Home / ਓਪੀਨੀਅਨ / ਖਹਿਰਾ ਤੇ ਬੈਂਸ ਦੀ ਦੋਸਤੀ ਤੋੜਨ ‘ਤੇ ਤੁਲੇ ਟਕਸਾਲੀ ਤੇ ‘ਆਪ’ ਵਾਲੇ ? ਇਤਿਹਾਸ ਵੀ ਗਵਾਹ ਹੈ ਸਿਆਸਤ ਨੇ ਤਾਂ ਸਕੇ ਰਿਸਤੇ ਖਾ ਲਏ ਇਹ ਤਾਂ ਫਿਰ ਦੋਸਤੀ ਹੈ, ਵੇਖੋ ਕੀ ਬਣਦੈ !

ਖਹਿਰਾ ਤੇ ਬੈਂਸ ਦੀ ਦੋਸਤੀ ਤੋੜਨ ‘ਤੇ ਤੁਲੇ ਟਕਸਾਲੀ ਤੇ ‘ਆਪ’ ਵਾਲੇ ? ਇਤਿਹਾਸ ਵੀ ਗਵਾਹ ਹੈ ਸਿਆਸਤ ਨੇ ਤਾਂ ਸਕੇ ਰਿਸਤੇ ਖਾ ਲਏ ਇਹ ਤਾਂ ਫਿਰ ਦੋਸਤੀ ਹੈ, ਵੇਖੋ ਕੀ ਬਣਦੈ !

ਚੰਡੀਗੜ੍ਹ: ਇੰਝ ਜਾਪਦਾ ਹੈ ਜਿਵੇਂ ਆਉਣ ਵਾਲੇ ਸਮੇਂ ਵਿੱਚ ਟਕਸਾਲੀਆਂ ਅਤੇ ‘ਆਮ ਆਦਮੀ ਪਾਰਟੀ ਵਾਲਿਆਂ ਨੂੰ ਮਿਲਾ ਕੇ ਮਹਾਂ ਗਠਜੋੜ ਬਣਾਏ ਜਾਣ ਦਾ ਮੁੱਦਾ ਸੁਖਪਾਲ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਦੀ ਸਾਲਾਂ ਪੁਰਾਣੀ ਦੋਸਤੀ ਟੁੱਟਣ ਦਾ ਕਾਰਨ ਬਨਣ ਜਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਸੁਖਪਾਲ ਖਹਿਰਾ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਟਕਸਾਲੀਆਂ ਦੇ ਨਾਲ ਮਿਲ ਕੇ ਬਣਾਏ ਜਾਣ ਵਾਲੇ ਮਹਾਂ ਗਠਜੋੜ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਜਾਵੇ ਉੱਥੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਇਸ ਗੱਲ ਤੇ ਅੜ ਗਏ ਹਨ ਕਿ ਉਹ ਉਸ ਗਠਜੋੜ ਵਿੱਚ ਸ਼ਾਮਲ ਨਹੀਂ ਹੋਣਗੇ ਜਿਸ ਵਿੱਚ ‘ਆਪ’ ਵਾਲੇ ਕਦਮ ਰੱਖਣਗੇ। ਅਜਿਹੇ ਵਿੱਚ ਹਲਾਤ ਅਜਿਹੇ ਬਣ ਗਏ ਹਨ ਕਿ ਸਿਆਸੀ ਵਿਸ਼ਲੇਸ਼ਕਾਂ ਨੂੰ ਇਹ ਮਾਮਲਾ ਖਹਿਰਾ ਅਤੇ ਬੈਂਸ ਦੀ ਦੋਸਤੀ ਲਈ ਘਾਤਕ ਦਿਖਣ ਲੱਗ ਪਿਆ ਹੈ। ਤੇਜ਼ੀ ਨਾਲ ਬਦਲ ਰਹੇ ਹਲਾਤਾਂ ਤੇ ਜੇਕਰ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਜਿਸ ਵੇਲੇ ਪੰਜਾਬ ਜ਼ਮਹੂਰੀ ਗੰਠਜੋੜ ਦਾ ਗਠਨ ਹੋਇਆ ਸੀ ਤਾਂ ਉਸ ਵੇਲੇ ਖਹਿਰਾ ਅਤੇ ਬੈਂਸ ਨੇ ਸਟੇਜ਼ਾਂ ਤੋਂ ਸਭ ਤੋਂ ਵੱਧ ‘ਆਮ ਆਦਮੀ ਪਾਰਟੀ’ ਵਾਲਿਆਂ ਨੂੰ ਹੀ ਭੰਡਿਆ ਸੀ, ਤੇ ਹੁਣ ਖਹਿਰਾ ਨੇ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਇੱਕਦਮ ਪਾਲਾ ਬਦਲਦਿਆਂ ਪੰਜਾਬ ਜ਼ਮਹੂਰੀ ਗਠਜੋੜ ਵਿੱਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਆਪਣੇ ਬਿਆਨਾਂ ਰਾਹੀਂ ਸੈਨਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਵੇਖਣ ਵਾਲੀ ਗੱਲ ਇਹ ਰਹੀ ਹੈ ਕਿ ਸਿਮਰਜੀਤ ਸਿੰਘ ਬੈਂਸ ਜਿਸ ਸਟੈਂਡ ਤੇ ਪਹਿਲਾਂ ਖੜ੍ਹੇ ਸੀ ਉਸੇ ਸਟੈਂਡ ਤੇ ਅੱਜ ਵੀ ਖੜ੍ਹੇ ਹਨ। ਜਿਸ ਸੁਰਤਾਲ ਨਾਲ ਉਹ ‘ਆਪ’ ਵਾਲਿਆਂ ਪਹਿਲਾਂ ਭੰਡਿਆ ਕਰਦੇ ਸਨ ਉਨ੍ਹਾਂ ਦਾ ਸੁਰ ਤੇ ਤਾਲ ਅੱਜ ਵੀ ਉਹ ਹੀ ਹੈ। ਬਦਲੇ ਹਨ ਤਾਂ ਸਿਰਫ ਖਹਿਰਾ। ਅਜਿਹੇ ਵਿੱਚ ਜੇਕਰ ਖਹਿਰਾ ਤੇ ਬੈਂਸ ਨੇ ਆਪੋ ਆਪਣੇ ਮੌਜੂਦਾ ਸਟੈਂਡ ਕਾਇਮ ਰੱਖੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿਆਸਤ ਦੇ ‘ਧਰਮਵੀਰ’ ਦੀ ਇਹ ਜੋੜੀ ਜੋ ਕਿਸੇ ਤੋਂ ਤੋੜਿਆਂ ਵੀ ਨਹੀਂ ਟੁੱਟ ਰਹੀ ਸੀ ਆਪਣੇ ਸਟੈਂਡ ਅਤੇ ਵੋਟਾਂ ਦੇ ਲਾਲਚ ਕਾਰਨ ਖੇਰੂ ਖੇਰੂ ਹੁੰਦੀ ਦਿਖਾਈ ਦੇਵੇਗੀ। ਇੱਥੇ ਇਹ ਵੀ ਦੱਸ ਦਈਏ ਕਿ ਜਿਸ ਵੇਲੇ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਵਾਲੇ ਆਹੁਦੇ ਤੋਂ ਹਟਾਇਆ ਸੀ ਤਾਂ ਉਸ ਵੇਲੇ ‘ਆਪ’ ਦੇ ਸਮਰਥਕ ਵੀ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ। ਵੱਡੀ ਗਿਣਤੀ ਵਿੱਚ ਆਪ ਸਮਰਥਕਾਂ ਨੇ ਸੁਖਪਾਲ ਖਹਿਰਾ ਦਾ ਸਾਥ ਦਿੱਤਾ, ਤੇ ਦੂਜੇ ਪਾਸੇ ਭਗਵੰਤ ਮਾਨ ਧੜੇ ਦੇ ‘ਆਪ’ ਸਮਰਥਕਾਂ ਨੇ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਨੂੰ ਆਰਐਸ ਐਸ ਵਾਲਿਆਂ ਦੀ ਸਮੂਲੀਅਤ ਤੱਕ ਕਰਾਰ ਦੇ ਦਿੱਤਾ ਸੀ। ਜਿਸ ਤੋਂ ਬਾਅਦ ਮਾਮਲਾ ਇੱਥੋਂ ਤੱਕ ਭੜਕ ਗਿਆ ਕਿ ‘ਆਪ’ ਦੇ ਹੀ ਸਮਰਥਕਾਂ  ਨੇ ਭਗਵੰਤ ਮਾਨ ਨੂੰ ਜਦੋਂ ਇੱਕ ਪਿੰਡ ਦੀ ਫੇਰੀ ਦੌਰਾਨ ਘੇਰਿਆ, ਤਾਂ ਮਾਨ ਨੇ ਭੜਕ ਕੇ ਉਨ੍ਹਾਂ ‘ਆਪ’ ਸਮਰਥਕਾਂ ਤੇ ਇਹ ਕਹਿੰਦੀਆਂ ਦੋਸ਼ ਲਾਏ ਕਿ ਇਹ ਸਾਰੇ ਖਹਿਰਾ ਦੇ ਲੋਕ ਹਨ। ਇੱਥੋਂ ਤੱਕ ਕਿ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਘੇਰਨ ਵਾਲੇ ਆਪਣੀ ਹੀ ਪਾਰਟੀ ਦੇ ਸਮਰਥਕਾਂ ਵਿਰੁੱਧ ਪਰਚਾ ਤੱਕ ਦਰਜ਼ ਕਰਵਾ ਦਿੱਤਾ ਗਿਆ । ਜਿੰਨ੍ਹਾਂ ਬਾਰੇ ਬਾਅਦ ਵਿੱਚ ਉਦੋਂ ਖੁਲਾਸਾ ਹੋਇਆ ਕਿ ਇਹ ਖਹਿਰਾ ਸਮਰਥਕ ਹਨ, ਜਦੋਂ ਸੁਖਪਾਲ ਖਹਿਰਾ ਨੇ ਉਨ੍ਹਾਂ ਲੋਕਾਂ ਲਈ ਪੁਲਿਸ ਕੋਲੋਂ ਇੰਨਸਾਫ ਦੀ ਮੰਗ ਕਰਦਿਆਂ ਭਗਵੰਤ ਮਾਨ ਵਿਰੁੱਧ ਕਈ ਤਰਕ ਦਿੱਤੇ। ਹੁਣ ਹਲਾਤ ਬੇਸ਼ੱਕ ਖਹਿਰਾ ਲਈ ਬਦਲ ਗਏ ਹੋਣ ਪਰ ਜਿਹੜੇ ਲੋਕ ਇੰਨ੍ਹਾਂ ਆਗੂਆਂ ਪਿੱਛੇ ਝੰਡੇ ਚੁੱਕ ਕੇ ਆਪਸ ਵਿੱਚ ਲੜ ਮਰ ਰਹੇ ਸਨ, ਕੀ ਉਹ ਉਸ ਵੇਲੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਨਹੀਂ ਕਰਨਗੇ, ਜਦੋਂ ਇਨ੍ਹਾਂ ਆਗੂਆਂ ਨੇ ਆਪਸ ਵਿੱਚ ਗਠਜੋੜ ਵਾਲੀ ਗਾਟੀ ਪਾ ਲਈ? ਅਜਿਹੇ ਵਿੱਚ ਸਿਆਸੀ ਵਿਸ਼ਲੇਸ਼ਕ ਜਿੱਥੇ ਖਹਿਰਾ ਦੇ ਇਸ ਕਦਮ ਦੀ ਨਿੰਦਾ ਕਰ ਰਹੇ ਹਨ, ਉੱਥੇ ਉਹ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਵੱਲੋਂ ਆਪਣੇ ਸਟੈਂਡ ਤੇ ਕਾਇਮ ਰਹਿਣ ਲਈ ਉਨ੍ਹਾ ਦੀ ਸ਼ਲਾਘਾ ਕਰਨੋ ਵੀ ਪਿੱਛੇ ਨਹੀਂ ਹੱਟਦੇ। ਇਸ ਤੋਂ ਇਲਾਵਾ ਟਕਸਾਲੀ ਵੀ ਭਾਵੇਂ ਇਸ ਗੱਠਜੋੜ ਵਿੱਚ ਸ਼ਾਮਲ ਤਾਂ ਹੋਣਾ ਚਾਹੁੰਦੇ ਹਨ, ਪਰ ਦੂਜੇ ਪਾਸੇ ਉਨ੍ਹਾਂ ਨੂੰ ਭਗਵੰਤ ਮਾਨ ਹੋਰੀਂ ਵੀ ਆਪਣੀਆਂ ਵੋਟਾਂ ਦਾ ਲਾਲਚ ਦਿਖਾ ਰਹੇ ਹਨ। ਪੰਜਾਬ ਦੀ ਇੱਕ ਹੋਰ ਸਿਆਸੀ ਜ਼ਮਾਤ ਬਹੁਜਨ ਸਮਾਜ ਪਾਰਟੀ ਵੀ ਇਸ ਗੱਠਜੋੜ ਦਾ ਹਿੱਸਾ ਬਣਨ ਦੀ ਚਾਹਣਾ ਰੱਖਦੀ ਹੈ। ਪਰ ਆਪ ਵਾਲੇ ਸਿਰਫ ਟਕਸਾਲੀਆਂ ਵੱਲ ਹੀ ਸਿਆਸੀ ਗਾਟੀ ਘੁੰਮਾ ਰਹੇ ਹਨ। ਹੁਣ ਇਹ ਤੇਜ਼ੀ ਨਾਲ ਘੁੰਮ ਰਹੀਆਂ ਸਿਆਸੀ ਗਾਟੀਆਂ ਤੇ ਬੈਂਸ ਦਾ ਇੰਨ੍ਹਾਂ ਸਾਰਿਆਂ ਨਾਲੋ ਅਲੱਗ ਸੁਰ ਫੜਨਾ, ਬੈਂਸ ਅਤੇ ਖਹਿਰਾ ਦੇ ਰਿਸਤੇ ਲਈ ਖਤਰੇ ਦੀ ਘੰਟੀ ਵਜਾ ਰਿਹਾ ਹੈ। ਐਸੇ ਮੌਕੇ ਸਿਆਸੀ ਮਾਹਰ ਕਹਿੰਦੇ ਹਨ ਕਿ ਜੇ ਖਹਿਰਾ ਤੇ ਬੈਂਸ ਸਿਆਣੇ ਹੋਏ, ਤਾਂ ਸਿਰਫ ਉਹ ਕਦਮ ਚੁੱਕਣਗੇ ਜਿਸ ਨਾਲ ਦੋਸਤੀ ਵੀ ਕਾਇਮ ਰਹੇ, ਤੇ ਲੋਕ ਭਲਾ ਵੀ। ਪਰ ਇਤਿਹਾਸ ਗਵਾਹ ਹੈ, ਕਿ ਸਿਆਸਤ ਅਤੇ ਸੱਤਾ ਨੇ ਤਾਂ ਸਕੇ ਰਿਸਤਿਆਂ ਨੂੰ ਖਾ ਲਿਆ ਸੀ, ਖਹਿਰਾ ਤੇ ਬੈਂਸ ਦੀ ਤਾਂ ਅਜੇ ਫਿਰ ਕੁਝ ਸਾਲਾਂ ਦੀ ਦੋਸਤੀ ਹੀ ਹੈ। ਰੱਬ ਭਲਾ ਕਰੇ।

Check Also

 ਸੁਖਬੀਰ ਸਿੰਘ ਬਾਦਲ ਨੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦਾ ਵੇਰਕਾ ਵਿਖੇ ਅੰਤਿਮ ਸਸਕਾਰ ਰੋਕੇ ਜਾਣ ਦਾ ਸਖ਼ਤ ਨੋਟਿਸ ਲਿਆ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੁੱਝ ਸਮਾਜ ਵਿਰੋਧੀ …

Leave a Reply

Your email address will not be published. Required fields are marked *