ਚੰਡੀਗੜ੍ਹ – ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਜੋ ਕਿਆਸਰਾਈਆਂ ਲੱਗ ਰਹੀਆਂ ਸਨ, ਉਨ੍ਹਾਂ ਨੂੰ ਅੱਜ ਠੱਲ੍ਹ ਪੈ ਗਈ ਹੈ। ਮਜੀਠੀਆ ਹੁਣ ਸਿਰਫ਼ ਇਕ ਹੀ ਸੀਟ ਤੋਂ ਚੋਣਾਂ ਲੜਨਗੇ।
ਮਜੀਠੀਆ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਕਿ ਉਹ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ ਤੇ ਦੂਜੀ ਸੀਟ ਮਜੀਠਾ ਹਲਕਾ ਤੋਂ ਉਨ੍ਹਾਂ ਦੀ ਪਤਨੀ ਗੁਨੀਵ ਕੌਰ ਲੜਨਗੇl ਮਜੀਠੀਆ ਦੇ ਇਸ ਫੈਸਲੇ ਨੂੰ ਇਸ ਤਰੀਕੇ ਨਾਲ ਵੀ ਵੇਖਿਆ ਜਾ ਰਿਹਾ ਹੈ ਕਿ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਸਿੱਧੂ ਨੇ ਬਿਕਰਮ ਮਜੀਠੀਆ ਨੂੰ ਚੈਲੰਜ ਕੀਤਾ ਸੀ ਕਿ ਜੇਕਰ ਉਨ੍ਹਾਂ ਚ ਹਿੰਮਤ ਹੈ ਤਾਂ ਸਿਰਫ਼ ਇੱਕ ਸੀਟ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ।
ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਚ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਜਿੰਨੀਆਂ ਵੀ ਚੋਣਾਂ ਲੜੀਆਂ ਜਾਂ ਫਿਰ ਚੋਣਾਂ ‘ਚ ਆਪਣੀ ਪਾਰਟੀ ਲਈ ਕੰਮ ਕੀਤਾ , ਉਨ੍ਹਾਂ ਦੇ ਪਰਿਵਾਰ ਨੇ ਅਰਦਾਸਾਂ ਤਾਂ ਜ਼ਰੂਰ ਕੀਤੀਆਂ ਪਰ ਕਦੇ ਵੀ ਆਪ ਜਨਤਕ ਹੋ ਕੇ ਚੋਣਾਂ ਚ ਹਿੱਸਾ ਨਹੀਂ ਲਿਆ । ਮਜੀਠੀਆ ਨੇ ਕਿਹਾ “ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਆਪਣਾ ਫ਼ਰਜ਼ ਨਿਭਾ ਰਿਹਾ ਹਾਂ । ਪਿਛਲੇ ਦਿਨੀਂ ਮੈਨੂੰ ਇਹ ਸਵਾਲ ਕੀਤੇ ਗਏ ਕਿ ਜੇਕਰ ਤੁਸੀਂ ਦੋਨੋਂ ਸੀਟਾਂ ਤੋਂ ਜਿੱਤ ਜਾਂਦੇ ਹੋ ਤਾਂ ਕਿਹੜਾ ਹਲਕਾ ਚੁਣੋਗੇ।” ਮਜੀਠੀਆ ਨੇ ਕਿਹਾ ਕਿ ਸੰਵਿਧਾਨ ਤੇ ਕਾਇਦੇ ਮੁਤਾਬਕ, ਤਕਨੀਕੀ ਤੌਰ ਤੇ, ਜੇ ਕੋਈ ਵੀ ਉਮੀਦਵਾਰ ਦੋ ਸੀਟਾਂ ਤੇ ਜਿੱਤ ਹਾਸਲ ਕਰਦਾ ਹੈ ਤਾਂ ਉਹਨੂੰ ਇਕ ਸੀਟ ਛੱਡਣੀ ਪੈਂਦੀ ਹੈ।
