ਆਹ ! ਇਸ ਲਈ ਖ਼ਤਮ ਹੋਇਆ ਸੀ ਬਰਗਾੜੀ ਮੋਰਚਾ, ਨਾ ਤੁਸੀਂ ਸਮਝ ਸਕੇ ਤੇ ਨਾ ਮੋਰਚਾ ਸ਼ੁਰੂ ਕਰਨ ਵਾਲੇ !

Prabhjot Kaur
5 Min Read

ਕੁਲਵੰਤ ਸਿੰਘ

ਬਠਿੰਡਾ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਲਈ ਇੰਨਸਾਫ ਲੈਣ ਸਬੰਧੀ ਲੱਗੇ ਧਰਨੇ ਮੁਜ਼ਾਹਰਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ, ਕਈਆਂ ਨੂੰ ਜ਼ਖਮੀ ਕੀਤਾ, ਕਈਆਂ ਦੇ ਘਰ ਅਤੇ ਕਾਰੋਬਾਰ ਬਰਬਾਦ ਕੀਤੇ, ਕਈ ਪੁਲਿਸ ਅਤੇ ਆਮ ਲੋਕਾਂ ਨੂੰ ਆਪਣੀ ਹੀ ਪੁਲਿਸ ਨੇ ਦੱਬ ਕੇ ਰਿੜਕਿਆ ਅਤੇ ਰਿੜਕ ਰਹੀ ਹੈ, ਜਿਨ੍ਹਾਂ ‘ਤੇ ਦੋਸ਼ ਲੱਗ ਰਹੇ ਨੇ ਉਹ ਇੰਨਸਾਫ ਦੀ ਮੰਗ ਕਰ ਰਹੇ ਨੇ, ਕਈ ਅਦਾਲਤਾਂ ਦੇ ਚੱਕਰ ਕੱਟ ਰਹੇ ਨੇ ਤੇ ਦੋਸ਼ ਹੈ ਕਿ ਸਰਕਾਰ ਇਹ ਸੋਚ ਕੇ ਖੁਸ਼ ਹੈ ਕਿ ਚਲੋ ਲੋਕੀ ਕੰਮ ਲੱਗੇ ਹੋਏ ਨੇ ਸਾਡੇ ਵਾਅਦਿਆਂ ਵਾਲੀ ਕਿਤਾਬ ਖੋਲ ਕੇ ਕੋਈ ਨਹੀਂ ਪੜ੍ਹ ਰਿਹਾ। ਇਸ ਦੌਰਾਨ ਇੱਕ ਜੂਨ 2018 ਨੂੰ ਬਰਗਾੜੀ ਮੋਰਚੇ ਦੇ ਨਾ ‘ਤੇ ਕੁਝ ਸਿੱਖ ਜਥੇਬੰਦੀਆਂ ਨੇ ਇਸ ਸਾਰੇ ਮਾਮਲੇ ਸਬੰਧੀ ਇੰਨਸਾਫ ਲੈਣ ਲਈ ਧਰਨਾਂ ਲਾ ਕੇ ਕੋਸ਼ਿਸ਼ ਜਰੂਰ ਕੀਤੀ ਪਰ ਜਿਉਂ ਹੀ ਬਰਗਾੜੀ ਇੰਨਸਾਫ ਮੋਰਚੇ ਦੇ ਆਗੂਆਂ ਨੇ ਸਟੇਜ਼ਾਂ ਤੋਂ ਇਹ ਬੋਲਣਾਂ ਸ਼ੁਰੂ ਕਰ ਦਿੱਤਾ ਕਿ ਅਸੀ ਚੋਣਾਂ ਲੜਾਂਗੇ, ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ ਹਨ, ਤੇ ਸਾਨੂੰ ਚੋਣਾਂ ਲੜਨ ਵਿੱਚ ਮਦਦ ਕਰੋ ਤਾਂ ਸੂਹੀਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਤੁਰੰਤ ਕਾਗਜ਼ਾਂ ‘ਤੇ ਰਿਪੋਰਟ ਤਿਆਰ ਹੋਈ ਤੇ ਸਰਕਾਰ ਕੋਲ ਪਹੁੰਚਣ ਤੋਂ ਬਾਅਦ ਤੁਰੰਤ ਪਤਾ ਨਹੀਂ ਕੀ ਘਾਲਾ-ਮਾਲਾ ਹੋਇਆ ਕਿ ਅਚਾਨਕ ਇਸ ਮੋਰਚੇ ਨੂੰ ਮੋਰਚਾ ਲਾਉਣ ਵਾਲਿਆਂ ਨੇ ਆਪ ਖੁਦ ਖ਼ਤਮ ਕਰ ਦੇਣ ਦਾ ਐਲਾਨ ਕਰ ਦਿੱਤਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਰਗਾੜੀ ਮੋਰਚੇ ਨੂੰ ਸਫਲ ਬਣਾਉਣ ਲਈ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਤਨ-ਮਨ-ਧਨ ਨਾਲ ਇਸ ਦਾ ਪੂਰਾ ਸਮਰਥਨ ਕੀਤਾ। ਸ਼ਾਇਦ ਇਹੋ ਕਾਰਨ ਸੀ ਕਿ ਜਿਸ ਵੇਲੇ ਬਰਗਾੜੀ ਵਿਖੇ ਸ਼ਹੀਦਾਂ ਲਈ ਸਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਤੇ ਉਸ ਤੋਂ ਪਹਿਲਾਂ ਰੋਸ ਮਾਰਚ ਕੱਢਿਆ ਜਾਣਾ ਸੀ, ਤਾਂ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ‘ਚ ਆਪਣੀ ਰੈਲੀ ਰੱਖ ਲਈ ਉੱਥੇ ਲੰਬੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ। ਦੋਵਾਂ ਰਵਾਇਤੀ ਪਾਰਟੀਆਂ ਨੇ ਆਪੋ ਆਪਣੀਆਂ ਰੈਲੀਆਂ ਨੂੰ ਕਾਮਯਾਬ ਕਰਨ ਲਈ ਆਪਣੀ ਸਾਰੀ ਤਾਕਤ, ਪੈਸਾ, ਰੁਤਬਾ ਅਤੇ ਇੱਥੋਂ ਤੱਕ ਕਿ ਸਰਕਾਰੀ ਮਸ਼ੀਨਰੀ ਵੀ ਇਸ ਕੰਮ ਵਿੱਚ ਝੋਕ ਦਿੱਤੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਉਨ੍ਹਾਂ ਦੀਆਂ ਰੈਲੀਆਂ ਦੀ ਥਾਂ ਬਰਗਾੜੀ ਰੋਸ ਮਾਰਚ ਵਿੱਚ ਆਪਣੀਆਂ ਗੱਡੀਆਂ ਅੰਦਰ, ਆਪਣਾ ਤੇਲ ਫੂਕ ਕੇ ਪੱਲਿਓ ਖਾ ਕੇ ਅਤੇ ਆਪਣੀਆਂ ਦਿਹਾੜੀਆਂ ਭੱਨ ਕੇ ਉੱਥੇ ਜਾਣਾ ਮਨਜ਼ੂਰ ਕੀਤਾ।

