ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਕੀਤਾ ਲੋਕਾਂ ਨੂੰ ਗੁੰਮਰਾਹ, ਹੁਣ ਦਿੰਦਾ ਫਿਰਦੈ ਸਫਾਈ ?

Prabhjot Kaur
6 Min Read

ਫਰੀਦਕੋਟ : ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡਾ ਧਮਾਕਾ ਹੋਇਆ ਹੈ।  ਇਹ ਧਮਾਕਾ ਪਾਇਆ ਹੈ ਇਸ ਖ਼ਬਰ ਨੇ, ਕਿ ਲੋਕਾਂ ਵੱਲੋਂ ਜਿਸ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਹਲਕਾ ਭੁਲੱਥ ਦੇ ਵਿਧਾਇਕ  ਸੁਖਪਾਲ ਸਿੰਘ ਖਹਿਰਾ ਨੂੰ ਮੰਨਿਆ ਜਾ ਰਿਹਾ ਸੀ, ਉਸ ਦੀ ਪ੍ਰਧਾਨਗੀ ਖਹਿਰਾ ਕੋਲ ਹੈ ਹੀ ਨਹੀਂ।  ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ, ਬਲਕਿ ਇਹ ਖੁਲਾਸਾ ਉਨ੍ਹਾਂ ਦਸਤਾਵੇਜਾਂ ਨੇ ਕੀਤਾ ਹੈ ਜਿਸ ਰਾਹੀਂ ਪੰਜਾਬ ਏਕਤਾ ਪਾਰਟੀ ਨੂੰ ਨਾਮਜਦ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਕੋਲ ਭੇਜਿਆ ਗਿਆ ਸੀ। ਉਨ੍ਹਾਂ ਦਸਤਾਵੇਜਾਂ ਅਨੁਸਾਰ ਇਸ ਪਾਰਟੀ ਦੀ ਪ੍ਰਧਾਨਗੀ ਉਸ ਸਨਕਦੀਪ ਸਿੰਘ ਸੰਧੂ ਕੋਲ ਹੈ ਜਿਸ ਨੂੰ ਇਹ ਪਾਰਟੀ ਬਣਾਏ ਜਾਣ ਵੇਲੇ ਸੁਖਪਾਲ ਖਹਿਰਾ ਨੇ ਆਪਣਾ ਸਿਆਸੀ ਸਕੱਤਰ ਨਿਯੁਕਤ ਕੀਤਾ ਸੀ। ਸਨਕਦੀਪ ਸੰਧੂ ਹੀ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਹੈ ਇਸ ਗੱਲ ਦੀ ਪੁਸ਼ਟੀ ਸੁਖਪਾਲ ਖਹਿਰਾ ਨੇ ਖੁਦ ਵੀ ਕਰ ਦਿੱਤੀ ਹੈ।

