ਮਾਨਸਾ : ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਥੱਪੜ ਮਾਰਨ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਗੁੰਡਾਗਰਦੀ ਹੈ। ਪ੍ਰੋ: ਬਲਜਿੰਦਰ ਕੌਰ ਅਨੁਸਾਰ ਸਵਾਲ ਪੁੱਛਣਾ ਹਰ ਵੋਟਰ ਦਾ ਹੱਕ ਹੈ ਪਰ ਥੱਪੜ ਮਾਰਨਾ ਗਲਤ। ਇਸ ਮੌਕੇ ਉਨ੍ਹਾਂ ਆਪਣੇ ਵਿਰੋਧੀ ਸੁਖਪਾਲ ਖਹਿਰਾ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਕਿਹਾ, ਕਿ ‘ਆਪ’ ਵਾਲਿਆਂ ਤੋਂ ਸਵਾਲ ਪੁੱਛਣ ਦਾ ਹੱਕ ਸਿਰਫ ਵੋਟਰਾਂ ਕੋਲ ਹੈ, ਸੁਖਪਾਲ ਖਹਿਰਾ ਕੋਲ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਵਿਰੁੱਧ ਪ੍ਰਚਾਰ ਕਰਨ ਵਾਲੇ ਸੁਖਪਾਲ ਖਹਿਰਾ ਦਾ ਆਪਣਾ ਕੋਈ ਵਜੂਦ ਨਹੀਂ ਹੈ।
ਪੰਜਾਬ ਸਰਕਾਰ ਵਿਰੁੱਧ ਬੋਲਦਿਆਂ ਇਸ ‘ਆਪ’ ਉਮੀਦਵਾਰ ਨੇ ਕਿਹਾ ਕਿ ਕਾਂਗਰਸ ਰਾਜ ਵਿੱਚ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨੌਜਵਾਨ ਘਰ ਘਰ ਨੌਕਰੀ ਨੂੰ ਤਰਸ ਰਹੇ ਹਨ ਤੇ ਕਿਸਾਨ ਬੇਹਾਲ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਜਦੋਂ ਲੋਕ ਵਾਅਦੇ ਪੂਰੇ ਨਾ ਕਰਨ ਸਬੰਧੀ ਸਵਾਲ ਕਰਦੇ ਹਨ ਤਾਂ ਇਹ ਲੋਕ ਇਨ੍ਹਾਂ ਨਾਲ ਗੁੰਡਾਗਰਦੀ ‘ਤੇ ਉਤਰ ਆਉਂਦੇ ਹਨ।