ਆਹ SSP ਨੇ ਖੋਲ੍ਹੇ ਕੈਪਟਨ ਦੇ ਮਹਿਕਮੇਂ ਦੇ ਵੱਡੇ ਰਾਜ਼, ਸਿੱਧੂ ਨੂੰ ਮਿਲ ਗਿਆ ਮੌਕਾ, ਕਹਿੰਦਾ ਹੁਣ ਬੋਲੋ ਕੈਪਟਨ ਸਾਹਿਬ ਕੀ ਕਹਿੰਦੇ ਹੋ? ਦੇਖੋ ਵੀਡੀਓ

TeamGlobalPunjab
10 Min Read

ਫਿਰੋਜ਼ਪੁਰ : ਕਦੇ ਤੁਸੀਂ ਕਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਆਮ ਜਨਤਾ ਦੀ ਹਾਜਰੀ ਵਿੱਚ ਸ਼ਰੇਆਮ ਮਾਇਕ ‘ਤੇ ਬੋਲ ਕੇ ਆਪਣੇ ਮਹਿਕਮੇਂ ਦੀ ਇੰਨੀ ਲਾਹ-ਪਾਹ ਕਰਦਿਆਂ ਦੇਖੀ ਸੁਣੀ ਜਾਂ ਪੜ੍ਹੀ ਹੈ ਜਿਸ ਨੂੰ ਦੇਖ, ਸੁਣ ਜਾਂ ਪੜ੍ਹ ਕੇ ਸ਼ਰਮ ਨੂੰ ਵੀ ਸ਼ਰਮ ਆ ਜਾਵੇ? ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਤੱਕ ਅਸੀਂ ਤੁਹਾਡੇ ਵਾਂਗ ਇਹੋ ਕੁਝ ਕਹਿ ਰਹੇ ਸੀ ਕਿ ਅਸੀਂ ਵੀ ਅਜਿਹਾ ਕੁਝ ਪਹਿਲਾਂ ਨਾ ਕਦੇ ਦੇਖਿਆ ਹੈ, ਸੁਣਿਆ ਹੈ ਤੇ ਨਾ ਪੜ੍ਹਿਆ ਹੈ ਪਰ ਹੁਣ ਜਿਲ੍ਹੇ ਦੇ ਐਸਐਸਪੀ ਸੰਦੀਪ ਗੋਇਲ ਨੇ ਇੱਕ ਭਾਸ਼ਣ ਵਿੱਚ ਪੁਲਿਸ ਮਹਿਕਮੇਂ ਦੇ ਅਜਿਹੇ ਪੋਤੜੇ ਫੋਲੇ ਹਨ ਕਿ ਇੰਝ ਜਾਪਦਾ ਹੈ ਕਿ ਹੁਣ ਸਮਾਜ ਦੇ ਦੁਸ਼ਮਣ ਕਈ ਕਾਲੀਆਂ ਭੇਡਾਂ ਦਾ ਘੱਟੋ ਘੱਟ ਇਸ ਇਲਾਕੇ ‘ਚੋਂ ਤਾਂ ਖਾਤਮਾਂ ਕਰਨ ਦਾ ਜਿੰਮਾ ਇਸ ਜਿਲ੍ਹਾ ਪੁਲਿਸ ਕਪਤਾਨ ਨੇ ਆਪਣੇ ਜਿੰਮੇ ਲੈ ਲਿਆ ਹੈ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਐਸਐਸਪੀ ਸੰਦੀਪ ਗੋਇਲ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇਂ ਨੂੰ ਨਾਲ ਲੈ ਕੇ ਕੀਤੀ ਗਈ ਇੱਕ ਜਨਤਕ ਮੀਟਿੰਗ ਦੇ ਅਖੀਰ ਵਿੱਚ ਸਟੇਜ਼ ‘ਤੇ ਬੁਲਾਇਆ ਤਾਂ ਗਿਆ ਸੀ ਜਨਤਾ ਦਾ ਧੰਨਵਾਦ ਕਰਨ ਲਈ, ਪਰ ਉਨ੍ਹਾਂ ਨੇ ਧੰਨਵਾਦ ਕਰਨ ਦੀ ਬਜਾਏ ਉੱਥੇ ਆਏ ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਅਤੇ ਖੁਲਾਸਿਂਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਹੀ ਮਹਿਕਮੇਂ ਵਿਰੁੱਧ ਦੱਬ ਕੇ ਭੜਾਸ ਕੱਢ ਦਿੱਤੀ। ਸੰਦੀਪ ਗੋਇਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਧੰਨਵਾਦ ਇਸ ਲਈ ਕਿ ਤੁਸੀਂ ਹੁੰਮ ਹੁਮਾ ਕੇ ਇੱਥ ਪਹੁੰਚੇ।” ਉਨ੍ਹਾਂ ਕਿਹਾ ਕਿ ,”ਪਹਿਲਾਂ ਤਾਂ ਮੈਂ ਸਟੇਜ਼ ‘ਤੇ ਆਇਆ ਸੀ ਤਾਂ ਮੈਂ ਤੁਹਾਡਾ ਧੰਨਵਾਦ ਕੀਤਾ ਕਿ ਤੁਸੀਂ ਇੱਥੇ ਪਹੁੰਚੇ, ਪਰ ਹੁਣ ਮੈਂ ਤੁਹਾਡਾ ਧੰਨਵਾਦ ਇਸ ਕਰਕੇ ਕਰ ਰਿਹਾ ਹਾਂ ਕਿ ਤੁਸੀਂ ਸਾਨੂੰ ਸੀਸ਼ਾ ਦਿਖਾਇਆ ਜੋ ਕਿ ਜਨਤਾ ਦਾ ਫਰਜ਼ ਹੈ।” ਉਨ੍ਹਾਂ ਕਿਹਾ ਕਿ, “ਅਸੀਂ ਬਹੁਤ ਮਿੱਠੀਆਂ ਗੋਲੀਆਂ ਖਾਦੀਆਂ ਨੇ, ਲੋਕ ਸਾਡੇ ਮੂੰਹ ‘ਤੇ ਸਾਡੀਆਂ ਤਰੀਫਾ ਕਰਦੇ ਹਨ, ਤੇ ਉੱਥੋਂ ਪਤਾ ਲਗਦਾ ਹੈ ਕਿ ਉਹ ਸਭ ਝੂਠ ਬੋਲ ਰਹੇ ਨੇ, ਜੋ ਸੱਚਾਈ ਹੈ ਉਹ ਤੁਸੀਂ ਬਿਆਨ ਕੀਤੀ ਹੈ।” ਉਨ੍ਹਾਂ ਕਿਹਾ ਕਿ, “ਤੁਸੀਂ ਦੁਖੀ ਹੋ ਤੁਹਾਡਾ ਦੁੱਖ ਇੱਥੇ ਉਭਰ ਕੇ ਸਾਹਮਣੇ ਆਇਆ ਹੈ, ਜੇ ਮੈਂ ਇਸ ਜਿਲ੍ਹੇ ਦਾ ਮੁਖੀ ਹਾਂ ਤਾਂ ਇਹ ਸਾਰੀ ਜਿੰਮੇਵਾਰੀ ਮੇਰੀ ਬਣਦੀ ਹੈ। ਜਿਸ ਨੂੰ ਕਿ ਮੈਂ ਇਸ ਨੂੰ ਜਨਤਕ ਤੌਰ ‘ਤੇ ਕਬੂਲ ਕਰਦਾ ਹਾਂ।” ਉਨ੍ਹਾਂ ਕਿਹਾ ਕਿ, “ਜੇਕਰ ਮੇਰੇ ਹਿੱਸੇ ‘ਚ ਆਉਂਦੀ ਡਿਊਟੀ ਕਰਨ ਵਿੱਚ ਅਸੀਂ ਫੇਲ੍ਹ ਹੋਏ ਹਾਂ ਤਾਂ ਇਸ ‘ਚ ਮੇਰੀ ਪੂਰੀ ਸ਼ਮੂਲੀਅਤ ਮੰਨੀ ਜਾਵੇਗੀ।” ਸੰਦੀਪ ਗੋਇਲ ਅਨੁਸਾਰ, “ਮੈਨੂੰ ਭਾਵੇਂ  ਇੱਥੇ ਆਇਆਂ 3 ਮਹੀਨੇ ਹੋ ਗਏ ਹਨ, ਪਰ ਮੈਨੂੰ ਇੱਥੇ ਹੋਰ ਕੰਮ ਕਰਨਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ, ” ਸਰਕਾਰ ਵੱਲੋਂ ਜਿੰਨੀਆਂ ਤਨਖਾਹਾਂ ਸਾਡੇ ਪੁਲਿਸ ਮਹਿਕਮੇਂ ਨੂੰ ਦਿੱਤੀਆਂ ਜਾ ਰਹੀਆਂ ਹਨ ਸ਼ਾਇਦ ਇੰਨੀਆਂ ਤਨਖਾਹਾਂ ਹਿੰਦੁਸਤਾਨ ਦੇ ਕਿਸੇ ਵੀ ਮਹਿਕਮੇਂ ਨੂੰ ਨਹੀਂ ਮਿਲੀਆਂ ਹੋਣਗੀਆਂ।” ਐਸਐਸਪੀ ਅਨੁਸਾਰ, “ਸਾਡੇ ਪੁਲਿਸ ਮੁਲਾਜ਼ਮ 70-70 ਹਜ਼ਾਰ ਰੁਪਇਆ ਮਹੀਨਾਂ ਤਨਖਾਹ ਲੈਂਦੇ ਹਨ ਤੇ ਡੇਢ ਲੱਖ ਰੁਪਇਆ ਮਹੀਨਾ ਤਨਖਾਹ ਸਰਕਾਰ ਮੈਨੂੰ ਦਿੰਦੀ ਹੈ। ਇਸ ਤੋਂ ਇਲਾਵਾ ਸਰਕਾਰ ਰਹਿਣ ਨੂੰ ਘਰ ਅਤੇ ਹੋਰ ਭੱਤੇ ਦਿੰਦੀ ਹੈ, ਪਰ ਸਾਡੇ ਲਈ ਇਹ ਕਿੰਨੇ ਸ਼ਰਮ ਦੀ ਗੱਲ ਹੈ।” ਪੁਲਿਸ ਮੁਖੀ ਨੇ ਕਿਹਾ ਕਿ, “ਜੇ ਅਸੀਂ ਸਮਾਜ ਲਈ ਇਸ ਦੇ ਬਾਵਜੂਦ ਵੀ ਕੁਝ ਨਹੀਂ ਕਰਦੇ ਤਾਂ ਫਿਰ ਸ਼ਰਮ ਵਾਲੀ ਗੱਲ ਹੈ।” ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਤੇ ਅਸੀਂ 70,80 ਹਜ਼ਾਰ ਰੁਪਇਆ ਲੈ ਕੇ ਆਪਣੇ ਫਰਜ਼ਾਂ ਤੋਂ ਭੱਜ ਰਹੇ ਹਾਂ।” ਸੰਦੀਪ ਗੋਇਲ ਨੇ ਆਪਣੀ ਫੋਰਸ ਨੂੰ ਅਪੀਲ ਕੀਤੀ ਕਿ, “ਲੋਕਾਂ ਦੀ ਅਵਾਜ਼ ਸੁਣੋ, ਇਹ ਸਵਰਗ ਨਰਕ ਸਭ ਇੱਥੇ ਹੀ ਹੈ।” ਉਨ੍ਹਾਂ ਆਪਣੇ ਮਹਿਕਮੇਂ ‘ਚ ਬੈਠੀਆਂ ਕਾਲੀਆਂ ਭੇਡਾਂ ਨੂੰ  ਬਿਨਾਂ ਨਾਂ ਲਿਆਂ ਚੇਤਾਵਨੀ ਦਿੰਦਿਆਂ ਕਿਹਾ ਕਿ, “ਹਰਾਮ ਦੀ ਕਮਾਈ ਖਾਓਂਗੇ ਤਾਂ ਬੱਚਿਆਂ ਤੱਕ ਜਾਓਗੇ। ਨਸ਼ਿਆਂ ਦੀ ਗੱਲ ਕਰੋਂਗੇ ਤੁਹਾਡੇ ਬੱਚਿਆਂ ਤੱਕ ਕੋਹੜ ਪੈ ਜਾਣੈ।” ਉਨ੍ਹਾਂ ਕਿਹਾ ਕਿ, “ਜੇਕਰ ਇਸ ਪੀੜੀ ‘ਚ ਨਾ ਪਊਗਾ ਤਾਂ ਅਗਲੀ ਪੀੜੀ ‘ਚ ਪੈ ਜਊ ਤੇ ਅਗਲੀ ‘ਚ ਨਾ ਪਿਆ ਤਾਂ ਤੀਜੀ ਪੀੜੀ ‘ਚ ਪੈ ਜਾਣੈ, ਤੇ ਇਹ ਸੱਚ ਜਾਣਨ ਦੇ ਬਾਵਜੂਦ ਆਪਾਂ ਤਾਂ ਸੱਤ ਸੱਤ ਪੀੜੀਆਂ ਦੇ ਪੈਸੇ ਇਕੱਠੇ ਕਰ ਲੇ ਲੋਕਾਂ ਤੋਂ।” ਸੰਦੀਪ ਗੋਇਲ ਨੇ ਲੋਕਾਂ ਵੱਲੋਂ ਉਨ੍ਹਾਂ ਨੂੰ ਕੀਤੀਆਂ ਗਈ ਸ਼ਿਕਾਇਤਾਂ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ, ” ਤੁਹਾਡੀ ਗੱਲ ਬਿਲਕੁਲ ਠੀਕ ਹੈ,  ਮੈਂ ਇਸ ਲਈ ਖੁਸ਼ ਹਾਂ ਕਿ ਤੇ ਮੇਰਾ ਸਿਰ ਝੁਕਦੈ ਤੁਹਾਡੀ ਸੱਚਾਈ ਅੱਗੇ ਕਿਉਂਕਿ ਤੁਸੀਂ ਜੋ ਕੁਝ ਵੀ ਬੋਲਿਆ ਹੈ ਉਹ ਬਿਲਕੁਲ ਸੱਚ ਹੈ।

ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ, “ਮੈਂ ਭਰਿਆ ਪੀਤਾ ਹਾਂ ਕਿਉਂਕਿ ਸਾਰੇ ਪਾਸਿਓ ਜਿਹੜੀਆਂ ਸ਼ਿਕਾਇਤਾਂ ਅਤੇ ਤੱਥ ਲੋਕਾਂ ਨੇ ਇੱਥੇ ਰੱਖੇ ਹਨ, ਉਸ ਨੂੰ ਸੁਣ ਕੇ ਮੈਂ ਸਿਰਫ ਇਸ ਨੂੰ ਸਾਡੇ ਮਹਿਕਮੇਂ ਦੀ ਨਾਲਾਇਕੀ ਹੀ ਕਹਾਂਗਾ।” ਗੋਇਲ ਨੇ ਇੱਥੇ ਉਦਾਹਰਣ ਦਿੰਦਿਆਂ ਕਿਹਾ ਕਿ, ” ਜਦੋਂ ਕਦੇ ਜੇਕਰ ਕੋਈ ਬੀਬੀ ਥਾਣੇ ਜਾ ਕੇ ਕਹੇ ਮੈਨੂੰ ਘਰਵਾਲੇ ਨੇ ਕੁੱਟ ਕੇ ਭਜਾ ਦਿੱਤਾ ਹੈ ਤਾਂ ਕੋਈ ਨਹੀਂ ਸੁਣਦਾ ਤੇ ਕਹਿ ਦਿੱਤਾ ਜਾਂਦਾ ਹੈ ਕਿ ਟਾਇਮ ਨਹੀਂ ਹੈ, ਇੱਧਰ ਜਾਣੈ ਉੱਧਰ ਜਾਣੈ, ਪਰ ਇਸ ਦੇ ਉਲਟ ਕੋਈ ਇਹੋ ਫਰਿਆਦ ਕਰੇ ਤੇ ਪੁਲਿਸ ਵਾਲਿਆਂ ਨੂੰ ਇਹ ਲਾਲਚ ਹੋਵੇ ਕਿ ਇੱਥੋਂ ਪੈਸੇ ਮਿਲਣਗੇ ਤਾਂ ਉਹ ਰਾਤ ਦੇ 3 ਵਜੇ ਵੀ ਉਸ ਦੇ ਘਰ ਚਲੇ ਜਾਣਗੇ।” ਉਨ੍ਹਾਂ ਕਿਹਾ ਕਿ, “ਤੁਸੀਂ ਬਿਲਕੁਲ ਸਹੀ ਸ਼ਿਕਾਇਤ ਕਰਦੇ ਹੋ ਪੁਲਿਸ ਦੀ ਗੰਢ-ਤੁੱਪ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ।”

