5 ਦੀ ਬਜਾਏ ਹੁਣ 7 ਜੂਨ ਨੂੰ ਹੋਵੇਗਾ ਮਲੇਰਕੋਟਲਾ ਜ਼ਿਲੇ ਦਾ ਰਸਮੀ ਉਦਘਾਟਨ : ਡਿਪਟੀ ਕਮਿਸ਼ਨਰ ਅੰਮ੍ਰਿਤ ਗਿੱਲ

TeamGlobalPunjab
2 Min Read

ਮਲੇਰਕੋਟਲਾ ਦੇ ਨਵੇਂ ਡੀ.ਸੀ. ਅਤੇ ਐਸ.ਐਸ.ਪੀ ਨੇ ਸੰਭਾਲਿਆ ਅਹੁਦਾ

ਮਲੇਰਕੋਟਲਾ/ਸੰਗਰੂਰ : ਪੰਜਾਬ ਦੇ ਨਵੇਂ ਬਣੇ 23ਵੇਂ ਜ਼ਿਲੇ ਮਲੇਰਕੋਟਲਾ ਦੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਆਈ.ਏ.ਐਸ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ । ਉਨਾਂ ਦੱਸਿਆ ਕਿ ਮਲੇਰਕੋਟਲਾ ਨੂੰ ਜ਼ਿਲਾ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਜੂਨ ਨੂੰ ਮਲੇਰਕੋਟਲਾ ਦਾ ਜ਼ਿਲੇ ਵਜੋਂ ਰਸਮੀ ਉਦਘਾਟਨੀ ਸਮਾਰੋਹ ਹੁਣ 7 ਜੂਨ 2021 ਨੂੰ ਹੋਵੇਗਾ । ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਮਲੇਰੋਕਟਲੇ ਦਾ ਸਮੁੱਚਾ ਜ਼ਿਲਾ ਪ੍ਰਸ਼ਾਸਨ ਨਵੇਂ ਸਿਰੇ ਤੋਂ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਇਹ ਪ੍ਰੋਗਰਾਮ ਅੱਗੇ ਪਾਇਆ ਜਾ ਰਿਹਾ ਹੈ ।

ਡਿਪਟੀ ਕਮਿਸ਼ਨਰ ਗਿੱਲ ਨੇ ਕਿਹਾ ਕਿ ਉਹ ਖੁਦ ਨੂੰ ਖਸ਼ਕਿਸਮਤ ਸਮਝਦੇ ਹਨ ਕਿ ਮਲੇਰਕੋਟਲਾ ਦੀ ਇਤਿਹਾਸਕ ਧਰਤੀ ’ਤੇ ਨਵੇਂ ਬਣੇ ਜ਼ਿਲੇ ‘ਚ ਬਤੌਰ ਪਹਿਲੇ ਡਿਪਟੀ ਕਮਿਸ਼ਨਰ ਵੱਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯੋਗ ਲਾਭਪਤਾਰੀਆਂ ਨੂੰ ਲਾਭ ਮੁਹੱਈਆ ਕਰਵਾਇਆ ਜਾਵੇਗਾ । ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਦੀ ਮੁਸਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

- Advertisement -

ਜ਼ਿਕਰਯੋਗ ਹੈ ਕਿ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ। ਉਹ ਇਸ ਤੋਂ ਪਹਿਲਾ ਜ਼ਿਲਾ ਫਤਿਹਗੜ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਡਿਪਟੀ ਕਮਿਸ਼ਨਰ ਗਿੱਲ ਅਹੁੱਦਾ ਸੰਭਾਲਣ ਤੋਂ ਪਹਿਲਾ ਇਤਿਹਾਸਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਨਤਮਸਤਕ ਹੋਏ । ਇਸ ਮੌਕੇ ਉਨਾਂ ਨਾਲ ਮਲੇਰਕੋਟਲਾ ਜ਼ਿਲੇ ਦੇ ਨਵੇਂ ਐੱਸ.ਐੱਸ.ਪੀ. ਕੰਵਰਦੀਪ ਕੌਰ ਵੀ ਹਾਜ਼ਰ ਸਨ।

ਇਸ ਤੋਂ ਬਾਅਦ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਵੀ ਮਲੇਰਕੋਟਲਾ ‘ਚ ਆਪਣੇ ਦਫਤਰ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ਐਸ,ਐਸ,ਪੀ ਸੰਗਰੂਰ ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ. ਮਲੇਰਕੋਟਲਾ ਟੀ.ਬੈਨਿਥ, ਤਹਿਸੀਲਦਾਰ ਮਲੇਰਕੋਟਲਾ ਬਾਦਲਦੀਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ ।

Share this Article
Leave a comment