ਦਸ ਦਈਏ ਕਿ ਪੰਜਾਬ ਏਕਤਾ ਪਾਰਟੀ ਵਾਲਿਆਂ ਨੇ ਭਾਰਤ ਦੇ ਚੋਣ ਕਮਿਸ਼ਨ ਕੋਲ ਇਸ ਪਾਰਟੀ ਨੂੰ ਨਾਮਜਦ ਕਰਵਾਉਣ ਲਈ ਇੱਕ ਲਿਖਤੀ ਅਰਜ਼ੀ ਸਮੇਤ ਕੁਝ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਜਿਸ ਤੋਂ ਬਾਅਦ ਕਮਿਸ਼ਨ ਨੇ ਨਿਯਮਾਂ ਅਨੁਸਾਰ ਅੰਗਰੇਜ਼ੀ ਦੇ ਅਖਬਾਰ ‘ਦਾ ਹਿੰਦੂ’ ‘ਚ ਇਸ਼ਤਿਹਾਰ ਦੇ ਕੇ ਇਸ ਪਾਰਟੀ ਨੂੰ ਨਾਮਜਦ ਕਰਨ ਲਈ ਆਮ ਜਨਤਾ ਤੋਂ  19 ਮਾਰਚ ਤੱਕ ਇਤਰਾਜ਼ ਮੰਗੇ ਸਨ। ਜਿਉਂ ਹੀ ਇਹ ਇਸ਼ਤਿਹਾਰ ਅਖਬਾਰ ‘ਚ ਛਾਪਿਆ ਤਾਂ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਵਾਇਰਲ ਹੋ  ਗਿਆ। ਜਿਸ ਨੂੰ ਪੜ੍ਹ ਕੇ  ਇੱਕ ਦਮ ਇਹ ਗੱਲ ਸਾਰਿਆਂ ਦੇ ਧਿਆਨ ‘ਚ ਆ ਗਈ ਤੇ ਰੌਲਾ ਪੈ ਗਿਆ ਕਿ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਸੁਖਪਾਲ ਖਹਿਰਾ ਨਹੀਂ ਬਲਕਿ ਸਨਕਦੀਪ ਸਿੰਘ ਸੰਧੂ ਹੈ। ਦੱਸ ਦਈਏ ਕਿ ਸਨਕਦੀਪ ਸਿੰਘ ਸੰਧੂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਫਰੀਦਕੋਟ ਦਾ ਪ੍ਰਧਾਨ ਰਹਿ ਚੁੱਕਿਆ ਹੈ, ਤੇ ਜਿਸ ਵੇਲੇ ਸੁਖਪਾਲ ਖਹਿਰਾ ਨੇ ਆਪ ਨਾਲ ਬਗਾਵਤੀ ਸੁਰ ਅਪਣਾਏ ਸਨ ਤਾਂ ਸੰਧੂ ਵੀ ਆਪ ਦਾ ਸਾਥ ਛੱਡ ਕੇ ਖਹਿਰਾ ਦੇ ਨਾਲ ਹੋ ਤੁਰਿਆ ਸੀ। ਖਹਿਰਾ ਨੇ ਵੀ ਸੰਧੂ ਦੀ ਵਫਾਦਾਰੀ ਦਾ ਪੂਰਾ ਮੁੱਲ ਮੋੜਦਿਆਂ ਉਸ ਨੂੰ ਆਪਣਾ ਸਿਆਸੀ ਸਕੱਤਰ ਨਿਯੁਕਤ ਕਰ ਲਿਆ ਸੀ।

ਪੰਜਾਬ ਏਕਤਾ ਪਾਰਟੀ ਵਾਲਿਆਂ ਵੱਲੋਂ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਨਾਮਜ਼ਦ ਕਰਵਾਉਣ ਲਈ ਅਹੁਦੇਦਾਰਾਂ ਦੇ ਜਿਹੜੇ ਨਾਮ ਦਿੱਤੇ ਸਨ ਉਸ ਵਿੱਚ ਪ੍ਰਧਾਨ ਵਜੋਂ ਸਨਕਦੀਪ ਸੰਧੂ ਤੋਂ ਇਲਾਵਾ ਜਨਰਲ ਸਕੱਤਰ ਜਸਵੰਤ ਸਿੰਘ ਤੇ ਖਜਾਨਚੀ ਕੁਲਦੀਪ ਸਿੰਘ ਨੂੰ ਦਿਖਾਇਆ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਗਜ਼ਾਂ ਵਿੱਚ ਇਹ ਅਹੁਦੇਦਾਰੀਆਂ ਹੋਰਨਾਂ ਲੋਕਾਂ ਦੇ ਕੋਲ ਹੋਣ ਦੇ ਬਾਵਜੂਦ ਅੱਜ ਵੀ ਪਾਰਟੀ ਦੇ ਸਾਰੇ ਫੈਸਲੇ ਸੁਖਪਾਲ ਸਿੰਘ ਖਹਿਰਾ ਆਪ ਖੁਦ ਕਰ ਰਹੇ ਹਨ। ਇੱਥੋਂ ਤੱਕ ਕਿ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਏਕਤਾ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਅਤੇ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਕਰਨ ਆਦਿ ਦੇ ਸਾਰੇ ਕੰਮ ਸੁਖਪਾਲ ਸਿੰਘ ਖਹਿਰਾ ਹੀ ਅੱਗੇ ਹੋ ਕੇ ਕਰ ਰਹੇ ਹਨ। ਜਦਕਿ ਸੰਧੂ ਸਣੇ ਜਿਨ੍ਹਾਂ ਲੋਕਾਂ ਨੂੰ ਕਾਗਜਾਂ ਵਿੱਚ ਪਾਰਟੀ ਦੀ ਕਮਾਂਡ ਦਿੱਤੀ ਗਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਕਿਸੇ ਵੱਡੀ ਸਰਗਰਮੀ ਵਿੱਚ ਦਿਖਾਈ ਨਹੀਂ ਦਿੰਦਾ।

