ਚੰਡੀਗੜ੍ਹ : ਸੁਨਾਮ ਦੇ ਪਿੰਡ ਭਗਵਾਨਪੁਰਾਂ ‘ਚ ਫਤਹਿਵੀਰ ਦੀ ਮੌਤ ਤੋਂ ਬਾਅਦ ਜਿੱਥੇ ਦੁਨੀਆਂ ਭਰ ‘ਚ ਵਸਦੇ ਪੰਜਾਬੀਆਂ ‘ਚ ਇਸ ਨੂੰ ਲੈ ਕੇ ਦੁੱਖ ਦੀ ਲਹਿਰ ਹੈ, ਉੱਥੇ ਹੀ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਵੀ ਖੁੱਲ੍ਹੇ ਪਏ ਬੋਰਵੈੱਲਾਂ ਲਈ ਆਪਣਾ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਸਰਕਾਰ ਨੇ ਇਸ ਘਟਨਾਂ ਤੋਂ ਬਾਅਦ ਤੁਰੰਤ ਹਰਕਤ ‘ਚ ਆਉਂਦਿਆਂ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਬੰਦ ਕਰਨ ਦੇ ਸਖਤ ਹੁਕਮ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਜੋ ਕੋਈ ਵੀ ਖੁੱਲ੍ਹੇ ਪਏ ਬੋਰਵੈੱਲਾਂ ਦੀ ਜਾਣਕਾਰੀ ਦੇਵੇਗਾ ਉਸ ਨੂੰ ਇਨਾਮੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।ਕੈਪਟਨ ਸਰਕਾਰ ਵੱਲੋਂ ਇਹ ਐਲਾਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੀਤਾ ਗਿਆ ਹੈ
ਤੰਦਰੁਸਤ ਪੰਜਾਬ ਮਿਸ਼ਨ ਦੇ ਨਿਰਦੇਸ਼ਕ ਕੇ ਐਸ ਪੰਨੂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਐਲਾਨ ਇੱਕ ਮਹੀਨੇ ਬਾਅਦ ਲਾਗੂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਦੋਂ ਤੱਕ ਇਹ ਕੰਮ ਜਿਲ੍ਹੇ ਦੇ ਡੀਸੀਆਂ ਨੂੰ ਸੌਂਪਿਆ ਗਿਆ ਹੈ ਉਹ ਹੀ ਆਪਣੇ ਪੱਧਰ ‘ਤੇ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਬੰਦ ਕਰਵਾਉਣਗੇ। ਇਸ ਤੋਂ ਬਾਅਦ ਜੋ ਕੋਈ ਖੁੱਲ੍ਹੇ ਪਏ ਬੋਰਵੈੱਲ ਸਬੰਧੀ ਜਾਣਕਾਰੀ ਦੇਵੇਗਾ ਉਸ ਨੂੰ 5 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਇੱਥੇ ਹੀ ਬੱਸ ਨਹੀਂ ਕੇ ਐਸ ਪੰਨੂ ਅਨੁਸਾਰ ਇਸ ਮਹੀਨੇ ਦੇ ਅੰਦਰ ਅੰਦਰ ਜੇਕਰ ਕੋਈ ਖੁੱਲ੍ਹਾ ਪਿਆ ਬੋਰਵੈੱਲ ਬੰਦ ਨਹੀਂ ਕਰਦਾ ਤਾਂ ਉਸ ਖਿਲਾਫ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਜਾਵੇਗਾ ਅਤੇ ਜੇਕਰ ਇਸ ਖੁੱਲ੍ਹੇ ਪਏ ਬੋਰਵੈੱਲ ‘ਚ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਬੋਰਵੈੱਲ ਦੇ ਮਾਲਕ ਨੂੰ ਭਾਰੀ ਜੁਰਮਾਨਾ ਕਰਨ ਦੇ ਨਾਲ ਨਾਲ ਕੇਸ ਦੀ ਦਰਜ ਕੀਤਾ ਜਾਵੇਗਾ।