ਵਿਸਵ ਜਲ ਦਿਵਸ: ਧਰਤੀ ਵਾਸੀਓ ! ਜਲ ਹੈ ਤਾਂ ਕੱਲ੍ਹ ਹੈ!

TeamGlobalPunjab
7 Min Read

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ

 

ਧਰਮ ਅਤੇ ਵਿਗਿਆਨ ਦੋਵੇਂ ਮੰਨਦੇ ਹਨ ਕਿ ਬ੍ਰਹਿਮੰਡ ਦੇ ਕਿਸੇ ਵੀ ਗ੍ਰਹਿ ‘ਤੇ ਜੇਕਰ ਜਲ ਹੈ ਤਾਂ ਉੱਥੇ ਜੀਵਨ ਜ਼ਰੂਰ ਸੰਭਵ ਹੈ। ਗੁਰਬਾਣੀ ਦਾ ਫ਼ਰਮਾਨ ਹੈ– ‘‘ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ ’’ ਭਾਵ ਜਲ ਹੀ ਜੀਵਨ ਅਤੇ ਹਰਿਆਵਲ ਦਾ ਮੂਲ ਹੈ। ਵਿਗਿਆਨ ਵੀ ਮੰਨਦਾ ਹੈ ਕਿ ਜੇਕਰ ਧਰਤੀ ਤੋਂ ਪਾਣੀ ਖ਼ਤਮ ਹੋ ਜਾਂਦਾ ਹੈ ਤਾਂ ਇੱਥੇ ਜੀਵਨ ਦੀ ਹੋਂਦ ਬਣੇ ਰਹਿਣਾ ਨੁਮੁਮਕਿਨ ਹੋ ਜਾਵੇਗਾ। ਦੁਨੀਆ ਭਰ ਦੇ ਮੁਲਕਾਂ ਨੂੰ ਇੱਕਜੁੱਟ ਕਰਕੇ ਬਣੀ ਸੰਸਥਾ ਯੂ.ਐਨ.ਓ.ਭਾਵ ਸੰਯੁਕਤ ਰਾਸ਼ਟਰ ਸੰਘ ਵੀ ਜਲ ਦੇ ਮਹੱਤਵ ਨੂੰ ਪਛਾਣਦਿਆਂ ਹੋਇਆਂ ਹਰ ਸਾਲ 22 ਮਾਰਚ ਦੇ ਦਿਨ ਨੂੰ ‘ ਵਿਸ਼ਵ ਜਲ ਦਿਵਸ’ ਵਜੋਂ ਮਨਾਉਂਦਾ ਹੈ ਤੇ ਪੀਣ ਯੋਗ ਸਾਫ਼ ਪਾਣੀ ਦੇ ਸਰੋਤਾਂ ਦੀ ਰਾਖੀ ਤੇ ਸੰਭਾਲ ਦੇ ਉਚਿਤ ਪ੍ਰਬੰਧਾਂ ਲਈ ਹੰਭਲਾ ਮਾਰਨ ਦੀ ਸਭ ਨੂੰ ਅਪੀਲ ਕਰਦਾ ਹੈ।

ਯੂ.ਐਨ.ਓ. ਵੱਲੋਂ ਰੀਓ-ਡੀ-ਜਨੇਰੀਓ ਵਿਖੇ ਸੰਨ 1992 ਵਿੱਚ ਕਰਵਾਈ ਗਈ ਵਾਤਾਵਰਣ ਸੰਭਾਲ ਸਬੰਧੀ ਵਿਸ਼ਵ ਕਾਨਫ਼ਰੰਸ ਵਿੱਚ ‘ ਵਿਸ਼ਵ ਜਲ ਦਿਵਸ ’ ਮਨਾਏ ਜਾਣ ਸਬੰਧੀ ਫ਼ੈਸਲਾ ਲਿਆ ਗਿਆ ਸੀ ਤੇ ਸਭ ਤੋਂ ਪਹਿਲਾ ‘ ਵਿਸ਼ਵ ਜਲ ਦਿਵਸ’ ਸੰਨ 1993 ਵਿੱਚ ਮਨਾਇਆ ਗਿਆ ਸੀ। ਉਸ ਤੋਂ ਬਾਅਦ ਹਰ ਸਾਲ 22 ਮਾਰਚ ਦੇ ਦਿਨ ਇਹ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਧਰਤੀ ‘ਤੇ ਪੈਦਾ ਹੋ ਚੁੱਕੇ ਜਲ ਸੰਕਟ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਜਾਂਦੀਆਂ ਹਨ,ਨਵੀਆਂ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਤੇ ਲੋਕਾਂ ਅੰਦਰ ਪਾਣੀ ਦੀ ਸੰਭਾਲ ਤੇ ਰਾਖੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ। ਵਰਤਮਾਨ ਸਮੇਂ ਅੰਦਰ ਇਸ ਦਿਨ ਨੂੰ ਮਨਾਉਣ ਮੌਕੇ ਸਾਫ਼ ਪਾਣੀ ਦੇ ਨਾਲ ਨਾਲ ਆਲ੍ਹੇ-ਦੁਆਲੇ ਦੀ ਤੇ ਆਪਣੇ ਸ਼ਰੀਰ ਦੀ ਸਾਫ-ਸਫ਼ਾਈ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਖ਼ਾਸ ਕਰਕੇ ਇਸ ਵਕਤ ਚੱਲ ਰਹੇ ਕਰੋਨਾ ਸੰਕਟ ਸਮੇਂ ਸਾਫ਼ ਪਾਣੀ ਨਾਲ ਵਾਰ ਵਾਰ ਹੱਥ ਧੋਣ ਦੀ ਲੋੜ ‘ਤੇ ਵੀ ਜ਼ੋਰ ਪਾਇਆ ਜਾ ਰਿਹਾ ਹੈ।