ਨਵੇਂ ਹੋਏ ਇਸ ਸਿਆਸੀ ਧਮਾਕੇ ਤੋਂ ਬਾਅਦ ਸਿਆਸੀ ਮਾਹਰਾਂ ਨੇ ਇਸ ਨੂੰ ਸੁਖਪਾਲ ਖਹਿਰਾ ਵੱਲੋਂ ਆਪਣੀ ਵਿਧਾਇਕੀ ਬਚਾਉਣ ਦੇ ਪੈਂਤਰੇ ਵੱਜੋਂ ਦੇਖਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਿਆਸ ਅਰਾਈਂਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਪਤਾ ਲਗਾਉਣ ਲਈ ਜਦੋਂ ਮੀਡੀਆ ਨੇ ਸਖਪਾਲ ਖਹਿਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਨਕਦੀਪ ਸੰਧੂ, ਜਸਵੰਤ ਸਿੰਘ ਤੇ ਕੁਲਦੀਪ ਸਿੰਘ ਦੇ ਹੱਥ ਪਾਰਟੀ ਦੀ ਕਮਾਂਡ ਹੋਣ ਦੀ ਗੱਲ ਮੰਨਦਿਆਂ ਕਿਹਾ ਕਿ ਪਾਰਟੀ ਨੂੰ ਕੋਈ ਵੀ ਆਗੂ ਚੋਣ ਕਮਿਸ਼ਨ ਕੋਲ ਨਾਮਜ਼ਦ ਕਰਵਾ ਸਕਦਾ ਹੈ ਜਿਸ ਵਿੱਚ ਕੁਝ ਵੀ ਗਲਤ ਨਹੀਂ ਹੈ। ਖਹਿਰਾ ਅਨੁਸਾਰ ਰਜ਼ਿਸ਼ਟ੍ਰੇਸ਼ਨ ਦੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਦਿੱਲੀ ਦੇ ਕਈ ਗੇੜੇ ਲਾਉਣੇ ਪੈਣੇ ਸਨ, ਤੇ ਸੱਚਾਈ ਇਹ ਹੈ ਕਿ ਉਨ੍ਹਾਂ ਕੋਲ ਇੰਨਾਂ ਸਮਾਂ ਨਹੀਂ ਹੈ ਕਿ ਉਹ ਆਪਣੇ ਰੁਝੇਵਿਆਂ ਨੂੰ ਛੱਡ ਕੇ ਇਹ ਕਾਗਜੀ ਕਰਵਾਈਆਂ ਪੂਰੀਆਂ ਕਰਵਾਉਣ। ਲਿਹਾਜਾ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਾਗਜਾਂ ਵਿੱਚ ਸਨਕਦੀਪ ਸੰਧੂ ਨੂੰ ਪ੍ਰਧਾਨ ਦੇ ਤੌਰ ‘ਤੇ ਦਿਖਾਇਆ ਗਿਆ ਹੈ, ਤੇ ਇਸ ਲਈ ਉਨ੍ਹਾਂ ਨੇ ਐਡਹਾਕ ਪ੍ਰਧਾਨਗੀ ਕਬੂਲ ਕੀਤੀ ਹੈ। ਖਹਿਰਾ ਨੇ ਕਿਹਾ ਹੈ ਕਿ ਇੱਕ ਵਾਰ ਜਦੋਂ ਪਾਰਟੀ ਚੋਣ ਕਮਿਸ਼ਨ ਕੋਲ ਨਾਮਜ਼ਦ ਹੋ ਗਈ ਤਾਂ ਉਸ ਤੋਂ ਬਾਅਦ ਰੁਟੀਨ ਵਿੱਚ ਅਹੁਦੇਦਾਰੀਆਂ ਬਦਲ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੇ ਟਿਕਟਾਂ ਦੀ ਵੰਡ ਨਹੀਂ ਕੀਤੀ ਹੈ, ਸਭ ਤੋਂ ਪਹਿਲਾਂ 7 ਮਾਰਚ ਵਾਲੇ ਦਿਨ ਸਪੀਕਰ ਕੋਲ ਜਾ ਕੇ ਅਸਤੀਫੇ ਵਾਲੀ ਕਾਰਵਾਈ ਮੁਕੱਮਲ ਕਰਵਾਉਣਗੇ ਉਸ ਤੋਂ ਬਾਅਦ ਅਗਲੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ। ਖਹਿਰਾ ਅਨੁਸਾਰ ਉਨ੍ਹਾਂ ਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਹੈ।