ਇਹ ਛੁਪੇ ਲਫਜਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਆਪਣੇ ਖਿਲਾਫ ਅਜਿਹਾ ਲੋਕ ਫਤਵਾ ਨਜ਼ਰ ਆਇਆ ਕਿ ਉਨ੍ਹਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਚੋਣ ਲੁੱਟਿਆ ਡੁੱਬਦੀ ਨਜ਼ਰ ਆਈ। ਇਸ ਦੌਰਾਨ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਸਾਰੇ ਮਾਮਲੇ ਵਿੱਚ ਬਰਗਾੜੀ ਇੰਨਸਾਫ ਮੋਰਚੇ ਵਾਲਿਆਂ ਦੀ ਦੱਬ ਕੇ ਮਦਦ ਕੀਤੀ ਤੇ ਉੱਥੇ ਸੁਖਪਾਲ ਖਹਿਰਾ ਦਾ ਕੱਦ ਵੀ ਲੋਕਾਂ ਨੂੰ ਬਹੁਤ ਵੱਡਾ ਨਜ਼ਰ ਆਉਣ ਲੱਗ ਪਿਆ। ਇਹ ਗੱਲ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਵੀ ਹਿਲਾ ਗਈ ਜਿਹੜੀ ਕਿ ਸੁਖਪਾਲ ਖਹਿਰਾ ਨੂੰ ਐਲ ਓ’ ਪੀ ਦੇ ਅਹੁਦੇ ਤੋਂ ਹਟਾ ਕੇ ਖਹਿਰਾ ਦੀ ਖੁਦਮੁਖਤਿਆਰੀ ਵਾਲੀ ਮੰਗ ਵੱਲ ਪਿੱਠ ਕਰਕੇ ਖੜ੍ਹੀ ਸੀ।