ਐਸਐਸਪੀ ਨੇ ਕਿਹਾ ਕਿ ਅਸੀਂ ਏਸੀਆਂ ‘ਚ ਬੈਠ ਕੇ ਡਿਊਟੀਆਂ ਨਿਭਾਉਦੇ ਹਾਂ ਤੇ ਜਿਹੜੇ ਲੋਕ ਸਾਰੀ ਉਮਰ ਸਰਹੱਦਾਂ ‘ਤੇ ਲੜਦੇ ਹਨ ਅਸੀਂ ਉਨ੍ਹਾਂ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਕੰਮ ‘ਤੇ ਲਾ ਰਹੇ ਹਾਂ ਕਿ ਤੁਸੀਂ ਨਸ਼ੇ ਲਈ ਲੜੋ।” ਐਸਐਸਪੀ ਨੇ ਸਵਾਲ ਕੀਤਾ ਕਿ, “ਜੇਕਰ ਸਾਰਾ ਕੁਝ ਇਨ੍ਹਾਂ ਨੇ ਕਰਨਾ ਹੈ ਤਾਂ ਫਿਰ ਸਾਡੀ ਕੀ ਡਿਊਟੀ ਹੈ?” ਉਨ੍ਹਾਂ ਕਿਹਾ ਕਿ, “ਹੋਣਾਂ ਤਾਂ ਇੰਝ ਚਾਹੀਦਾ ਸੀ ਕਿ ਅਸੀਂ ਇਨ੍ਹਾਂ ਨੂੰ ਸਨਮਾਨਿਤ ਕਰਦੇ, ਤੇ ਇਹ ਲੋਕ ਆਪਣੀ ਰਹਿੰਦੀ ਜਿੰਦਗੀ ਇੱਜਤ ਅਤੇ ਆਰਾਮ ਨਾਲ ਕੱਟਦੇ, ਪਰ ਅਜਿਹਾ ਨਹੀਂ ਹੋ ਰਿਹਾ।” ਉਨ੍ਹਾਂ ਪੁੱਛਿਆ ਕਿ, “ਅਸੀਂ ਕੀ ਕਰ ਰਹੇ ਹਾਂ? ਸਾਡੇ ਵੀ ਵਰਦੀ ਪਾਈ ਹੋਈ ਹੈ।” ਐਸਐਸਪੀ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ, “ਜੇਕਰ ਮੈਂ ਇੱਥੇ ਐਸਐਸਪੀ ਰਿਹਾ ਤਾਂ ਮੈਂ ਪੁਲਿਸ ਮਹਿਕਮੇਂ ਜਾਂ ਸਮਾਜ ਅੰਦਰਲੀਆਂ ਕਾਲੀਆਂ ਭੇਡਾਂ ‘ਤੇ ਪਰਚਾ ਦੇ ਕੇ ਉਨ੍ਹਾਂ ਨੂੰ ਅੰਦਰ ਦਿਆਂਗਾ।” ਸੰਦੀਪ ਗੋਇਲ ਨੇ ਦਾਅਵਾ ਕੀਤਾ ਕਿ, “ਬੇਸ਼ੱਕ ਮੇਰੀ ਇੱਥੋਂ ਬਦਲੀ ਹੋ ਜਾਵੇ ਪਰ ਜਾਂਦੇ ਜਾਂਦੇ ਵੀ ਮੈਂ ਅਜਿਹੀਆਂ ਘੱਟੋ ਘੱਟ 20 ਕਾਲੀਆਂ ਭੇਡਾਂ ‘ਤੇ ਪਰਚੇ ਦੇ ਕੇ ਉਨ੍ਹਾਂ ਨੂੰ ਕਨੂੰਨ ਅਨੁਸਾਰ ਸਜ਼ਾ ਦਵਾਵਾਂਗਾ।” ਉਨ੍ਹਾਂ ਕਿਹਾ ਕਿ, “ਲੋਕਾਂ ਅੰਦਰ ਇੰਨਾ ਸੰਤਾਪ ਹੈ ਜਿਸ ਨੂੰ ਦੇਖ ਕੇ ਸਾਡੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ।”

- Advertisement -

ਜਿਲ੍ਹਾ ਪੁਲਿਸ ਮੁਖੀ ਨੇ ਇੱਥੇ ਆਪਣੇ ਹੀ ਪੁਲਿਸ ਸਿਸਟਮ ‘ਚ ਚੋਟ ਕਰਦਿਆਂ ਕਿਹਾ ਕਿ, “ਇੱਥੋਂ ਦੇ ਸਮਾਜ ਵਿੱਚ ਲੋਕਾਂ ਦੇ ਪੁੱਤ ਨਸ਼ਿਆਂ ਨਾਲ ਮਰ ਰਹੇ ਹਨ, ਮਾਵਾਂ ਰੋ ਰਹੀਆਂ ਹਨ ਕਿ ਉਨ੍ਹਾਂ ਦੇ 3 ਮੁੰਡੇ ਹਨ ਤੇ ਤਿੰਨੋਂ ਦੇ ਤਿੰਨੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਹਨ ਤੇ ਅਸੀਂ ਲੋਕ ਇੱਥੇ ਏਸੀ ਕਮਰਿਆਂ ਤੇ ਏਸੀ ਗੱਡੀਆਂ ਵਿੱਚ ਬੈਠ ਕੇ ਰਿਪੋਰਟਾਂ ਬਣਾ ਕੇ ਭੇਜ ਰਹੇ ਹਾਂ ਕਿ “ਸਭ ਅੱਛਾ ਹੈ, ਸਭ ਅੱਛਾ ਹੈ” ਜਦਕਿ ਹਕੀਕਤ ਇਹ ਹੈ ਕਿ ਅੱਛਾ ਸੱਚ ਇਹ ਹੈ ਜੋ ਤੁਸੀਂ ਲੋਕਾਂ ਨੇ ਸਾਨੂੰ ਦਿਖਾਇਆ ਹੈ ਤੇ ਇਹੋ ਜ਼ਮੀਨੀ ਹਕੀਕਤ ਹੈ।” ਸੰਦੀਪ ਗੋਇਲ ਨੇ ਲੋਕਾਂ ਨੁੰ ਸੱਦਾ ਦਿੱਤਾ ਕਿ, ਉਹ ਸਮਾਜ ਦੇ ਦੁਸ਼ਮਣ ਲੋਕਾਂ ਦੇ ਖਿਲਾਫ ਖੁੱਲ੍ਹ ਕੇ ਸ਼ਿਕਾਇਤਾਂ ਲੈ ਕੇ ਆਉਣ ਤੇ ਬਿਲਕੁਲ ਵੀ ਡਰਨ ਨਾ। ਉਨ੍ਹਾਂ ਦੇ ਹਰ ਡਰ ਨੂੰ ਦੂਰ ਕੀਤਾ ਜਾਵੇਗਾ, ਤੇ ਜੇਕਰ ਕਿਸੇ ਨੂੰ ਇਹ ਡਰ ਵੀ ਹੈ ਕਿ ਕੋਈ ਉਨ੍ਹਾਂ ਦਾ ਨੁਕਸਾਨ ਕਰ ਦੇਵੇਗਾ ਤਾਂ ਵੀ ਪ੍ਰਵਾਹ ਨਾ ਕਰੋ ਕਿਉਂਕਿ ਸਮਾਜ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਥੋੜੀ ਬਹੁਤ ਕੁਰਬਾਨੀ ਵੀ ਦੇਣੀ ਪਈ ਤਾਂ ਉਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, “ਲੋਕ ਸਾਨੂੰ ਕਹਿੰਦੇ ਹਨ ਕਿ ਅਸੀਂ ਇੱਕ ਵਾਰ ਸ਼ਿਕਾਇਤ ਕੀਤੀ ਸੀ ਪੁਲਿਸ ਨੇ ਸਾਡੀਆਂ ਲੱਤਾ ਤੁੜਵਾ ਦਿੱਤੀਆਂ” ਜਿਸ ‘ਤੇ ਉਨ੍ਹਾਂ ਤਰਕ ਦਿੱਤਾ ਕਿ, “ਸਰਹੱਦਾਂ ‘ਤੇ ਦੇਸ਼ ਲਈ ਲੜਦੇ ਹੋਏ ਤਾਂ ਫੌਜੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਫਿਰ ਕੀ ਹੋਇਆ ਜੇਕਰ ਸਮਾਜ ਦੇ ਦੁਸ਼ਮਣਾਂ ਨਾਲ ਲੜਦਿਆਂ ਤੁਸੀਂ ਆਪਣੀਆਂ ਲੱਤਾਂ ਤੁੜਵਾ ਲਈਆਂ।” ਇੱਥੇ ਉਨ੍ਹਾਂ ਦਸਮ ਪਿਤਾ ਅਤੇ ਮਾਤਾ ਗੁਜਰੀ ਦੇ ਇਤਿਹਾਸ ਦੇ ਨਾਲ ਨਾਲ 23 ਸਾਲਾ ਸ਼ਹੀਦ ਭਗਤ ਸਿੰਘ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਿਨ੍ਹਾਂ ਦੇਸ਼ ਅਤੇ ਕੌਮ ਦੀ ਰਾਖੀ ਲਈ ਆਪਣਾ ਸਭ ਕੁਝ ਵਾਰ ਦਿੱਤਾ। ਉਨ੍ਹਾਂ ਕਿਹਾ ਕਿ, “ਜੇਕਰ ਕੋਈ ਕਿਸੇ ਨਾਲ ਧੱਕਾ ਕਰਦਾ ਹੈ ਤਾਂ ਇਸ ਮਗਰੋਂ ਲੋਕ ਉਨ੍ਹਾਂ ‘ਤੇ ਭਰੋਸਾ ਕਰਨ। ਉਹ ਵਾਅਦਾ ਕਰਦੇ ਹਨ ਕਿ ਜੇਕਰ ਉਨ੍ਹਾਂ ਕੋਲ ਕੋਈ ਝੂਠਾ ਪਰਚਾ ਆਏਗਾ, ਤਾਂ ਜਿਹੜੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਵੱਲੋਂ ਉਹ ਝੂਠਾ ਪਰਚਾ ਦਰਜ ਕੀਤਾ ਹੋਵੇਗਾ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਉਸ ਨੂੰ ਉਨ੍ਹਾਂ ਸਲਾਖਾਂ ਦੇ ਪਿੱਛੇ ਹੀ ਭੇਜਿਆ ਜਾਵੇਗਾ ਜਿਨ੍ਹਾਂ ਸਲਾਖਾਂ ਪਿੱਛੇ ਪਰਚਾ ਦਰਜ ਕਰਨ ਵਾਲੇ ਲੋਕ ਪੀੜਤਾਂ ਨੂੰ ਭੇਜਣ ਦੀਆਂ ਕੋਸ਼ਿਸ਼ਾਂ ਕਰਨਗੇ।

ਇੱਥੇ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਵੀ ਸ਼ਿਕਾਇਤ ਆਉਂਦੀ ਹੈ ਉਸ ਦੀ ਜਾਂਚ ਜਰੂਰ ਕੀਤੀ ਜਾਵੇਗੀ, ਕਿਉਂਕਿ ਜਾਂਚ ਕਰਨਾ ਕਨੂੰਨ ਦੀ ਮੰਗ ਹੈ।ਉਨ੍ਹਾਂ ਉੱਥੇ ਇਹ ਸਾਫ ਕੀਤਾ ਕਿ ਹਰ ਪੁਲਿਸ ਅਧਿਕਾਰੀ ਪੈਸੇ ਨਹੀਂ ਲੈਂਦਾ ਕਿਉਂਕਿ ਹਰ ਪੁਲਿਸ ਅਫਸਰ ਬੇਈਮਾਨ ਨਹੀਂ ਹੈ।

ਹੋਰ ਕੀ ਕਿਹਾ ਇਸ ਸਿੰਘਮ ਐਸਐਸਪੀ ਨੇ ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਠੱਪਾ ਮਾਰੋ (ਕਲਿੱਕ ਕਰੋ) ਤੇ ਦੇਖੋ ਅੱਖਾਂ ਖੋਲ ਅਜਿਹੇ  ਹੈਰਾਨੀਜਨਕ ਖੁਲਾਸੇ ਜਿਹੜੇ ਅੱਜ ਤੱਕ ਕਿਸੇ ਪੁਲਿਸ ਅਫਸਰ ਦੇ ਮੂੰਹੋਂ ਸੁਣੇ ਹੋਣਗੇ ਤੇ ਸ਼ਾਇਦ ਨਾ ਕਦੇ ਭਵਿੱਖ ਵਿੱਚ ਸੁਣੋਂਗੇ।

https://youtu.be/Evy9mhYXtMM

 

- Advertisement -
Share this Article
Leave a comment