ਇਸ ਕਰਕੇ ਉਨ੍ਹਾਂ ਨੇ ਆਪਣਾ ਫਰਜ਼ ਸਮਝਿਆ ਕਿ ਭੁਲੇਖੇ ਚ ਰੱਖਣ ਤੋਂ ਚੰਗਾ ਇਹੋ ਹੈ ਕਿ ਉਹ ਇਕ ਸੀਟ ਤੇ ਹੀ ਚੋਣ ਲੜਨ ਦਾ ਫੈਸਲਾ ਲੈ ਲੈਣ। ਉਨ੍ਹਾਂ ਨੇ ਕਿਹਾ ਕਿ ਮਜੀਠਾ ਹਲਕਾ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਅਕਾਲੀ ਦਲ ਵੱਲੋਂ ਜਿਸ ਦਿਨ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਉਸੇ ਦਿਨ ਤੋਂ ਬਾਅਦ ਇਹ ਹਲਕਾ ਪੰਜਾਬ ਦੀ ਇੱਕੋ ਇੱਕ ਹਾਟ ਸੀਟ ਵਜੋਂ ਵੇਖਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਹਨ ਤੇ ਇਸ ਸੀਟ ਨੂੰ ਜਿੱਤਣਾ ਦੋਨਾਂ ਦੇ ਵਕਾਰ ਦਾ ਸਵਾਲ ਬਣਿਆ ਹੋਇਆ ਹੈ।
- Advertisement -
ਜਿੱਥੇ ਇੱਕ ਪਾਸੇ ਮਜੀਠੀਆ ਤੇ ਹੋਏ ਡਰੱਗ ਮਾਮਲੇ ‘ਚ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਗ੍ਰਿਫ਼ਤਾਰੀ ਤੇ ਰੋਕ ਲਾਈ ਹੈ ਉਸ ਦੇ ਨਾਲ ਹੀ 23 ਫ਼ਰਵਰੀ ਨੂੰ ਮੋਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹੋਏ ਹਨ ਤੇ ਉਸ ਤੋਂ ਬਾਅਦ ਪੱਕੀ ਜ਼ਮਾਨਤ ਦੀ ਅਰਜ਼ੀ ਮੁਹਾਲੀ ਕੋਰਟ ਚ ਦਾਖ਼ਲ ਕਰਨ ਲਈ ਕਿਹਾ ਹੈ। ਉਧਰ ਬੀਤੇ ਦਿਨੀਂ ਨਵਜੋਤ ਸਿੱਧੂ ਦੀ ਭੈਣ ਵੱਲੋਂ ਸਿੱਧੂ ਖ਼ਿਲਾਫ਼ ਇਲਜ਼ਾਮਾਂ ਦਾ ਪਟਾਰਾ ਖੋਲ੍ਹਣ ਦੇ ਬਾਅਦ ਇੱਕ ਵਾਰ ਫੇਰ ਮਜੀਠੀਆ ਤੇ ਸਿੱਧੂ ਸ਼ਬਦੀ ਜੰਗ ਵਿੱਚ ਉਲਝਦੇ ਨਜ਼ਰ ਆਏ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਚ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਅਜਿਹੇ ਦੋ ਉਮੀਦਵਾਰ ਹਨ ਜਿਨ੍ਹਾਂ ਦੀਆਂ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਦੋ ਸੀਟਾਂ ਤੇ ਚੋਣਾਂ ਲੜਾਈਆਂ ਜਾ ਰਹੀਆਂ ਸਨ। ਪਰ ਅੱਜ ਬਿਕਰਮ ਮਜੀਠੀਆ ਨੇ ਇੱਕ ਸੀਟ ਤੋਂ ਹੀ ਚੋਣ ਲੜਨ ਦਾ ਫ਼ੈਸਲਾ ਲੈ ਲਿਆ ਹੈ।