਂ ਦੇ ਸਾਹਮਣੇ ਸੱਚਾਈ ਦੀ ਪੁੱਛ-ਗਿੱਛ ਕੀਤੀ ਜਾਵੇ।
ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਕਿ ਕੀ ਉਹ ਗਿਆਨੀ ਇਕਬਾਲ ਸਿੰਘ ਦੀ ਮੰਗ ‘ਤੇ ਦੋਵਾਂ ਸਾਬਕਾ ਜਥੇਦਾਰਾਂ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਮਾਫੀ ਦਾ ਸੱਚ ਜਾਣਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੱਦੋਗੇ ਤਾਂ ਉਨ੍ਹਾਂ ਕਿਹਾ ਕਿ ਇੱਕ ਵਾਰ ਐਸਆਈਟੀ ਦੀ ਰਿਪੋਰਟ ਆ ਜਾਣ ਦਿਓ ਉਸ ਤੋਂ ਬਾਅਦ ਹੀ ਉਹ ਗਿਆਨੀ ਇਕਬਾਲ ਸਿੰਘ ਦੀ ਮੰਗ ‘ਤੇ ਵਿਚਾਰ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਿੱਟ ਦੀ ਜਾਂਚ ਜਾਰੀ ਹੈ ਤੇ ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਉਹ ਕੋਈ ਐਕਸ਼ਨ ਨਹੀਂ ਲੈ ਸਕਦੇ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਪਣੀ ਭਾਈਵਾਲ ਪਾਰਟੀ ਬੀਜੇਪੀ ਨੂੰ ਨਾਲ ਲੈ ਕੇ ਬਹੁਤ ਜਲਦ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਮਿਲ ਕੇ ਇਹ ਜਾਣੂ ਕਰਵਾਉਣਗੇ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਰਾਹੀਂ ਕਿਸ ਤਰ੍ਹਾਂ ਸਰਕਾਰ ਨਿੱਜੀ ਕਿੜ੍ਹਾਂ ਕੱਢ ਰਹੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਵੀ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਦਾ ਹੀ ਇੱਕ ਹਿੱਸਾ ਹੈ ਲਿਹਾਜਾ ਇਸੇ ਲਈ ਗਿਆਨੀ ਇਕਬਾਲ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਉਹ ਐਸਆਈਟੀ ਅੱਗੇ ਪੇਸ਼ ਹੋ ਕੇ ਉਸ ਮਾਫੀਨਾਮੇ ਦੇ ਸੱਚ ਨੂੰ ਜਾਂਚ ਏਜੰਸੀ ਅੱਗੇ ਰੱਖਣਗੇ।