- Advertisement -

ਜੀ ਹਾਂ ਖਹਿਰਾ ਨੇ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਹੈ ਪਰ ਇਸ ਦੇ ਬਾਵਜੂਦ ਪਿਛਲੇ ਲੰਮੇ ਸਮੇਂ ਤੋਂ ਸਾਰਾ ਮੀਡੀਆ ਤੇ ਖਹਿਰੇ ਦੇ ਸਮਰਥਕਾਂ ਤੋਂ ਇਲਾਵਾ ਰਾਜਨੀਤੀ ਦੀ ਸਮਝ ਰੱਖਣ ਵਾਲੇ ਲੋਕ ਜ਼ੁਬਾਨੀ ਅਤੇ ਕਾਗਜੀ ਕਾਰਵਾਈਆਂ ਵਿੱਚ ਖਹਿਰਾ ਨੂੰ ਹੀ ਇਸ ਪਾਰਟੀ ਦਾ ਪ੍ਰਧਾਨ ਮੰਨਦੇ ਆਏ ਹਨ ਤੇ ਉਨ੍ਹਾਂ ਨੇ ਖਹਿਰਾ ਨੂੰ ਹੀ ਪ੍ਰਧਾਨ ਵਜੋਂ ਸੰਬੋਧਨ ਕੀਤਾ ਹੈ। ਪਰ ਇਸ ਦੇ ਬਾਵਜੂਦ ਸੁਖਪਾਲ ਖਹਿਰਾ ਨੇ ਇੱਕ ਵਾਰ ਵੀ ਕਿਸੇ ਨੂੰ ਇਹ ਕਹਿ ਕੇ ਸਫਾਈ ਨਹੀਂ ਦਿੱਤੀ ਕਿ ਪਾਰਟੀ ਦੀ ਪ੍ਰਧਾਨਗੀ ਉਨ੍ਹਾਂ ਕੋਲ ਨਹੀਂ ਬਲਕਿ ਸਨਕਦੀਪ ਸੰਧੂ ਕੋਲ ਹੈ ਜੋ ਆਪਣੇ ਆਪ ਵਿੱਚ ਕਈ ਸਵਾਲਾਂ ਨਾਲ ਮੂੰਹ ਅੱਡ ਕੇ ਜਵਾਬ ਮੰਗ ਰਹੀ ਹੈ।

 

Share this Article
Leave a comment