- Advertisement -

ਅੱਜ ਦੁਨੀਆਂ ਭਰ ਵਿੱਚ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵੋਟ ਪਾਉਣ ਜਾਂ ਮਨਮਰਜ਼ੀ ਦਾ ਧਰਮ ਅਪਨਾਉਣ ਦੇ ਹੱਕ ਵਾਂਗ ਸਾਫ਼ ਪਾਣੀ ਤੇ ਸਵੱਛ ਵਾਤਾਵਰਣ ਦਾ ਹੱਕ ਵੀ ਹਰੇਕ ਧਰਤੀਵਾਸੀ ਨੂੰ ਹਾਸਿਲ ਹੋਣਾ ਚਾਹੀਦਾ ਹੈ। ਭਾਰਤ ਅੰਦਰ ਨਿਰੰਤਰ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਸੀਮਾਵਾਂ ਪਾਰ ਕਰ ਚੁੱਕਾ ਹੈ ਤੇ ਪੰਜਾਬ ਸਣੇ ਭਾਰਤ ਦੇ ਕਈ ਸੂਬਿਆਂ ਵਿੱਚ ਪੀਣ ਯੋਗ ਪਾਣੀ ਦੀ ਘਾਟ ਵੀ ਪੈਦਾ ਹੋ ਰਹੀ ਹੈ ਤੇ ਪ੍ਰਾਪਤ ਜਲ ਦੀ ਗੁਣਵੱਤਾ ਨਿਰੰਤਰ ਡਿੱਗ ਰਹੀ ਹੈ ਜੋ ਕਿ ਬੇਹੱਤ ਚਿੰਤਾ ਦਾ ਵਿਸ਼ਾ ਹੈ। ਭਾਰਤ ਵਿੱਚ ਘਟ ਰਹੀ ਜਲ ਸਰੋਤਾਂ ਦੀ ਘਾਟ ਤੇ ਪ੍ਰਦੂਸ਼ਿਤ ਹੋ ਰਿਹਾ ਮੌਜੂਦਾ ਪਾਣੀ ਭਿਆਨਕ ਭਵਿੱਖ ਦੀ ਨੀਂਹ ਰੱਖ ਚੁੱਕਾ ਹੈ।

ਜਲ ਸਬੰਧੀ ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ ਅੰਦਰ ਪੰਜਾਹ ਫ਼ੀਸਦੀ ਤੋਂ ਵੱਧ ਵੱਸੋਂ ਨੂੰ ਪੀਣ ਯੋਗ ਸਾਫ਼ ਪਾਣੀ ਉਪਲਬਧ ਨਹੀਂ ਹੈ ਤੇ ਹਰ ਵਰ੍ਹੇ ਦੋ ਲੱਖ ਦੇ ਕਰੀਬ ਮੌਤਾਂ ਖ਼ਰਾਬ ਪਾਣੀ ਜਾਂ ਪਾਣੀ ਦੀ ਘਾਟ ਕਰਕੇ ਹੁੰਦੀਆਂ ਹਨ। ਭਾਰਤ ਦੇ ਪਿੰਡ-ਪਿੰਡ ਜਾਂ ਸ਼ਹਿਰ-ਸ਼ਹਿਰ ਵਿੱਚ ਹਰ ਗਲੀ-ਮੁਹੱਲੇ ਦੀ ਦੁਕਾਨ ਤੋਂ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਾ ਵਿਕਣਾ ਇਹ ਸਾਬਿਤ ਕਰਦਾ ਹੈ ਕਿ ਹਰੇਕ ਇਲਾਕੇ ਵਿੱਚ ਪੀਣ ਯੋਗ ਸਾਫ਼ ਪਾਣੀ ਦੀ ਕਿੰਨ੍ਹੀ ਘਾਟ ਹੈ। ਅਸਲ ਵਿੱਚ ਸਮੁੱਚਾ ਦੇਸ਼ ਹੀ ‘ ਜਲ ਸੰਕਟ ’ ਨਾਲ ਜੂਝ ਰਿਹਾ ਹੈ ਤੇ ਕਿਰਸਾਨੀ ਆਧਾਰਿਤ ਵਧੇਰੇ ਵੱਸੋਂ ਹੋਣ ਕਰਕੇ ਇੱਥੇ ਪਾਣੀ ਦਾ ਪੱਧਰ ਹਰੇਕ ਪੱਖ ਤੋਂ ਹੇਠਾਂ ਹੀ ਜਾ ਰਿਹਾ ਹੈ ਜੋ ਕਿ ਭਾਰੀ ਚਿੰਤਾ ਦਾ ਵਿਸ਼ਾ ਹੈ।

