ਜਾਪਾਨ : ਜਾਪਾਨ ਜੋ ਆਪਣੇ ਆਪ ‘ਚ ਤਕਨੀਕ ਕਾਰਨ ਦੁਨੀਆਂ ਵਿੱਚ ਸਭ ਤੋਂ ਵੱਧ ਅੱਗੇ ਹੈ ਤੇ ਇਸ ਦੇਸ਼ ਨੂੰ ਦੁਨੀਆਂ ਵਿੱਚ ਸਭ ਤੋੱ ਵੱਧ ਉਮਰ ਭੋਗ ਕੇ ਮਰਨ ਵਾਲੇ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇੱਥੋਂ ਦੇ ਹਾਲਾਤ ਵੀ ਬਹੁਤ ਵਧੀਆ ਨਹੀਂ ਜਾਪਦੇ। ਇੱਥੇ ਹਾਲਾਤ ਇਹ ਹਨ ਕਿ ਭੁੱਖਮਰੀ ਦਾ ਸ਼ਿਕਾਰ ਇੱਥੋਂ ਦੇ ਵਧੇਰੇ ਲੋਕ ਆਪਣੀ ਵਢੇਰੀ ਉਮਰ ਆਪਣੇ ਘਰ ‘ਚ ਨਾ ਗੁਜ਼ਾਰਦੇ ਹੋਏ ਜੇਲ੍ਹ ‘ਚ ਗੁਜ਼ਾਰਨਾਂ ਪਸੰਦ ਕਰਦੇ ਹਨ। ਅਜਿਹਾ ਇਸ ਲਈ ਕਿ ਉੱਥੇ ਉਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਖਾਣ ਨੂੰ ਮਿਲਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਪਾਨ ਅੰਦਰ ਹਰ ਦਿਨ ਕੋਈ ਨਾ ਕੋਈ ਬਜ਼ੁਰਗ ਜਾਣਬੁੱਝ ਕੇ ਕੋਈ ਨਾ ਕੋਈ ਅਪਰਾਧ ਕਰਦਾ ਹੈ ਤਾਂ ਕਿ ਪੁਲਿਸ ਉਨ੍ਹਾਂ ਨੂੰ ਫੜ੍ਹ ਕੇ ਜੇਲ੍ਹ ‘ਚ ਬੰਦ ਕਰ ਦੇਵੇ। ਜਾਪਾਨੀ ਅੰਕੜਿਆਂ ਮੁਤਾਬਕ ਸਾਲ 1997 ਦੌਰਾਨ ਹਰ 20 ਨੌਜਵਾਨ ਅਪਰਾਧੀਆਂ ਪਿੱਛੇ ਸਿਰਫ ਇੱਕ ਬਜ਼ੁਰਗ ਅਪਰਾਧੀ ਹੁੰਦਾ ਸੀ ਪਰ ਹੁਣ ਇਸ ਅੰਕੜੇ ‘ਚ ਲਗਾਤਾਰ ਬੇਮਿਸਾਲ ਵਾਧਾ ਹੋ ਰਿਹਾ ਹੈ। ਮੁੜ ਕੀਤੇ ਸਰਵੇਖਣ ਦੌਰਾਨ ਸਾਲ 2016 ‘ਚ ਦੇਸ਼ ਅੰਦਰ 65 ਸਾਲ ਦੇ 2500 ਬਜ਼ੁਰਗ ਅਪਰਾਧੀਆਂ ਨੂੰ ਅਦਾਲਤਾਂ ਨੇ ਸਜ਼ਾ ਦੇ ਕੇ ਜੇਲ੍ਹਾਂ ਵਿੱਚ ਭੇਜਿਆ ਸੀ।
ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ੍ਹ ‘ਚੋਂ ਬਾਹਰ ਆਏ ਹੀਰੋਸੀਮਾਂ ਦੇ 69 ਸਾਲਾ ਤੋਸ਼ੀਓ ਤਕਾਤਾ ਨਾਮਕ ਵਿਅਕਤੀ ਨੇ ਦੱਸਿਆ ਕਿ ਉਸ ਨੇ 62 ਸਾਲ ਦੀ ਉਮਰ ‘ਚ ਇਸ ਲਈ ਅਪਰਾਧ ਕੀਤਾ ਸੀ ਕਿਉਂਕਿ ਉਸ ਕੋਲ ਖਾਣਾ ਖਾਣ ਲਈ ਵੀ ਪੈਸੇ ਨਹੀਂ ਸਨ ਪਰ ਅਦਾਲਤ ਨੇ ਉਸ ਦੀ ਉਮਰ ਦੇਖ ਕੇ ਉਸ ਨੂੰ ਸਿਰਫ ਇੱਕ ਸਾਲ ਦੀ ਸਜ਼ਾ ਦਿੱਤੀ ਜੋ ਕਿ ਉਸ ਨੂੰ ਇਸ ਲਈ ਘੱਟ ਜਾਪੀ, ਕਿਉਂਕਿ ਬਾਹਰ ਆ ਕੇ ਇੱਕ ਵਾਰ ਫਿਰ ਭੁੱਖਾ ਮਰਨ ਦੇ ਦਿਨ ਆ ਜਾਣੇ ਸਨ। ਲਿਹਾਜ਼ਾ ਉਸ ਨੇ ਉਸ ਤੋਂ ਬਾਅਦ ਕਈ ਵਾਰ ਜ਼ੁਰਮ ਕੀਤਾ ਜਿੰਨ੍ਹਾਂ ਵਿੱਚ ਇੱਕ ਵਾਰ ਤਾਂ ਪਾਰਕ ‘ਚ ਬੈਠੀਆਂ ਔਰਤਾਂ ਨੂੰ ਉਸ ਨੇ ਸਿਰਫ ਇਸ ਲਈ ਡਰਾਇਆ ਤਾਂ ਕਿ ਉਹ ਪੁਲਿਸ ਬੁਲਾ ਲੈਣ। ਇਸ ਤੋਂ ਬਾਅਦ ਤੋਸ਼ੀਓ ਨਾਮਕ ਇਸ ਬਜ਼ੁਰਗ ਨੂੰ 8 ਸਾਲ ਦੀ ਸਜ਼ਾ ਸੁਣਾਈ ਸੀ। ਤੋਸ਼ੀਓ ਤਕਾਤਾ ਨਾਮਕ ਇਹ ਬਜ਼ੁਰਗ ਦੱਸਦਾ ਹੈ ਕਿ ਜੇਲ੍ਹ ‘ਚੋਂ ਬਾਹਰ ਆਉਣ ਤੇ ਉਸ ਨੇ ਅੰਦਰੋ ਮਿਲੇ ਕੁਝ ਪੈਸੇ ਬਚਾ ਵੀ ਲਏ ਸਨ।
ਇਸੇ ਤਰ੍ਹਾਂ ਜੇਲ੍ਹ ਕੱਟ ਕੇ ਆਈ ਇੱਕ 70 ਸਾਲਾ ਔਰਤ ਨੇ ਦੱਸਿਆ ਕਿ ਉਸ ਨੇ ਸਿਰਫ ਇਸ ਲਈ ਚੋਰੀ ਕੀਤੀ ਕਿ ਉਹ ਜ਼ੁਰਮ ਕਰਕੇ ਜੇਲ੍ਹ ਚਲੀ ਜਾਵੇ ਕਿਉਂਕਿ ਨਾ ਤਾਂ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਸੀ ਤੇ ਨਾ ਹੀ ਉਸ ਕੋਲ ਆਪਣਾ ਕੋਈ ਘਰ ਸੀ।
- Advertisement -
ਇਸ ਸਬੰਧ ਵਿੱਚ ਇੱਕ ਸਮਾਜ ਸ਼ਾਸ਼ਤਰੀ ਮਾਈਕਲ ਨਿਉਮੈਨ ਦੱਸਦੇ ਹਨ ਕਿ ਜਾਪਾਨ ਅੰਦਰ ਬਜ਼ੁਰਗਾਂ ਨੂੰ ਪੈਨਸ਼ਨ ਬਹੁਤ ਘੱਟ ਮਿਲਦੀ ਹੈ ਜਿਸ ਕਾਰਨ ਉੱਥੇ ਬਜ਼ੁਰਗਾਂ ਵੱਲੋਂ ਜ਼ੁਰਮ ਕੀਤੇ ਜਾਣ ਦੀ ਦਰ ਵੱਧ ਹੈ। ਨਿਊਮੈਨ ਅਨੁਸਾਰ ਇਹ ਬਜ਼ੁਰਗ ਆਪਣੇ ਬੱਚਿਆਂ ‘ਤੇ ਬੋਝ ਨਹੀਂ ਬਣਨਾ ਚਾਹੁੰਦੇ ਲਿਹਾਜ਼ਾ ਉਹ ਜ਼ੁਰਮ ਕਰਕੇ ਜੇਲ੍ਹ ਚਲੇ ਜਾਂਦੇ ਹਨ। ਜੇਲ੍ਹ ਵਿੱਚ ਉਨ੍ਹਾਂ ਨੂੰ ਖਾਣਾ ਵੀ ਚੰਗਾ ਮਿਲਦਾ ਹੈ ਤੇ ਪੈਸੇ ਵੀ ਨਹੀਂ ਦੇਣੇ ਪੈਂਦੇ। ਇਹੋ ਕਾਰਨ ਹੈ ਕਿ ਜਾਪਾਨ ਅੰਦਰ ਬਜ਼ੁਰਗ ਕੈਦੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।