ਚੰਡੀਗੜ੍ਹ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ, ਪਰ ਹਲਾਤ ਇਹ ਹਨ ਕਿ ‘ਅਸੀਂ ਗ੍ਰਿਫਤਾਰੀ ਦੇ ਯਤਨ ਕਰ ਰਹੇ ਹਾਂ ਜਾਂ ਜਾਂਚ ਜਾਰੀ ਹੈ’ ਕਹਿ ਕੇ ਪੁਲਿਸ ਇਨ੍ਹਾਂ ਅਤੇ ਕੁਝ ਹੋਰ ਆਗੂਆਂ ਨੂੰ ਗ੍ਰਿਫਤਾਰ ਕਰਨੋਂ ਭੈਅ ਖਾਂਦੀ ਪ੍ਰਤੀਤ ਹੁੰਦੀ ਹੈ। ਤਰਨ ਤਾਰਨ ਦੇ ਐਸਐਸਪੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਤੇ ਜਾਂਚ ਜਾਰੀ ਹੈ।
ਇਸ ਸਬੰਧੀ ਨਵਾਂ ਸ਼ਹਿਰ ਦੇ ਇੱਕ ਸਮਾਜ ਸੇਵੀ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਤੋਂ ਬਾਅਦ ਬੜੇ ਸਨਸਣੀ ਖੇਜ਼ ਖੁਲਾਸੇ ਹੋਏ ਹਨ। ਦੱਸ ਦਈਏ ਕਿ ਕਿੱਤਣਾ ਨੇ ਆਰਟੀਆਈ ਤਹਿਤ ਇਹ ਜਾਣਕਾਰੀ ਮੰਗੀ ਸੀ ਕਿ ਸਾਲ 2017 ਦੌਰਾਨ ਕਾਂਗਰਸੀ ਆਗੂਆਂ ਦੇ ਖਿਲਾਫ ਰੋਸ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਵਾਜਾਈ ਰੋਕ ਕਿ ਜਿਹੜਾ ਜ਼ੁਰਮ ਕੀਤਾ ਸੀ, ਉਸ ਵਿਰੁੱਧ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਤਾਂ ਅੱਗੋਂ ਉਨ੍ਹਾਂ ਨੂੰ ਜਵਾਬ ਮਿਲਿਆ ਹੈ ਕਿ ਉਸ ਦੌਰਾਨ ਪੁਲਿਸ ਨੇ ਥਾਣਾ ਮੱਖੂ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਲਖਬੀਰ ਸਿੰਘ ਲੋਧੀਨੰਗਲ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਕੁਝ ਹੋਰਾਂ ਦੇ ਖਿਲਾਫ ਪਰਚਾ ਦਰਜ਼ ਕੀਤਾ ਸੀ ਤੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਈ ਹੋਰ ਆਗੂਆਂ ਦੇ ਖਿਲਾਫ ਵੀ ਪਰਚੇ ਦਰਜ਼ ਕੀਤੇ ਗਏ ਸਨ ਤੇ ਇਨ੍ਹਾਂ ਸਬੰਧੀ ਦਾਖਲ ਕੀਤੀਆਂ ਗਈਆਂ ਆਰਟੀਆਈਆਂ ਵਿੱਚੋਂ ਜਿਆਦਾਤਰ ਮਾਮਲਿਆਂ ਵਿੱਚ ਪੁਲਿਸ ਨੇ ਆਪ ਮੰਨਿਆ ਹੈ ਕਿ ਜੋ ਧਾਰਾਵਾਂ ਇਨ੍ਹਾਂ ਆਗੂਆਂ ਖਿਲਾਫ ਲਾਈਆਂ ਗਈਆਂ ਹਨ ਉਨ੍ਹਾਂ ਤਹਿਤ ਗ੍ਰਿਫਤਾਰੀਆਂ ਕੀਤੀਆਂ ਜਾਣੀਆਂ ਜਰੂਰੀ ਹਨ, ਕਿਉਂਕਿ ਉਨ੍ਹਾਂ ਮਾਮਲਿਆਂ ਵਿੱਚ ਜ਼ਮਾਨਤ ਦੇਣ ਦਾ ਅਧਿਕਾਰ ਸਿਰਫ ਅਦਾਲਤਾਂ ਕੋਲ ਹੈ।
ਹਲਾਤ ਇਹ ਹਨ ਕਿ ਜਿਨ੍ਹਾਂ ਆਗੂਆਂ ਦੇ ਖਿਲਾਫ ਪਰਚੇ ਦਰਜ਼ ਕੀਤੇ ਗਏ ਹਨ ਉਨ੍ਹਾਂ ਵੱਲੋਂ ਕਿਸੇ ਨੇ ਵੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਤੱਕ ਨਹੀਂ ਲਾਈ, ਤੇ ਜਿਆਦਾਤਰ ਕੇਸਾਂ ਵਿੱਚ ਪੁਲਿਸ ਨੇ ਆਰਟੀਆਈ ਦੇ ਜਵਾਬ ਵਿੱਚ ਕਿਹਾ ਹੈ ਕਿ ਪੁਲਿਸ ਗ੍ਰਿਫਤਾਰੀ ਲਈ ਯਤਨ ਕਰ ਰਹੀ ਹੈ ਜਾਂ ਜਾਂਚ ਜਾਰੀ ਹੈ। ਤਰਨ ਤਾਰਨ ਦੇ ਐਸਐਸਪੀ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਗ੍ਰਿਫਤਾਰ ਕਰ ਲਏ ਜਾਣਗੇ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਤਰਨ ਤਾਰਨ ਇਲਾਕੇ ਵਿੱਚ ਦਰਜ਼ ਕੀਤੀ ਐਫਆਈਆਰ ਅੰਦਰ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਤੇ ਕਈ ਹੋਰ ਲੀਡਰਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਪੁਲਿਸ ਅਨੁਸਾਰ ਪਵਨ ਕੁਮਾਰ ਟੀਨੂੰ, ਵਿਧਾਇਕ ਦੇਸ ਰਾਜ ਧੁੱਗਾ, ਬਲਦੇਵ ਸਿੰਘ ਖਹਿਰਾ, ਗੁਰਪ੍ਰਤਾਪ ਵਡਾਲਾ, ਸਤਪਾਲ ਮੱਲ ਆਦਿ ਦੀ ਗ੍ਰਿਫਤਾਰੀ ਲਈ ਵੀ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲਿਖਤੀ ਜਾਣਕਾਰੀ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਹੁਣ ਤੱਕ ਅਦਾਲਤ ਅੰਦਰ ਚਲਾਨ ਵੀ ਪੇਸ਼ ਨਹੀਂ ਕੀਤਾ ਹੈ।