ਕੋਵਿਡ -19 : ਟੀਕਾਕਰਨ ਮੁਹਿੰਮ ’ਚ ਭਾਰਤ ਦਾ ਵਿਸ਼ਵ ‘ਚੋਂ ਤੀਜਾ ਸਥਾਨ

TeamGlobalPunjab
2 Min Read

ਨਵੀਂ ਦਿੱਲੀ – ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਲੋਕਾਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਸਿਰਫ ਅਮਰੀਕਾ ਤੇ ਯੂਕੇ ਹੀ ਭਾਰਤ ਤੋਂ ਅੱਗੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 12 ਸੂਬਿਆਂ ’ਚ ਦੋ-ਦੋ ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਜਦਕਿ ਇਕੱਲੇ ਉੱਤਰ ਪ੍ਰਦੇਸ਼ ’ਚ ਹੀ 6,73,542 ਜਣਿਆਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਦੇਸ਼ ’ਚ 7 ਫਰਵਰੀ ਸਵੇਰੇ 8 ਵਜੇ ਤਕ 57,75,322 ਲੱਖ ਲਾਭਪਾਤਰੀਆਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚ 53,04,546 ਸਿਹਤ ਵਰਕਰ ਤੇ 4,70,776 ਮੂਹਰਲੀ ਕਤਾਰ ਦੇ ਵਰਕਰ ਸ਼ਾਮਲ ਹਨ। ਚੌਵੀ ਘੰਟਿਆਂ ਦੇ ਸਮੇਂ ਦੌਰਾਨ 8,875 ਸ਼ੈਸਨਾਂ ’ਚ 3,58,473 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਟੀਕਾਕਰਨ ਲਈ ਹੁਣ ਤਕ 1,15,178 ਸ਼ੈਸਨ ਕਰਵਾਏ ਜਾ ਚੁੱਕੇ ਹਨ। ਮੰਤਰਾਲੇ ਵੱਲੋਂ ਕਿਹਾ ਗਿਆ, ‘ਟੀਕਾ ਲਗਵਾਉਣ ਵਾਲੇ ਲਾਭਪਤਾਰੀਆਂ ਦੀ ਗਿਣਤੀ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ।

ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਵਾਈ ਹੇਠ ਭਾਰਤ ਨੇ ਅਸਰਦਾਰ ਢੰਗ ਨਾਲ ਕਰੋਨਾ ਮਹਾਮਾਰੀ ਦਾ ਟਾਕਰਾ ਕੀਤਾ, ਜਿਸ ਨੂੰ ਦੁਨੀਆਂ ਇੱਕ ‘ਮਾਡਲ’ ਮੰਨਦੀ ਹੈ। ਉਨ੍ਹਾਂ ਕਿਹਾ, ‘ਹਰ ਕੋਈ ਹੈਰਾਨ ਸੀ ਕਿ ਵੱਡੀ ਆਬਾਦੀ ਤੇ ਕਮਜ਼ੋਰ ਸਿਹਤ ਪ੍ਰਬੰਧ ਢਾਂਚੇ ਵਾਲਾ ਦੇਸ਼ ਮਹਾਮਾਰੀ ਦਾ ਟਾਕਰਾ ਕਿਵੇਂ ਕਰੇਗਾ, ਪਰ ਸਹੀ ਸਮੇਂ ’ਤੇ ਅਸਰਦਾਰ ਕਦਮ ਚੁੱਕੇ ਗਏ। ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ’ਚ 12,059 ਨਵੇਂ ਕੇਸ, 78 ਮੌਤਾਂ ਹੋਈਆਂ ਹਨ।

Share this Article
Leave a comment