ਅੰਮ੍ਰਿਤਸਰ : ਇੰਝ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਪਾਰਟੀ ਨੂੰ ਵਾਰ ਵਾਰ ਉਨ੍ਹਾਂ ਨਾਲ ਗੱਠਜੋੜ ਕਰਕੇ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਦੀ ਕੀਤੀ ਜਾ ਰਹੀ ਅਪੀਲ ਤੋਂ ਕੁਝ ਜਿਆਦਾ ਹੀ ਖਿਝ ਗਏ ਹਨ। ਬ੍ਰਹਮਪੁਰਾ ਨੇ ਐਲਾਨ ਕੀਤਾ ਹੈ ਕਿ ਜੇਕਰ ‘ਆਪ’ ਨੇ ਦੇਸ਼ ‘ਚ ਕਿਧਰੇ ਵੀ ਕਾਂਗਰਸ ਨਾਲ ਗੱਠਜੋੜ ਕੀਤਾ ਤਾਂ ਉਹ ਪੰਜਾਬ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜਨਗੇ। ਬ੍ਰਹਮਪੁਰਾ ਇੱਥੇ ਕੇਜਰੀਵਾਲ ਵੱਲੋਂ ਹਰਿਆਣਾ ਅੰਦਰ ਕਾਂਗਰਸ ਨੂੰ ਜੰਨਾਇਕ ਜਨਤਾ ਪਾਰਟੀ ਅਤੇ ‘ਆਪ’ ਨਾਲ ਗੱਠਜੋੜ ਕੀਤੇ ਜਾਣ ਦੇ ਦਿੱਤੇ ਗਏ ਸੱਦੇ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਹਰਿਆਣਾ ਸਮੇਤ ਦੇਸ਼ ਵਿੱਚ ਕਿਧਰੇ ਵੀ ਕਾਂਗਰਸ ਨਾਲ ਗੱਠਜੋੜ ਕਰਦੀ ਹੈ ਤਾਂ ਅਸੀਂ ਆਪ ਨਾਲ ਸਾਰੇ ਨਾਤੇ ਤੋੜ ਲਵਾਂਗੇ। ਇੱਥੇ ਬੋਲਦਿਆਂ ਟਕਸਾਲੀ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਨੰਬਰ ਇੱਕ ਦੁਸ਼ਮਣ ਹੈ, ਜਿਸ ਨੇ 1984 ‘ਚ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ, ਤੇ ਇਹੋ ਲੋਕ ਸਿੱਖ ਨਸਲਕੁਸ਼ੀ ਲਈ ਵੀ ਜ਼ਿੰਮੇਵਾਰ ਹਨ। ਇਸੇ ਲਈ ਹੀ ਉਹ ਉਨ੍ਹਾਂ ਨੂੰ ਪੰਥ ਦੀ ਦੁਸ਼ਮਣ ਪਾਰਟੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਖਡੂਰ ਸਾਹਿਬ ਤੋਂ ਭਾਰਤੀ ਫੌਜ ਦੇ ਸਾਬਕਾ ਜਨਰਲ ਜੇਜੇ ਸਿੰਘ ਨੂੰ ਟਿਕਟ ਦਿੱਤੀ ਹੈ ਤੇ ਉਨ੍ਹਾਂ ਦੀ ਆਪ ਆਗੂ ਭਗਵੰਤ ਮਾਨ ਅਤੇ ਹੋਰਾਂ ਨਾਲ ਆਉਂਦੇ ਇੱਕ ਦੋ ਦਿਨਾਂ ਅੰਦਰ ਅੱਗੇ ਦੀ ਰਣਨੀਤੀ ਤਹਿ ਕਰਨ ਲਈ ਮੀਟਿੰਗ ਹੋਣ ਜਾ ਰਹੀ ਹੈ। ਸੇਖਵਾਂ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਉਹ ਭਗਵੰਤ ਮਾਨ ਨੂੰ ਇਹ ਸਪੱਸ਼ਟ ਕਰਨ ਲਈ ਕਹਿਣਗੇ ਕਿ, ਕੀ ‘ਆਪ’ ਵਾਲੇ ਦੇਸ਼ ਵਿੱਚ ਕਿਤੇ ਵੀ ਕਾਂਗਰਸ ਨਾਲ ਆਉਣ ਵਾਲੇ ਸਮੇਂ ‘ਚ ਗੱਠਜੋੜ ਕਰਨ ਜਾ ਰਹੇ ਹਨ ਜਾਂ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਟਕਸਾਲੀ ਪਾਰਟੀ ਵੱਲੋਂ ਆਪ ਨਾਲ ਗੱਠਜੋੜ ਸਿਰੇ ਚੜ੍ਹਨ ‘ਤੇ ਵੀ ਬੀਰਦਵਿੰਦਰ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਵਜੋਂ ਉਤਾਰਿਆ ਜਾਵੇਗਾ ਤੇ ਉਨ੍ਹਾਂ ਦੀ ਪਾਰਟੀ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਕਿ ਬੀਰਦਵਿੰਦਰ ਦੀ ਉਮੀਦਵਾਰੀ ਉੱਥੋਂ ਵਾਪਸ ਲੈ ਲਈ ਜਾਵੇ।
ਦੱਸ ਦਈਏ ਕਿ ਅਨੰਦਪੁਰ ਸਾਹਿਬ ਤੋਂ ਹੀ ਆਮ ਆਦਮੀ ਪਾਰਟੀ ਨੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਵੀ ਚੋਣ ਲੜਾਉਣ ਲਈ ਹਰੀ ਝੰਡੀ ਦਿੱਤੀ ਹੋਈ ਹੈ, ਤੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਪਸੀ ਗੱਠਜੋੜ ਦੀ ਗੱਲਬਾਤ ਟਕਸਾਲੀਆਂ ਦੇ ਪੰਜਾਬ ਜ਼ਮਹੂਰੀ ਗੱਠਜੋੜ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਹੋਏ ਮੱਤਭੇਦਾਂ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਉਸ ਦੌਰਾਨ ਵੀ ਟਕਸਾਲੀ ਅਨੰਦਪੁਰ ਸਾਹਿਬ ਤੋਂ ਬੀਰਦਵਿੰਦਰ ਸਿੰਘ ਨੂੰ ਲੜਾਉਣਾ ਚਾਹੁੰਦੇ ਸਨ ਤੇ ਪੰਜਾਬ ਜਮਹੂਰੀ ਗੱਠਜੋੜ ਵਾਲੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਕਰਮ ਸਿੰਘ ਸੋਢੀ ਨੂੰ।