ਗੁਰਦਾਸਪੁਰ : ਪੰਜਾਬ ਸਰਕਾਰ ਸੂਬੇ ‘ਚੋਂ ਲਗਾਤਾਰ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਕਰਦੀ ਹੈ, ਪਰ ਇੰਨੀ ਦਿਨੀਂ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਉਸ ਨੂੰ ਦੇਖ ਕੇ ਸਰਕਾਰ ਵੱਲੋਂ ਕੀਤੇ ਜਾਂਦੇ ਇਹ ਦਾਅਵੇ ਬਿਲਕੁਲ ਖੋਖਲੇ ਸਾਬਤ ਹੁੰਦੇ ਜਾਪਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਔਰਤ ਸ਼ਰੇਆਮ ਦੇਸੀ ਸ਼ਰਾਬ ਵੇਚਦੀ ਦਿਖਾਈ ਦੇ ਰਹੀ ਹੈ। ਪਤਾ ਲੱਗਾ ਹੈ ਕਿ ਇਹ ਵੀਡੀਓ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਸ਼ਕਰੀ ਦੀ ਹੈ ਅਤੇ ਇਸ ਵੀਡੀਓ ‘ਚ ਸ਼ਰਾਬ ਵੇਚ ਰਹੀ ਔਰਤ ਦਾ ਨਾਮ ਗਿਆਨੋ ਹੈ। ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਇਹ ਔਰਤ ਇੱਕ ਕੁਰਸੀ ‘ਤੇ ਬੈਠੀ ਸ਼ਰੇਆਮ ਸ਼ਰਾਬ ਵੇਚ ਰਹੀ ਹੈ ਤੇ ਇਸ ਕੋਲ ਕੁਝ ਬੱਚੇ ਵੀ ਖੜ੍ਹੇ ਦਿਖਾਈ ਦਿੰਦੇ ਹਨ। ਵੀਡੀਓ ਸਾਫ ਦਿਖਾਈ ਦਿੰਦਾ ਹੈ ਕਿ ਇਹ ਮਹਿਲਾ ਕਿਸੇ ਵਿਅਕਤੀ ਨੂੰ ਕੋਲਡ ਡਰਿੰਕ ਵਾਲੀ ਬੋਤਲ ‘ਚ ਸ਼ਰਾਬ ਪਾ ਕੇ ਦੇ ਰਹੀ ਹੈ ।
ਇਸ ਦੌਰਾਨ ਇਸ ਮਹਿਲਾ ਕੋਲ ਇੱਕ ਹੋਰ ਵਿਅਕਤੀ ਆਉਂਦਾ ਹੈ ਤੇ ਸ਼ਰਾਬ ਦੀ ਮੰਗ ਕਰਦਾ ਹੈ ਤਾਂ ਇਹ ਔਰਤ ਪਾਣੀ ਵਾਲੀ ਬੋਤਲ ‘ਚੋਂ ਪਾਣੀ ਨੂੰ ਡੋਲ੍ਹਦਿਆਂ ਉਸ ‘ਚ ਸ਼ਰਾਬ ਪਾ ਕੇ ਉਸ ਵਿਅਕਤੀ ਦੇ ਹਵਾਲੇ ਕਰ ਦਿੰਦੀ ਹੈ।
ਇੱਧਰ ਇਸ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਵੀਡੀਓ ‘ਚ ਦਿਖਾਈ ਦੇ ਰਹੀ ਮਹਿਲਾ ਦੇ ਘਰ ਛਾਪਾ ਮਾਰਿਆ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣੇ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਬਾਰੇ ਪਤਾ ਲਗਦਿਆਂ ਹੀ ਉਨ੍ਹਾਂ ਵੱਲੋਂ ਛਾਪਾ ਮਾਰ ਕੇ ਇਸ ਔਰਤ ਦੀ ਸ਼ਰਾਬ ਜ਼ਬਤ ਕਰ ਲਈ ਹੈ ਅਤੇ ਇਸ ਮਹਿਲਾ ਦੇ ਮੁੰਡੇ ਮੰਗਾ ਮਸੀਹ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਅਤੇ ਵੀਡੀਓ ‘ਚ ਦਿਖਾਈ ਦੇ ਰਹੀ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/4NpBg8l6OoQ