ਨਵੀਂ ਦਿੱਲੀ: ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾ ਸਬੰਧੀ ਗੱਠਜੋੜ ਕਰਨ ਲਈ ਕਹਿ ਕਹਿ ਕੇ ਹਾਰ ਗਏ ਹਨ ਪਰ ਜੇਕਰ ਉਹ ਗੱਠਜੋੜ ਨਹੀਂ ਕਰਨਾ ਚਾਹੁੰਦੇ ਤਾਂ ਇਸ ਵਿੱਚ ਉਹ ਕੀ ਕਰ ਸਕਦੇ ਹਨ? ਮੁੱਖ ਮੰਤਰੀ ਇੱਥੇ ਚਾਂਦਨੀ ਚੌਂਕ ਵਿਖੇ ਇੱਕ ਆਮ ਸਭਾ ਵਿੱਚ ਭਾਸ਼ਣ ਦੇ ਰਹੇ ਸਨ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਇਹ ਸਭ ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਭਾਜਪਾ ਨੂੰ ਜਿਤਾਉਣ ਲਈ ਕਰ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਨੁਸਾਰ ਗੱਠਜੋੜ ਕਰਨ ਲਈ ਉਹ ਕਾਂਗਰਸ ਪਾਰਟੀ ਨੂੰ ਕਹਿ ਕਹਿ ਕੇ ਥੱਕ ਗਏ ਹਨ। ਪਰ ਉਨ੍ਹਾਂ ਨੇ ਇਸ ਬਾਰੇ ਕੋਈ ਹਾਂ ਪੱਖੀ ਉੱਤਰ ਨਹੀਂ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਹਰਾਉਣਾ ਹੈ ਤਾਂ ਉਨ੍ਹਾਂ ਦੇ ਹਰ ਇੱਕ ਉਮੀਦਵਾਰ ਦੇ ਖਿਲਾਫ ਆਪਣਾ ਇੱਕ ਇੱਕ ਉਮੀਦਵਾਰ ਖੜ੍ਹਾ ਕਰਨਾ ਪਵੇਗਾ ਨਹੀਂ ਤਾਂ ਜੇਕਰ 2-2,3-3 ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਤਾਂ ਵੋਟਾਂ ਵੰਡੀਆਂ ਜਾਣਗੀਆਂ, ਤੇ ਭਾਜਪਾ ਇਸ ਦਾ ਫਾਇਦਾ ਲੈ ਜਾਵੇਗੀ, ਜੋ ਕਿ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਕਰਨ ਦੀ ਹਰ ਇਮਾਨਦਾਰ ਕੋਸ਼ਿਸ਼ ਕੀਤੀ ਪਰ ਉਹ ਕਾਂਗਰਸ ਪਾਰਟੀ ਨੂੰ ਸਮਝਾਉਣ ਵਿੱਚ ਅਸਫਲ ਰਹੇ। ਆਪ ਸੁਪਰੀਮੋ ਦਾ ਦਾਅਵਾ ਹੈ ਕਿ ਕਾਂਗਰਸ ਨਾਲ ਗੱਠਜੋੜ ਕਰਕੇ ਭਾਜਪਾ ਨੂੰ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਹਰਾਇਆ ਜਾ ਸਕਦਾ ਹੈ।
ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਬੀਜੇਪੀ ਦੇ ਵਿਰੋਧੀ ਦਲਾਂ ਦੀ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਸੀ ਕਿ ਕਾਂਗਰਸ ਨੇ ਆਪ ਨਾਲ ਗੱਠਜੋੜ ਕਰਨ ਤੋਂ ਸਾਫ ਇੰਨਕਾਰ ਕਰ ਦਿੱਤਾ ਹੈ। ਉਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਲਈ ਦੇਸ਼ ਪਹਿਲਾਂ ਹੈ ਇਸੇ ਲਈ ਉਹ ਗੱਠਜੋੜ ‘ਤੇ ਜ਼ੋਰ ਦੇ ਰਹੇ ਹਨ।