ਬਰਨਾਲਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਧਾਇਕ ਤਾਂ ਚੁਣੇ ਗਏ ਸਨ ਕਿਉਂਕਿ ਉਨ੍ਹਾਂ ਨੇ ਭੁਲੱਥ ਹਲਕੇ ਵਿੱਚ ਖਹਿਰਾ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜਿਹੜੇ ਖਹਿਰਾ ਅੱਜ ਇਹ ਕਹਿੰਦੇ ਫਿਰਦੇ ਹਨ ਕਿ ਉਨ੍ਹਾਂ ਦੀ ਜਿੱਤ ਵਿੱਚ ਮਾਨ ਦਾ ਕੋਈ ਰੋਲ ਨਹੀਂ ਹੈ ਤਾਂ ਫਿਰ ਉਹ ਖਹਿਰਾ ਉਨ੍ਹਾਂ (ਮਾਨ) ਨੂੰ ਭੁਲੱਥ ਅੰਦਰ ਵਾਰ ਵਾਰ ਰੈਲੀਆਂ ਕਰਨ ਲਈ ਕਿਉਂ ਕਹਿੰਦੇ ਸਨ। ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਖਹਿਰਾ ਨੇ ਇਹ ਸੀਟ ਆਪਣੇ ਦਮ ‘ਤੇ ਜਿੱਤੀ ਹੈ ਤਾਂ ਉਹ ਇੱਥੋਂ ਅਸਤੀਫਾ ਦੇਣ ਤੇ ਮੁੜ ਚੋਣ ਲੜਨ ਫਿਰ ਪਤਾ ਲੱਗੂ ਕੌਣ ਕਿੰਨੇ ਪਾਣੀ ‘ਚ ਹੈ। ਮਾਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਇਹ ਬਿਆਨ ਦਿੱਤਾ ਸੀ ਕਿ ਹਲਕਾ ਭੁਲੱਥ ਤੋਂ ਉਨ੍ਹਾਂ ਨੇ ਸੀਟ ਆਪਣੇ ਦਮ ‘ਤੇ ਜਿੱਤੀ ਸੀ, ਪਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਜਿੱਤ ਆਮ ਆਦਮੀ ਪਾਰਟੀ ਵਰਕਰਾਂ ਕਾਰਨ ਹੋਈ ਸੀ। ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ਟਕਸਾਲੀਆਂ ਨਾਲ ਆਪ ਦੇ ਗੱਠਜੋੜ ਦਾ ਫਾਇਨਲ ਫੈਸਲਾ ਸ਼ਨੀਵਾਰ ਦੇਰ ਸ਼ਾਮ ਤੱਕ ਲੈ ਲਿਆ ਜਾਵੇਗਾ।