ਚੰਡੀਗੜ੍ਹ : ਇੱਕ ਪਾਸੇ ਜਿੱਥੇ ਸੂਬੇ ਵਿੱਚ ਪੰਜਾਬ ਜ਼ਮਹੂਰੀ ਗੱਠਜੋੜ ਬਣਾ ਕੇ ਕਈ ਪਾਰਟੀਆਂ ਅਤੇ ਧੜ੍ਹਿਆਂ ਨੇ ਅਕਾਲੀ, ਭਾਜਪਾਈਆਂ ਅਤੇ ਕਾਂਗਰਸੀਆਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸਬਕ ਸਿਖਾਉਣ ਦੇ ਵੱਡੇ ਵੱਡੇ ਐਲਾਨ ਕੀਤੇ ਹੋਏ ਹਨ ਉੱਥੇ ਦੂਜੇ ਪਾਸੇ ਇਸ ਗੱਠਜੋੜ ਦੇ ਅੰਦਰਲੀ ਹਾਲਾਤ ਦਿਨ-ਬ-ਦਿਨ ਪਤਲੇ ਅਤੇ ਢਿੱਲੇ ਹੁੰਦੇ ਜਾ ਰਹੇ ਹਨ। ਕਦੇ ਇਸ ਗੱਠਜੋੜ ਵਿੱਚ ਇੰਨਸਾਫ ਮੋਰਚੇ ਵਾਲਿਆਂ ਦੀ ਸੋਚ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਤੇ ਕਦੇ ਕਿਸੇ ਇੱਕ ਸੀਟ ਨੂੰ ਲੈ ਕੇ ਗੱਠਜੋੜ ਦਾ ਬਸਪਾ ਵਾਲਿਆਂ ਨਾਲ ਹੀ ਰੌਲਾ ਪੈ ਜਾਂਦਾ ਹੈ। ਜੀ ਹਾਂ! ਇਹ ਰੌਲਾ ਪਿਆ ਹੈ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੀ ਸੀਟ ਦਾ, ਜਿੱਥੋਂ ਟਕਸਾਲੀ ਅਕਾਲੀ ਚਾਹੁੰਦੇ ਹਨ ਕਿ ਆਨੰਦਪੁਰ ਸਾਹਿਬ ਦੀ ਸੀਟ ਤੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਚੋਣ ਲੜਾਈ ਜਾਵੇ, ਪਰ ਇਸ ਸੀਟ ‘ਤੇ ਪੰਜਾਬ ਜ਼ਮਹੂਰੀ ਗੱਠਜੋੜ ਦੇ ਅਹਿਮ ਹਿੱਸੇਦਾਰ ਬਹੁਜਨ ਸਮਾਜ ਪਾਰਟੀ ਵਾਲੇ ਆਪਣਾ ਹੱਕ ਜਤਾ ਰਹੇ ਹਨ। ਜੋ ਕਿ ਚਾਹੁੰਦੇ ਹਨ ਕਿ ਉਹ ਇੱਥੋਂ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਜਸਰਾਜ ਨੂੰ ਚੋਣ ਲੜਾਵੇ। ਲਿਹਾਜਾ ਦੋਨਾਂ ਪਾਰਟੀਆਂ ਵਿੱਚ ਜਬਰਦਸਤ ਮੈ ਨਾ ਮਾਨੂੰ ਵਾਲੇ ਹਾਲਾਤ ਪੈਦਾ ਹੋਏ ਪਏ ਹਨ।
ਇਸ ਸਬੰਧ ਵਿੱਚ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੋਂ ਚੋਣ ਲੜਾਉਣ ਲਈ ਬੀਰਦਵਿੰਦਰ ਸਿੰਘ ਵਰਗਾ ਚੰਗਾ ਅਤੇ ਮਜ਼ਬੂਤ ਉਮੀਦਵਾਰ ਹੈ, ਇਸ ਲਈ ਉਹ ਚਾਹੁੰਦੇ ਹਨ ਕਿ ਇਸ ਹਲਕੇ ਤੋਂ ਉਹ ਆਪਣਾ ਉਮੀਦਵਾਰ ਖੜ੍ਹਾ ਕਰਨ। ਪਰ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ਦਾ ਇਹ ਦਾਅਵਾ ਹੈ, ਕਿ ਇਸ ਹਲਕੇ ਵਿੱਚ ਬਸਪਾ ਦਾ ਬਹੁਤ ਵੱਡਾ ਵੋਟ ਬੈਂਕ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਬਸਪਾ ‘ਚ ਸ਼ਾਮਲ ਹੋਏ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਗੀਤਕਾਰ ਜੱਸੀ ਜਸਰਾਜ ਨੇ ਆਪ ਖੁਦ ਅਰਜ਼ੀ ਦੇ ਕੇ ਇੱਥੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਲਿਹਾਜ਼ਾ ਇਸ ਜਗ੍ਹਾ ਤੋਂ ਬਸਪਾ ਹੀ ਆਪਣਾ ਉਮੀਦਵਾਰ ਉਤਾਰੇਗੀ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਪੀਡੀਏ ਦੇ ਧੜ੍ਹਿਆਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ ਵੱਧ ਗਈ ਹੈ। ਅਜਿਹੇ ਵਿੱਚ ਜੇਕਰ ਇਹ ਮਸਲਾ ਜਲਦ ਨਾ ਸੁਲਝਾਇਆ ਗਿਆ ਤਾਂ ਜਿਹੜੀ ਆਮ ਆਦਮੀ ਪਾਰਟੀ ਇਸ ਗੱਠਜੋੜ ਤੋਂ ਬਾਹਰ ਖੜ੍ਹੀ ਕਈ ਤਰ੍ਹਾਂ ਦੀ ਸੋਚ ਵਿਚਾਰ ਕਰ ਰਹੀ ਹੈ, ਉਸ ਨੂੰ ਦੇਖ ਕੇ ਅੰਦਰ ਲੜਦੀਆਂ ਪਾਰਟੀਆਂ ਨੂੰ ਇਹ ਹੱਲਾ-ਸ਼ੇਰੀ ਮਿਲ ਜਾਵੇਗੀ, ਕਿ ਚਲੋ ! ਜੇ ਇਨ੍ਹਾਂ ਨਾਲ ਸਮਝੌਤਾ ਨਾ ਵੀ ਹੋ ਸਕਿਆ ਤਾਂ ਅਸੀਂ ‘ਆਪ’ ਵਾਲਿਆਂ ਨਾਲ ਸਮਝੌਤਾ ਕਰ ਲਵਾਂਗੇ।