ਸੰਗਤ ਮੰਡੀ : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਛੱਡ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਪੰਜਾਬੀ ਏਕਤਾ ਪਾਰਟੀ ਬਣਾਏ ਜਾਣ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ। ਇਹ ਐਲਾਨ ਕੀਤੇ ਜਾਣ ਨੂੰ ਅਜੇ ਜੁੰਮਾ ਜੁੰਮਾ ਚੰਦ ਘੰਟੇ ਹੀ ਹੋਏ ਹਨ ਕਿ ਜਿਹੜੇ ਖਹਿਰਾ ਸਮਰਥਕ ਆਮ ਆਦਮੀ ਪਾਰਟੀ ਛੱਡ ਪੰਜਾਬੀ ਏਕਤਾ ਪਾਰਟੀ ਨਾਲ ਜੁੜੇ ਹਨ ਉਨ੍ਹਾਂ ਨੂੰ ਹੁਣ ਆਪ ਇੰਨੀ ਬੁਰੀ ਲੱਗਣ ਲੱਗ ਪਈ ਹੈ ਕਿ ਖਹਿਰਾ ਨਾਲ ਜੁੜਦਿਆਂ ਹੀ ਇੰਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਪਰਾਂ ਵਗਾਹ ਮਾਰਣ ਦੇ ਨਾਲ ਨਾਲ ਕੇਜਰੀਵਾਲ ਦੇ ਹੋਰਡਿੰਗ ਬੋਰਡਾਂ ਤੇ ਪੋਚੇ ਵੀ ਫੇਰਨੇ ਸ਼ੁਰੂ ਕਰ ਦਿੱਤੇ ਹਨ।
ਇਸ ਸਬੰਧ ਵਿੱਚ ਤੇਜ਼ੀ ਨਾਲ ਆ ਰਹੀਆਂ ਖਬਰਾਂ ਅਨੁਸਾਰ ਬਠਿੰਡਾ ਦਿਹਾਤੀ ਤੋਂ ਜਿੰਨ੍ਹਾਂ ਖਹਿਰਾ ਸਮਰਥਕਾਂ ਨੇ ਆਪ ਨੂੰ ਅਲਵਿਦਾ ਆਖਿਆ ਸੀ ਉਨ੍ਹਾਂ ਨੇ ਨਾ ਸਿਰਫ ਆਮ ਆਦਮੀ ਪਾਰਟੀ ਦੇ ਗੱਡੀਆਂ ਤੇ ਲੱਗੇ ਸਟੀਕਰ ਖੁਰਚ ਖੁਰਚ ਦੇ ਉਤਾਰ ਦਿੱਤੇ ਹਨ ਬਲਕਿ ਸ਼ਹਿਰਾਂ ਬਜ਼ਾਰਾਂ ਤ ਸੜਕਾਂ ਤੇ ਲੱਗੇ ਹੋਰਡਿੰਗ ਬੋਰਡਾਂ ਤੇ ਰੰਗ ਕਰਕੇ ਆਪ ਨਾਲ ਜੁੜੀਆਂ ਯਾਦਾਂ ਨੂੰ ਮਿਟਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਪੋਸਟਾਂ ਤੇ ਤਸਵੀਰਾਂ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਕੁਝ ਲੋਕਾਂ ਨੇ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਸਬੰਧੀ ਕੰਧਾਂ ਤੇ ਲਿਖੇ ਨਾਅਰਿਆਂ ਤੇ ਵੀ ਪੋਚਾ ਫੇਰ ਦਿੱਤਾ ਹੈ ਜਿਨ੍ਹਾਂ ਨੂੰ ਦੇਖ ਦੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ।