ਅੜ ਗਿਆ ਆਪ ਉਮੀਦਵਾਰ ਸ਼ੇਰਗਿੱਲ, ਕਹਿੰਦਾ ਜੋ ਮਰਜ਼ੀ ਹੋ ਜੇ, ਮੈਂ ਚੋਣ ਅਨੰਦਪੁਰ ਸਾਹਿਬ ਤੋਂ ਹੀ ਲੜੂ !

Prabhjot Kaur
2 Min Read

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਪੰਜਾਬ ਦੀ ਰਾਜਨੀਤੀ ਅੰਦਰ ਪੁੰਗਰ ਰਹੇ ਗੱਠਜੋੜਾਂ ਲਈ ਸਿਆਪਿਆਂ ਦੀ ਨੈਣ ਬਣ ਗਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਸੀਟ ਨੇ ਪਹਿਲਾਂ ਟਕਸਾਲੀਆਂ ਤੇ ਪੰਜਾਬ ਜ਼ਮਹੂਰੀ ਗੱਠਜੋੜ ਵਾਲਿਆਂ ਦਾ ‘ਗੱਠਜੋੜ’ ਤੁੜਵਾ ਦਿੱਤਾ ਤੇ ਹੁਣ ਇਹੋ ਸੀਟ ਆਮ ਆਦਮੀ ਪਾਰਟੀ ਤੇ ਟਕਸਾਲੀਆਂ ਵਿਚਾਲੇ ਖਿੱਚ-ਧੂਹ ਦਾ ਕੇਂਦਰ ਬਣੀ ਹੋਈ ਹੈ। ਹਲਾਤ ਇਹ ਹਨ ਕਿ ਨਾ ਤਾਂ ਆਮ ਆਦਮੀ ਪਾਰਟੀ ਵਾਲੇ ਇੱਥੋਂ ਆਪਣੇ ਪਹਿਲਾਂ ਐਲਾਨਿਆਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਵਾਪਸ ਲੈਣ ਨੂੰ ਤਿਆਰ ਹਨ ਤੇ ਨਾ ਹੀ ਟਕਸਾਲੀ ਇੱਥੋਂ ਆਪਣੀ ਦਾਅਵੇਦਾਰੀ ਛੱਡਦੇ ਦਿਖਾਈ ਦਿੰਦੇ ਹਨ। ਅਜਿਹੇ ਹਲਾਤਾਂ ਨੂੰ ਦੇਖਦਿਆਂ ਸਿਆਸੀ ਮਾਹਰ ਇਹ ਕਹਿਣ ਨੂੰ ਮਜ਼ਬੂਰ ਹਨ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਗੱਠਜੋੜ ਵੀ ਸਿਰੇ ਨਹੀਂ ਚੜ੍ਹੇਗਾ।

ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਹ ਅਨੰਦਪੁਰ ਸਾਹਿਬ ਦੀ ਸੀਟ ਤੋਂ ਪਾਰਟੀ ਦੇ ਚੋਣ ਨਿਸ਼ਾਨ ‘ਤੇ ਹੀ ਚੋਣ ਲੜਨਗੇ ਕਿਉਂਕਿ ਉਹ ਪਿਛਲੇ 4 ਮਹੀਨੇ ਤੋਂ ਇਸ ਹਲਕੇ ਵਿੱਚ ਦਿਨ ਰਾਤ ਵਿਚਰਦਿਆਂ ਲੋਕਾਂ ਦੇ ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਨੇ ਉਨ੍ਹਾਂ ਨੂੰ ਇੱਥੋਂ ਖੁਦ ਉਮੀਦਵਾਰ ਐਲਾਨਿਆ ਹੈ, ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਾਰਟੀ ਆਪਣਾ ਇਹ ਫੈਸਲਾ ਵਾਪਸ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਇਸ ਸੀਟ ਤੋਂ ਚੋਣ ਲੜਨ ਲਈ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ ਤੇ ਉਨ੍ਹਾਂ ਦੀ ਪੂਰੀ ਤਿਆਰੀ ਹੈ।

ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਲੇ ਇਸ ਸੀਟ ‘ਤੇ ਆਪਣਾ ਦਾਅਵਾ ਇਸ ਲਈ ਕਰਦੇ ਹਨ ਕਿ ਇਹ ਪੰਥਕ ਸੀਟ ਹੈ ਤੇ ਇੱਥੋਂ ਉਨ੍ਹਾਂ ਨੇ ਬੀਰਦਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਤਾਂ ਉਹ ਕਹਿਣਾ ਚਾਹੁੰਦੇ ਹਨ ਕਿ ਉਹ ਵੀ ਇੱਕ ਸਿੱਖ ਹਨ, ਤੇ ਇਸ ਨਾਤੇ ਆਮ ਆਦਮੀ ਪਾਰਟੀ ਇੱਥੋਂ ਸੌ ਫੀਸਦੀ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਇਹ ਬਿਲਕੁਲ ਨਹੀਂ ਹੋਵੇਗਾ ਕਿ ਉਹ ਇਸ ਸੀਟ ਤੋਂ ਚੋਣ ਲੜਨ ਦਾ ਆਪਣਾ ਫੈਸਲਾ ਵਾਪਸ ਲੈ ਲੈਣ।

 

- Advertisement -

Share this Article
Leave a comment