ਚੰਡੀਗੜ੍ਹ : ਹੁਣ ਤੱਕ ਤਾਂ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਆਪਣੇ ਸੰਬੋਧਨਾਂ ਦੌਰਾਨ ਫਿਸਲੀ ਜ਼ੁਬਾਨ ਕਾਰਨ ਚਰਚੇ ਰਹਿੰਦੇ ਆਏ ਹਨ, ਪਰ ਚੋਣਾਂ ਦੇ ਇਸ ਮੌਸਮ ਵਿੱਚ ਇਹ ਲਾਗ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਵੀ ਲੱਗਦੀ ਹੋਈ ਦਿਖਾਈ ਦੇ ਰਹੀ ਹੈ। ਅੱਜ ਜਿੱਥੇ ਪੂਰਾ ਦੇਸ਼ ਭਰ ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ, ਉੱਥੇ ਸੁਖਪਾਲ ਖਹਿਰਾ ਫਿਰੋਜ਼ਪੁਰ ਤੋਂ ਹੁਸ਼ੈਨੀਵਾਲਾ ਤੱਕ ਕੱਢੇ ਜਾ ਰਿਹੇ ਰੋਡ ਸੋਅ ਦੌਰਾਨ ਇੱਕ ਵਾਰ ਫਿਰ ਫੇਸਬੁੱਕ ਲਾਈਵ ਹੋਏ ਤੇ ਆਪਣੇ ਅੱਜ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਹਿ ਬੈਠੇ ਕਿ ਉਹ ਸ਼ਹੀਦੀ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਜਾ ਰਹੇ ਹਨ ।ਭਾਂਵੇ ਕਿ ਖਹਿਰਾ ਦੇ ਮੂੰਹੋਂ ਇਹ ਗੱਲ ਅਣਜਾਣੇ ਵਿੱਚ ਨਿਕਲ ਗਈ ਪਰ ਜਿਉਂ ਹੀ ਇਹ ਵੀਡੀਓ ਵਾਇਰਲ ਹੋਈ ਚਾਰੇ ਪਾਸੇ ਲੋਕਾਂ ਦੀਆਂ ਅਲੱਗ ਅਲੱਗ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਿਸੇ ਨੇ ਇਸ ਗੱਲ ਦਾ ਮਜ਼ਾਕ ਉਡਾਇਆ ਤੇ ਕਿਸੇ ਨੇ ਇਸ ਨੂੰ ਮਹਿਜ਼ ਇੱਕ ਅਣਜਾਣੇ ‘ਚ ਹੋਈ ਗਲਤੀ ਕਰਾਰ ਦੇ ਕੇ ਉਨ੍ਹਾਂ ਲੋਕਾਂ ਦੀ ਝਾੜ-ਝੰਬ ਕੀਤੀ ਜਿਹੜੇ ਇਸ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਜਿਹੇ ਵਿੱਚ ਕੁਝ ਅਜਿਹੇ ਵੀ ਨਿਕਲੇ ਜਿਨ੍ਹਾਂ ਨੇ ਬੜੀਆਂ ਸੁਲਝੀਆਂ ਸੁਲਝੀਆਂ ਗੱਲਾਂ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਇਹੋ ਜਿਹੇ ਆਗੂ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਹਨ ਤੇ ਜੇਕਰ ਇਨ੍ਹਾਂ ਲੋਕਾਂ ਨੂੰ ਆਪਣੇ ਸ਼ਹੀਦਾਂ ਬਾਰੇ ਸਹੀ ਜਾਣਕਾਰੀ ਨਹੀਂ ਹੈ ਤਾਂ ਬਾਕੀ ਸਮਾਜ ਦਾ ਤਾਂ ਰੱਬ ਰਾਖਾ ਹੈ। ਬਹਿਰਹਾਲ ਮਾਮਲਾ ਭਖਣ ਤੋਂ ਬਾਅਦ ਹੁਣ ਖਾਹਿਰਾਂ ਨੇ ਇਹ ਵੀਡੀਓ ਆਪਣੇ ਫ਼ੇਸਬੁੱਕ ਪੇਜ ਤੋਂ ਤਾਂ ਹਟਾ ਲਈ ਹੈ ਪਰ ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਨੇ ਇਸ ਨੂੰ ਤੁਰੰਤ ਡਾਊਨਲੋਡ ਕਰਕੇ ਅੱਗੇ ਵਾਇਰਲ ਕਰ ਦਿੱਤਾ ਹੈ। ਸਿਆਣੇ ਸੱਚ ਹੀ ਕਹਿੰਦੇ ਨੇ ਕਿ ਚੋਣਾਂ ਮੌਕੇ ਲੋਕ ਆਪਣੇ ਵਿਰੋਧੀਆਂ ਦੀਆਂ ਗੱਲਾਂ ਵੱਲ ਇੰਝ ਝਾਕ ਰੱਖਦੇ ਨੇ, ਜਿਵੇਂ ਉੱਠ ਥੱਲੇ ਖੜ੍ਹਾ ਕੁੱਤਾ ਉਸਦੇ ਹੇਠਾਂ ਵੱਲ ਸੁਭਾਵਕ ਲਟਕਦੇ ਬੁੱਲ੍ਹ ਵੱਲ ਝਾਕਦਾ ਹੋਵੇ ਕਿ ਇਹ ਕਦੋਂ ਡਿੱਗੇਗਾ ਤੇ ਉਹ ਕਦੋ ਖਾਵੇਗਾ।