ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਮੋਦੀ ਤੇ ਰਾਹੁਲ ਨੂੰ ਕਿਹਾ ਬੰਦ ਕਰੋ ਮਾੜੀ ਬਿਆਨਬਾਜ਼ੀ, ਤੁਸੀਂ ਸੰਸਦ ‘ਚ ਇਕੱਠੇ ਬੈਠਣਾ ਹੈ

TeamGlobalPunjab
2 Min Read

ਜਲੰਧਰ : ਅਕਾਲੀ ਦਲ ਦੇ ਰਾਜ ਸਭਾ ਮੈਂਬਰ ਅਤੇ ਐਨਡੀਏ ਦੇ ਬੁਲਾਰੇ ਨਰੇਸ਼ ਗੁਜ਼ਰਾਲ ਇੰਨੀ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇੱਕ ਦੂਜੇ ਖਿਲਾਫ ਬਿਆਨਾਂ ਦੌਰਾਨ ਵਰਤੀ ਜਾ ਰਹੀ ਕਥਿਤ ਮਾੜੀ ਸ਼ਬਦਾਵਲੀ ਤੋਂ ਬੇਹੱਦ ਦੁਖੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਚੁਣੇ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਇੱਕੋ ਸੰਸਦ ਵਿੱਚ ਇਕੱਠੇ ਬੈਠਣਾ ਹੈ ਤੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਦੇ ਹੋਏ ਕਾਨੂੰਨ ਬਣਾਉਣੇ ਹਨ।

ਨਰੇਸ਼ ਗੁਜਰਾਲ ਕਹਿੰਦੇ ਹਨ, ਕਿ ਹੁਣ ਦੋਵਾਂ ਨੂੰ ਇਹੋ ਜਿਹੀ ਭਾਸ਼ਾ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤੇ ਇਹ ਸਿਆਣੇ ਆਗੂ ਇਹ ਸਮਝਣ ਕਿ ਇਹ ਸਿਰਫ ਇੱਕ ਦੂਜੇ ਦੇ ਵਿਰੋਧੀ ਸਿਆਸਤਦਾਨ ਹਨ, ਨਾ ਕਿ ਇਨ੍ਹਾਂ ਦੀ ਆਪਸ ਵਿੱਚ ਕੋਈ ਨਿੱਜੀ ਦੁਸ਼ਮਣੀ ਹੈ। ਗੁਜ਼ਰਾਲ ਅਨੁਸਾਰ ਹਰ ਰੋਜ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨੂੰ ਚੋਰ ਕਿਹਾ ਜਾਂਦਾ ਹੈ, ਤੇ ਘੱਟ ਸਾਡੇ ਪ੍ਰਧਾਨ ਮੰਤਰੀ ਵੀ ਨਹੀਂ ਹਨ।

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਨਾਂ ਲਏ ਬਿਨਾਂ ਨਰੇਸ਼ ਗੁਜਰਾਲ ਨੇ ਕਿਹਾ ਕਿ ਇਸ ਬਾਰੇ ਪੂਰੀ ਦੁਨੀਆਂ ਨੂੰ ਪਤਾ ਹੈ ਕਿ ਸਾਲ 1984 ਦੌਰਾਨ ਕਿਹੜੀਆਂ ਘਟਨਾਵਾਂ ਵਾਪਰੀਆਂ ਸਨ, ਪਰ ਇਸ ਸਬੰਧੀ ਉਨ੍ਹਾਂ ਦੀ ਨਿੱਜੀ ਰਾਏ ਇਹ ਹੈ ਕਿ ਜਦੋਂ ਕੋਈ ਇਸ ਦੁਨੀਆਂ ਨੂੰ ਛੱਡ ਜਾਂਦਾ ਹੈ ਤਾਂ ਉਸ ਦੀ ਨਿੰਦਾ ਕਰਨਾ ਨਾ ਤਾਂ ਸਾਡੇ ਦੇਸ਼ ਦੀ ਰਵਾਇਤ ਹੈ ਤੇ ਨਾ ਹੀ ਅਜਿਹਾ ਕਰਨਾ ਸਹੀ ਹੋਵੇਗਾ।

Share this Article
Leave a comment