ਖਹਿਰਾ ਤੇ ਬੀਐਸਪੀ ਦਾ ਪੈ ਗਿਆ ਰੌਲਾ, ਖਹਿਰਾ ਕਹਿੰਦੇ ਮਾਇਆਵਤੀ ਦੀ ਪੀਐਮ ਉਮੀਦਵਾਰੀ ‘ਤੇ ਅਜੇ ਫੈਸਲਾ ਨਹੀਂ, ਬੀਐਸਪੀ ਵਾਲੇ ਕਹਿੰਦੇ ਝੂਠ ਬੋਲਦੇ ਨੇ ਖਹਿਰਾ

Prabhjot Kaur
3 Min Read

ਚੰਡੀਗੜ੍ਹ : ਸੂਬੇ ‘ਚ ਤੀਜਾ ਫਰੰਟ ਉਸਾਰਨ ਲਈ ਜਿੱਥੇ ਜੋਰਾਂ ਸ਼ੋਰਾਂ ਨਾਲ ਯਤਨ ਜਾਰੀ ਨੇ, ਤੇ ਇਸ ਤਹਿਤ ਜਿੱਥੇ ਖਹਿਰਾ, ਟਕਸਾਲੀ ਅਕਾਲੀ, ਬੈਂਸ ਭਰਾ, ਡਾਕਟਰ ਗਾਂਧੀ ਤੇ ਬਹੁਜਨ ਸਮਾਜ ਪਾਰਟੀ ਵਾਲੇ ਸੁਹਿਰਦ ਯਤਨ ਕਰਨ ਦਾ ਦਾਅਵਾ ਕਰ ਰਹੇ ਨੇ ਉੱਥੇ ਇਸ ਤੀਜੇ ਫਰੰਟ ਦੀ ਭਵਿੱਖ ਵਿੱਚ ਕਾਮਯਾਬੀ ‘ਤੇ ਵੀ ਹੁਣ ਤੋਂ ਹੀ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ । ਇਹ ਸਭ ਸ਼ੁਰੂ ਹੋਇਆ ਹੈ ਇਸ ਤੀਜੇ ਫਰੰਟ ਨੂੰ ਖੜ੍ਹਾ ਕਰਨ ਲਈ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੇ ਉਸ ਬਿਆਨ ਨਾਲ ਜਿਸ ਤਹਿਤ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਜ਼ਮਹੂਰੀ ਗੱਠਜੋੜ ਨੇ ਬਹੁਜਨ ਸਮਾਜ ਪਾਰਟੀ ਦੀ ਕੁੱਲ ਹਿੰਦ ਪ੍ਰਧਾਨ ਮਾਇਆਵਤੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਮੰਨਣਾ ਹੈ ਜਾਂ ਨਹੀਂ ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਜਦ ਕਿ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਦਾ ਕਹਿਣਾ ਹੈ ਕਿ ਗੱਠਜੋੜ ਦੀਆਂ ਸਾਰੀਆਂ ਜਥੇਬੰਦੀਆਂ ਨੇ ਪਹਿਲਾਂ ਇਹ ਸ਼ਰਤ ਮੰਨੀ ਸੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਮਾਇਆਵਤੀ ਹੀ ਪ੍ਰਧਾਨ ਮੰਤਰੀ ਦੇ ਆਹੁਦੇ ਦੀ ਉਮੀਦਵਾਰ ਹੋਵੇਗੀ, ਤਾਂ ਬਸਪਾ ਨੇ ਇਹ ਚੋਣ ਗੱਠਜੋੜ ਕੀਤੇ ਜਾਣਾ ਮਨਜ਼ੂਰ ਕੀਤਾ ਸੀ।

 

ਇੱਧਰ ਦੂਜੇ ਪਾਸੇ ਸੁਖਪਾਲ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਸਾਫ-ਸਾਫ ਕਹਿ ਦਿੱਤਾ ਹੈ ਕਿ ਗੱਠਜੋੜ ਨੇ ਹਾਲੇ ਇਹ ਦੇਖਣਾ ਹੈ ਕਿ ਮਾਇਆਵਤੀ ਦਾ ਪੰਜਾਬ ਦੇ ਹਿੱਤਾਂ ਅਤੇ ਮੁੱਦਿਆਂ ਬਾਰੇ ਕੀ ਰੁੱਖ ਹੈ, ਕਿਉਂਕਿ ਪਹਿਲਾਂ ਪੰਜਾਬ ਜ਼ਮਹੂਰੀ ਗੱਠਜੋੜ ‘ਚ ਸਾਮਲ ਸਾਰੀਆਂ ਹੀ ਪਾਰਟੀਆਂ ਮਾਇਆਵਤੀ ਨਾਲ ਮਿਲਕੇ ਉਨ੍ਹਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕਰਨਗੀਆਂ ਕਿ ਉਨ੍ਹਾਂ ਦੀ ਪੰਜਾਬ ਦੇ ਮੁੱਦਿਆਂ ਬਾਰੇ ਕੀ ਸੋਚ ਹੈ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਜਿਆਦਾ ਦੇਰ ਲਟਕੇਗਾ ਨਹੀਂ ਤੇ ਆਉਂਦੇ ਕੁਝ ਦਿਨਾਂ ‘ਚ ਹੀ ਇਸ ਦੇ ਹੱਲ ਹੋਣ ਦੀ ਉਮੀਦ ਹੈ।

 

- Advertisement -

ਜਦੋਂ ਪੱਤਰਕਾਰਾਂ ਨੇ ਖਹਿਰਾ ਦਾ ਧਿਆਨ ਯੂਨਾਇਟਡ ਅਕਾਲੀ ਦਲ ਵੱਲੋਂ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨ ਲੈਣ ਵੱਲ ਦਵਾਇਆ ਗਿਆ, ਤਾਂ ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਯੂਨਾਇਟਡ ਅਕਾਲੀ ਦਲ ਅਜੇ ਗੱਠਜੋੜ ਦਾ ਹਿੱਸਾ ਹੀ ਨਹੀਂ ਹੈ, ਲਿਹਾਜਾ ਇਸ ਨਾਤੇ ਉਹ ਕੋਈ ਵੀ ਫੈਸਲਾ ਲੈਣ ਲਈ ਅਜ਼ਾਦ ਹੈ। ਖਹਿਰਾ ਅਨੁਸਾਰ ਉਨ੍ਹਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੇ ਜਲਦ ਹੀ ਇਸ ਮਾਮਲੇ ‘ਤੇ ਵੀ ਅੱਗੇ ਵਧਿਆ ਜਾਵੇਗਾ।

 

ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਇੰਨਸਾਫ ਮੋਰਚੇ ਦੀਆਂ ਧਿਰਾਂ ਨਾਲ ਚੋਣ ਸਾਂਝ ਪਾਉਣ ਲਈ ਵੀ ਪੰਜਾਬ ਜ਼ਮਹੂਰੀ ਗੱਠਜੋੜ ਜੋਰਾਂ-ਸ਼ੋਰਾਂ ਨਾਲ ਯਤਨਸ਼ੀਲ ਹੈ, ਪਰ ਅਜੇ ਇਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਨ੍ਹਾਂ ਦੀ ਵਿਧਾਇਕੀ ਰੱਦ ਕੀਤੇ ਜਾਣ ਸਬੰਧੀ ਸੁਣਵਾਈ ਲਈ ਭੇਜਿਆ ਗਿਆ ਨੋਟਿਸ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ ਹੈ, ਤੇ ਆਉਂਦੇ ਬਜਟ ਸ਼ੈਸ਼ਨ ਵਿੱਚ ਉਹ ਸ਼ਾਮਲ ਹੋਣਗੇ ਜਾਂ ਨਹੀਂ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ।

Share this Article
Leave a comment