ਨਾਮਵਰ ਕਹਾਣੀਕਾਰ ਮੋਹਨ ਭੰਡਾਰੀ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ: ਪੰਜਾਬੀ ਕਹਾਣੀ ਦੇ ਨਾਮਵਰ ਕਥਾਕਾਰ ਮੋਹਨ ਭੰਡਾਰੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਉਨ੍ਹਾਂ ਦਾ ਪੰਜਾਬੀ ਕਹਾਣੀ ਵਿੱਚ ਯੋਗਦਾਨ ਕਿਸੇ ਵੀ ਪੰਜਾਬੀ ਲੇਖਕ ਅਤੇ ਚਿੰਤਕ ਤੋਂ ਅੱਖੋਂ ਪਰੋਖਾ ਨਹੀਂ। ਉਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਨਿਰੰਤਰ ਅਮੀਰ ਬਣਾਉਣ ਦਾ ਸਫਲ ਯਤਨ ਕੀਤਾ। ਲਗਭਗ ਸਾਢੇ ਪੰਜ ਦਹਾਕੇ ਉਹ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਸਰਗਰਮ ਰਹੇ। ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ‘ਮਨੁੱਖ ਦੀ ਪੈੜ’, ‘ਪਛਾਣ’, ‘ਮੂਨ ਦੀ ਅੱਖ’, ‘ਗੋਰਾ ਬਾਸ਼ਾ’ ਪੰਜਾਬੀ ਕਥਾ ਵਿੱਚ ਚਰਚਿਤ ਪੁਸਤਕਾਂ ਰਹੀਆਂ। ਉਨ੍ਹਾਂ ਨੂੰ ‘ਮੂਨ ਦੀ ਅੱਖ’ ਪੁਸਤਕ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਵੀ ਨਿਵਾਜ਼ਿਆ ਸੀ। ਉਨ੍ਹਾਂ ਦੇ ਸ਼ਬਦ ਸੰਸਾਰ ਨੂੰ ਪੰਜਾਬੀ ਪ੍ਰੇਮੀਆਂ ਨੇ ਪੂਰਨ ਮਾਣਤਾ ਦਿੱਤੀ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ ਸਨ ਅਤੇ ਕੇਂਦਰੀ ਸਭਾ ਦੀਆਂ ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਉਹ ਨਿਰੰਤਰ ਸੰਘਰਸ਼ਸ਼ੀਲ ਰਹੇ। ਉਨ੍ਹਾਂ ਦੇ ਵਿਛੋੜੇ ਉੱਪਰ ਕੇਂਦਰੀ ਪੰਜਾਬੀ ਲੇਖਕ ਸਭਾ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਦੀ ਹੋਈ, ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਰਹੂਮ ਮੋਹਨ ਭੰਡਾਰੀ ਦਾ ਅੰਤਿਮ ਸੰਸਕਾਰ 27 ਨਵੰਬਰ ਨੂੰ ਸੈਕਟਰ 25, ਚੰਡੀਗੜ੍ਹ ਦੇ ਸ਼ਮਸ਼ਾਨ ਵਿਖੇ 12 ਵਜੇ ਕੀਤਾ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਮੋਹਨ ਭੰਡਾਰੀ ਹੋਰਾਂ ਦੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ। ਇਸੇ ਦੌਰਾਨ ਸੰਵੇਦਨਾ ਦੇ ਕਨਵੀਨਰ ਡਾ ਲਾਭ ਸਿੰਘ ਖੀਵਾ, ਅਵਤਾਰ ਸਿੰਘ ਭੰਵਰਾ, ਡਾ ਅਵਤਾਰ ਸਿੰਘ ਪਤੰਗ ਨੇ ਮੋਹਨ ਭੰਡਾਰੀ ਦੇ ਤੁਰ ਜਾਣ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਸਰਪ੍ਰਸਤ ਸੇਵੀ ਰਾਇਤ, ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਤੇ ਹੋਰ ਮੈਂਬਰਾਂ ਨੇ ਉਘੇ ਲੇਖਕ ਦੇ ਵਿਛੋੜੇ ਉਪਰ ਦੁੱਖ ਪ੍ਰਗਟ ਕਰਦਿਆਂ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Share this Article
Leave a comment