ਜਿੱਥੇ ਉਸ ਤੋਂ ਬਾਅਦ ‘ਆਪ’ ਵਾਲਿਆਂ ਨੇ ਖਹਿਰਾ ਧੜ੍ਹੇ ਦੀ ਖੁਦਮੁਖਤਿਆਰੀ ਵਾਲੀ ਮੰਗ ਮੰਨਣ ਦਾ ਐਲਾਨ ਕਰ ਦਿੱਤਾ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਕੁਝ ਚਿਰ ਬਾਅਦ ਹੀ ਬਰਗਾੜੀ ਮੋਰਚੇ ਵਾਲਿਆਂ ਦੀਆਂ ਸਾਰੀਆਂ ਮੰਗਾ ਮੰਨੇ ਜਾਣ ਦਾ ਅਜਿਹਾ ਗੋਲ-ਮੋਲ ਜਿਹਾ ਐਲਾਨ ਕੀਤਾ ਕਿ ਸਿਆਣੇ ਬੰਦੇ ਲੱਖ ਰੌਲਾ ਪਾਈ ਗਏ ਪਰ ਉੱਥੇ ਚੰਗੇ ਭਲਿਆਂ ਦੀ ਮੱਤ ਮਾਰੀ ਗਈ ਜਾਂ ਕਹਿ ਲਓ ਕਿ ਕੁਝ ਹੋਰ ਹੀ ਭਾਣਾ ਵਾਪਰ ਗਿਆ ਤੇ ਇਹ ਮੋਰਚਾ ਰਾਤੋ-ਰਾਤ ਖਤਮ ਕਰ ਦਿੱਤਾ ਗਿਆ। ਲੋਕੀ ਜਿਉਂ ਹੀ ਆਪੋ ਆਪਣੇ ਘਰੀਂ ਗਏ ਸਰਕਾਰ ਨੇ ਅਨਾਜ਼ ਮੰਡੀ ਬਰਗਾੜੀ ਤੇ ਕਬਜ਼ਾ ਕਰਕੇ ਉਸ ਨੂੰ ਪੂਰੀ ਛਾਉਣੀ ‘ਚ ਤਬਦੀਲ ਕਰ ਦਿੱਤਾ ਤੇ ਅੱਜ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜ਼ਨਾਲਾ ਵਰਗੇ ਲੋਕ ਸੰਗਤਾਂ ਨੂੰ ਜਵਾਬ ਦਿੰਦੇ ਫਿਰਦੇ ਹਨ ਕਿ ਅਸੀਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਇਹ ਤਾਂ ਫਲਾਣੇ ਦੀ ਗਲਤੀ ਸੀ ਤੇ ਢਮਕਾਣੇ ਦਾ ਕਸੂਰ।

- Advertisement -

ਹੁਣ ਜਦੋਂ ਅੱਜ ਬਰਗਾੜੀ ਮੋਰਚੇ ਵਾਲਿਆਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ ਤਾਂ ਸਿਆਸੀ ਮਾਹਰਾਂ ਦੇ ਤੁਰੰਤ ਕੰਨ ਖੜ੍ਹੇ ਹੋ ਗਏ ਤੇ ਉਨ੍ਹਾਂ ਨੇ ਜਦੋਂ ਇਸ ਸਾਰੇ ਸੀਨ ਦੀ ਰੀਲ ਪਿੱਛੇ ਘੁਮਾ ਕੇ ਦੇਖੀ ਤਾਂ ਤੁਰੰਤ ਵਿਸ਼ਲੇਸ਼ਣ ਕਰ ਦਿੱਤਾ ਕਿ ਭੋਲਿਓ ਲੋਕੋ ਮੋਰਚਾ ਤਾਂ ਖਤਮ ਹੀ ਲੋਕ ਸਭਾ ਚੋਣਾਂ ਵਿੱਚ ਹੋਣ ਵਾਲੀ ਸੰਭਾਵੀ ਹਾਰ ਨੂੰ ਦੇਖਦਿਆਂ ਕਰਵਾਇਆ ਗਿਆ ਸੀ। ਕੌਣ ਪੈਸੇ ਖਾ ਗਿਆ? ਕੌਣ ਵਿਕ ਗਿਆ? ਕੌਣ ਵੇਚ ਗਿਆ?, ਕਿਸ ਨੂੰ ਵੇਚ ਗਿਆ? ਤੇ ਕੌਣ ਕਸੂਰਵਾਰ ਹੈ? ਇਸ ਤੇ ਤਾਂ ਲੋਕੀ ਉੰਝ ਹੀ ਮੱਥਾ ਮਾਰੀ ਜਾਂਦੇ ਨੇ ਨਾ ਉਨ੍ਹਾਂ ਨੂੰ ਸਮਝ ਆਈ ਤੇ ਨਾ ਆਮ ਲੋਕਾਂ ਨੂੰ ਜਿਹੜੇ ਆਪਣਾ ਸਭ ਕੁਝ ਛੱਡ ਕੇ ਇਨ੍ਹਾਂ ਮੋਰਚੇ ਵਾਲਿਆਂ ਦੇ ਪਿੱਛੇ ਲੱਗੇ ਰਹੇ।

Share this Article
Leave a comment