ਸੜਕ ਹਾਦਸਿਆਂ ‘ਚ ਮੌਤ ਦਰ 50 ਫ਼ੀਸਦੀ ਤਕ ਘਟਾਉਣ ਦਾ ਟੀਚਾ : ਲਾਲਜੀਤ ਸਿੰਘ ਭੁੱਲਰ

Rajneet Kaur
3 Min Read

ਚੰਡੀਗੜ੍ਹਪੰਜਾਬ ਦੇ ਟਰਾਂਸਪੋਰਟ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ  ਸੂਬੇ ‘ਚ ਸੜਕ ਹਾਦਸਿਆਂ ‘ਚ ਮੌਤ ਦੀ ਦਰ 50 ਫ਼ੀਸਦੀ ਤਕ ਘਟਾਉਣ ‘ਤੇ ਜ਼ੋਰ ਦਿੰਦਿਆਂ ਸੂਬੇ ਦੀਆਂ ਸੜਕਾਂ ‘ਤੇ ਅਜਾਈਂ ਜਾ ਰਹੀਆਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਨੂੰ ਤਰਜੀਹ ਦੇਣ ਸਬੰਧੀ CMਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਸੜਕੀ ਹਾਦਸਿਆਂ ‘ਚ ਹੁੰਦੀਆਂ ਮੌਤਾਂ ਦੀ ਦਰ ਨੂੰ ਵੱਧ ਤੋਂ ਵੱਧ ਹੱਦ ਤਕ ਘਟਾਉਣਾ ਹੈ।

ਇਥੇ ਮਗਸੀਪਾ ਵਿਖੇ ਰੋਡ ਸੇਫਟੀ ਬਾਰੇ ਲੀਡ ਏਜੰਸੀ “ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ” ਵੱਲੋਂ ਕਰਵਾਈ ਗਈ ਦੋ ਰੋਜ਼ਾ ਸੜਕ ਸੁਰੱਖਿਆ ਵਰਕਸ਼ਾਪ ਅਤੇ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਸਮੂਹ ਭਾਈਵਾਲਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਦ੍ਰਿੜ੍ਹ ਭਾਵਨਾ ਅਤੇ ਆਪਸੀ ਪ੍ਰਭਾਵੀ ਤਾਲਮੇਲ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿਤਾ।

ਭੁੱਲਰ ਨੇ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਪ੍ਰਣ ਦੁਆਇਆ ਕਿ ਉਹ ਸੜਕ ਹਾਦਸਿਆਂ ਵਿਚ ਮੌਤ ਦਰ ਘਟਾਉਣ ਅਤੇ ਸੜਕ ਸੁਰੱਖਿਆ ਦੇ ਟੀਚੇ ਦੀ ਪ੍ਰਾਪਤੀ ਲਈ ਸਾਂਝੇ ਯਤਨ ਕਰਦਿਆਂ ਵਿਅਕਤੀਗਤ ਤੌਰ ‘ਤੇ ਘੱਟੋ-ਘੱਟ 10-10 ਜਾਨਾਂ ਬਚਾਉਣ ਲਈ ਹੰਭਲਾ ਮਾਰਨਗੇ।ਉਨ੍ਹਾਂ ਕਿਹਾ ਕਿ  ਛੋਟੀ ਉਮਰ ਦੇ ਨੌਜਵਾਨਾਂ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਅਜਿਹੇ ਨੌਜਵਾਨਾਂ ਸਮੇਤ ਉਨ੍ਹਾਂ ਦੇ ਮਾਪੇ ਵੀ ਬਰਾਬਰ ਦੇ ਜ਼ਿੰਮੇਵਾਰ ਠਹਿਰਾਏ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਉਲੰਘਣਾ ਦੇ ਨਤੀਜੇ ਵੀ ਬਰਾਬਰ ਭੁਗਤਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਖ਼ਤ ਪਹੁੰਚ ਸੜਕਾਂ ‘ਤੇ ਲਾਪ੍ਰਵਾਹੀ ਅਤੇ ਅਣਗਹਿਲੀ ਵਾਲੇ ਰਵੱਈਏ ਨੂੰ ਰੋਕਣ ਵਿਚ ਮਦਦ ਕਰੇਗੀ।

ਸੜਕ ਸੁਰੱਖਿਆ ਬਾਰੇ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਸ੍ਰੀ ਆਰ. ਵੈਂਕਟ ਰਤਨਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਸੜਕ ਹਾਦਸਿਆਂ ਵਿਚ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ, ਸੜਕ ਸੁਰੱਖਿਆ ਉਪਾਵਾਂ ਨੂੰ ਵਧੇਰੇ ਕਾਰਗਰ ਬਣਾਉਣ ਸਬੰਧੀ ਪ੍ਰਭਾਵਸ਼ਾਲੀ ਪ੍ਰਣਾਲੀ ਤਿਆਰ ਕਰਨਾ ਅਤੇ ਸੜਕ ਸੁਰੱਖਿਆ ਮਾਪਦੰਡਾਂ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਵਰਕਸ਼ਾਪ ਸੜਕ ਸੁਰੱਖਿਆ ਦੀ ਮਹੱਤਤਾ ‘ਤੇ ਚਾਨਣਾ ਪਾਉਣ ਦੇ ਨਾਲ-ਨਾਲ ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਕੀਮਤੀ ਜਾਨਾਂ ਬਚਾਉਣ ਲਈ ਹੋਰ ਰਣਨੀਤੀਆਂ ਤਿਆਰ ਕਰਨ ਵਿਚ ਲਾਜ਼ਮੀ ਤੌਰ ‘ਤੇ ਸਹਾਈ ਹੋਵੇਗੀ।

- Advertisement -

ਏ.ਡੀ.ਜੀ.ਪੀ. ਟ੍ਰੈਫਿਕ ਸ. ਅਮਰਦੀਪ ਸਿੰਘ ਰਾਏ ਨੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਦੀ ਇਹ ਤਰਜੀਹ ਹੋਣੀ ਚਾਹੀਦੀ ਹੈ ਕਿ ਉਹ ਬਿਨਾਂ ਕਿਸੇ ਡਰ ਤੋਂ ਸੜਕ ਹਾਦਸਿਆਂ ਵਿਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਵੇ।

Share this Article
Leave a comment