ਇੱਕ ਸਰਵੇਖਣ ਅਨੁਸਾਰ ਭਾਰਤ ਦੇ ਅੱਸੀ ਫ਼ੀਸਦੀ ਪੇਂਡੂ ਖੇਤਰ ਵਿੱਚ ਪਾਈਪ ਰਾਹੀਂ ਜਲ ਸਪਲਾਈ ਦੀ ਵਿਵਸਥਾ ਮੌਜੂਦ ਨਹੀਂ ਹੈ। ਸੰਨ 2018 ਵਿੱਚ ਆਏ ‘ਕੰਪੋਜ਼ਿਟ ਵਾਟਰ ਮੈਨੇਜਮੈਂਟ ਇੰਡੈਕਸ’ ਰਾਹੀਂ ਇਹ ਦੱਸਿਆ ਗਿਆ ਸੀ ਕਿ ਸਾਲ 2030 ਵਿੱਚ ਪੀਣ ਯੋਗ ਪਾਣੀ ਦੀ ਮੰਗ ਉਸ ਵੇਲੇ ਉਪਲਬਧ ਜਲ ਦੀ ਮੰਗ ਤੋਂ ਵਧ ਜਾਵੇਗੀ ਤੇ ਸੰਨ 2050 ਤੱਕ ਅਸੀਂ ਦੇਸ਼ ਦੀ ਅਰਥ ਵਿਵਸਥਾ ਦਾ ਛੇ ਫ਼ੀਸਦੀ ਜੀ.ਡੀ.ਪੀ. ਜਲ ਸਬੰਧੀ ਪ੍ਰਬੰਧਾਂ ‘ਤੇ ਗੁਆ ਬੈਠਾਂਗੇ। ਯੂਨੀਸੈਫ਼ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵੇਲੇ ਮਾੜੀ ਗੁਣਵੱਤਾ ਵਾਲੇ ਪਾਣੀ ਤੋਂ ਉਪਜਣ ਵਾਲੀਆਂ ਬਿਮਾਰੀਆਂ ਦੇ ਇਲਾਜ ੳੁੱਪਰ ਦੁਨੀਆਂ ਭਰ ਵਿੱਚ ਛੇ ਸੌ ਮਿਲੀਅਨ ਅਮਰੀਕੀ ਡਾਲਰ ਖ਼ਰਚੇ ਜਾ ਰਹੇ ਹਨ। ਭਾਰਤ ਵਿੱਚਲੇ 15 ਵੱਡੇ ਸ਼ਹਿਰਾਂ ਅੰਦਰ ਵੱਸਦੇ 50 ਮਿਲੀਅਨ ਨਾਗਰਿਕਾਂ ਨੂੰ ਪੀਣ ਯੋਗ ਸਾਫ਼ ਪਾਣੀ ਉਪਲਬਧ ਨਹੀਂ ਹੈ। ਇੱਕਲੇ ਬੰਗਲੌਰ ਸ਼ਹਿਰ ਦੇ ਅਕੜੇ ਦੱਸਦੇ ਹਨ ਕਿ ਇੱਥੇ ਹਰ ਮਹੀਨੇ 20 ਮਿਲੀਅਨ ਪਾਣੀ ਦੀਆਂ ਬੋਤਲਾਂ ਦੀ ਵਿਕਰੀ ਹੁੰਦੀ ਹੈ ਜਿਨ੍ਹਾ ਵਿੱਚੋਂ 17 ਮਿਲੀਅਨ ਬੋਤਲਾਂ ਵਿਚਲਾ ਪਾਣੀ ਟਰਾਂਸਪੋਰਟੇਸ਼ਨ,ਸਟੋਰੇਜ ਜਾਂ ਗਰਮੀ ਦੇ ਕਾਰਨ ਗ੍ਰਾਹਕ ਦੇ ਹੱਥਾਂ ਵਿੱਚ ਪਹੁੰਚਣ ਤੱਕ ਪੀਣ ਲਈ ਅਸੁਰੱਖਿਅਤ ਹੋ ਚੁੱਕਾ ਹੁੰਦਾ ਹੈ।

ਪੰਜਾਬ ਬਾਰੇ ਵਾਤਾਵਰਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਨ 1998 ਤੋਂ ਬਾਅਦ ਇੱਥੇ ਸਲਾਨਾ ਬਰਸਾਤ ਦਰ ਵਿੱਚ ਭਾਰੀ ਕਮੀ ਆਈ ਹੈ। ਇੱਥੇ ਮੌਜੂਦ ਧਰਤੀ ਹੇਠਲੇ ਪਾਣੀ ਵਿੱਚ ਸੇਲੇਨਿਅਮ,ਯੂਰੇਨੀਅਮ,ਆਰਸਨਿਕ ਅਤੇ ਲੈੱਡ ਜਿਹੇ ਖ਼ਤਰਨਾਕ ਰਸਾਇਣਾਂ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਕੀੜੇਮਾਰ ਦਵਾਈਆਂ ਦੇ ਪ੍ਰਭਾਵ ਵੀ ਵੱਡੇ ਪੱਧਰ ‘ਤੇ ਪਾਏ ਗਏ ਹਨ ਜੋ ਕਿ ਇੱਥੇ ਵੱਸਦੀ ਵਰਤਮਾਨ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਵੱਡੇ ਖ਼ਤਰੇ ਦਾ ਸੰਕੇਤ ਤੇ ਪ੍ਰਮਾਣ ਹਨ। ਪੰਜਾਬ ਦੇ ਮਾਲਵਾ ਖੇਤਰ ਵਿੱਚ ਤਾਂ ਪਾਣੀ ਅੰਦਰ ਖ਼ਤਰਨਾਕ ਹੱਦ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਿਗਿਆਨੀ ਵਾਰ ਵਾਰ ਇਹ ਕਹਿ ਰਹੇ ਹਨ ਕਿ ਇਸ ਸੂਬੇ ਅੰਦਰ ਧਰਤੀ ਹੇਠਲਾ ਪਾਣੀ ਸੰਨ 2039 ਤੱਕ ਸੁੱਕ ਜਾਵੇਗਾ ਤੇ ਜ਼ਮੀਨਾਂ ਬੰਜਰ ਹੋ ਜਾਣਗੀਆਂ। ਵੱਖ ਵੱਖ ਸਿਆਸੀ ਕਾਰਨਾਂ ਅਤੇ ਜਲ ਸਬੰਧੀ ਸਮਝੌਤਿਆਂ ਦੇ ਚਲਦਿਆਂ ਪੰਜਾਬ ਨੂੰ ਇਸਦੇ ਹੱਕ ਦਾ ਪਾਣੀ ਨਹੀਂ ਮਿਲ ਪਾ ਰਿਹਾ ਹੈ।

ਅੱਜ ਸਮੁੱਚੇ ਪੰਜਾਬੀਆਂ,ਭਾਰਤਵਾਸੀਆਂ ਤੇ ਕਹਿ ਲਓ ਕਿ ਸਮੂਹ ਦੁਨੀਆਂਵਾਸੀਆਂ ਨੂੰ ਜਲ ਸੰਕਟ ‘ਚੋਂ ਨਿੱਕਲਣ ਲਈ ਠੋਸ ਤੇ ਕਾਰਗਰ ਰਣਨੀਤੀ ਅਪਨਾਉਣ,ਕਾਨੂੰਨ ਤੇ ਨੇਮ ਕਾਇਮ ਕਰਨ ਤੇ ਉਨ੍ਹਾ ਨੇਮਾਂ ‘ਤੇ ਸਖ਼ਤੀ ਅਤੇ ਈਮਾਨਦਾਰੀ ਨਾਲ ਅਮਲ ਕੀਤੇ ਜਾਣ ਦੀ ਭਾਰੀ ਲੋੜ ਹੈ ਵਰਨਾ ਭਵਿੱਖ ਦੀ ਕੰਧ ਉੱਤੇ ਬੜੇ ਮੋਟੇ,ਸਾਫ਼ ਤੇ ਸਪੱਸ਼ਟ ਅੱਖਰਾਂ ਵਿੱਚ ਲਿਖਿਆ ਹੋਇਆ ਹੈ-‘‘ ਜਲ ਨਹੀਂ ਤਾਂ ਕੱਲ੍ਹ ਨਹੀਂ ’’।

- Advertisement -

 

ਮੋਬਾਇਲ: 97816-46008

Share this Article
Leave a comment