ਵਿਸ਼ਵ ‘ਚ ਹਰ ਚਾਰ ਵਿਅਕਤੀਆਂ ‘ਚੋਂ ਇੱਕ ਜੀਵਨ ਦੇ ਕਿਸੇ ਨਾ ਕਿਸੇ ਮੋੜ੍ਹ ‘ਤੇ ਮਾਨਸਿਕ ਬੀਮਾਰੀ ਨਾਲ ਪੀੜਤ ਹੁੰਦਾ ਹੈ। ਜੇਕਰ ਵੱਖ-ਵੱਖ ਉਮਰ ਵਰਗ ਨੂੰ ਧਿਆਨ ‘ਚ ਰੱਖ ਕੇ ਇਸ ਰੋਗ ਵਾਰੇ ਗੱਲ ਕਰੀਏ ਤਾਂ ਇਸ ਦਾ ਅੰਕੜਾ ਵੱਖਰਾ ਨਿਕਲੇਗਾ।
ਫਿਲਹਾਲ 10 ਤੋਂ 19 ਸਾਲ ਦੀ ਉਮਰ ਦੇ ਨੌਜਵਾਨਾਂ ‘ਚ ਇਹ ਬੀਮਾਰੀ 16 ਫੀਸਦੀ ਪਾਈ ਗਈ ਹੈ। ਵਿਸ਼ਵ ਸਿਹਤ ਸੰਗਠਨ ( WHO ) ਅਨੁਸਾਰ 450 ਮਿਲੀਅਨ ਲੋਕ ਸੰਸਾਰਿਕ ਪੱਧਰ ‘ਤੇ ਮਾਨਸਿਕ ਬੀਮਾਰੀ ਨਾਲ ਪੀੜਤ ਹਨ। ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ ਨੇ ਸੰਸਾਰ ਦੇ ਲੋਕਾਂ ਦੀ ਮਾਨਸਿਕ ਸਿਹਤ ਸੰਭਾਲ ਨੂੰ ਯਥਾਰਥਵਾਦੀ ਬਣਾਉਣ ਲਈ ਸਾਲ 1992 ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਸਥਾਪਨਾ ਕੀਤੀ ਸੀ ।
ਵਿਸ਼ਵ ਮਾਨਸਿਕ ਸਿਹਤ ਦਿਵਸ ਮਾਨਸਿਕ ਸਿਹਤ ਦੇ ਮੁੱਦਿਆਂ ਵਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਇੱਕ ਦੂਜਾ ਵੱਡਾ ਕਾਰਨ ਇਹ ਵੀ ਹੁੰਦਾ ਹੈ ਕਿ ਸੰਸਾਰ ਵਿੱਚ ਹਰ ਵਰਗ ਦੇ ਲੋਕਾਂ ਨੂੰ ਇਸ ਬੀਮਾਰੀ ਦੇ ਵਾਰੇ ਪਤਾ ਚਲੇ ਤੇ ਉਹ ਉਸ ਲਿਹਾਜ਼ ਨਾਲ ਉਸਦੇ ਬਚਾਅ ਲਈ ਪਹਿਲਾਂ ਤੋਂ ਤਿਆਰ ਰਹਿਣ।
ਵੱਖ-ਵੱਖ ਹੁੰਦੇ ਹਨ ਕਾਰਨ
ਕਿਸ਼ੋਰ ਅਵਸਥਾ ਤੇ ਜਵਾਨੀ ਦੇ ਸ਼ੁਰੂਆਤੀ ਸਾਲ ਜੀਵਨ ਦਾ ਉਹ ਸਮਾਂ ਹੁੰਦਾ ਹੈ, ਜਦੋਂ ਜ਼ਿੰਦਗੀ ‘ਚ ਕਈ ਬਦਲਾਵ ਹੁੰਦੇ ਹਨ। ਉਦਾਹਰਣ ਲਈ ਸਕੂਲ ਬਦਲਣਾ, ਘਰ ਛੱਡਣਾ ਤੇ ਕਾਲਜ, ਯੂਨੀਵਰਸਿਟੀ ਜਾਂ ਨਵੀਂ ਨੌਕਰੀ ਸ਼ੁਰੂ ਕਰਨਾ। ਕਈ ਲੋਕਾਂ ਲਈ ਇਹ ਰੋਮਾਂਚਕ ਸਮਾਂ ਹੁੰਦਾ ਹੈ ਅਤੇ ਕੁੱਝ ਮਾਮਲਿਆਂ ਵਿੱਚ ਇਹ ਤਣਾਅਪੂਰਨ ਸਮਾਂ ਹੋ ਸਕਦਾ ਹੈ। ਇਸ ਦੇ ਨਾਲ ਹੀ ਆਨਲਾਈਨ ਤਕਨੀਕ ਦੀ ਵਧ ਰਹੀ ਵਰਤੋਂ ਇਸ ਉਮਰ ਵਰਗ ਦੇ ਲੋਕਾਂ ਲਈ ਲਾਭ ਦੇ ਨਾਲ ਨੁਕਸਾਨ ਵੀ ਲੈ ਕੇ ਆਈ ਹੈ।
- Advertisement -
ਮਾਨਸਿਕ ਬੀਮਾਰੀਆਂ ‘ਚੋਂ ਅੱਧੀਆਂ 14 ਸਾਲ ਦੀ ਉਮਰ ਤੱਕ ਸ਼ੁਰੂ ਹੋ ਜਾਂਦੀਆਂ ਹਨ ਪਰ ਜ਼ਿਆਦਾਤਰ ਮਾਮਲਿਆਂ ‘ਚ ਪੀੜਤ ਬੀਮਾਰੀ ਦੀ ਜਾਣਕਾਰੀ ਤੇ ਇਲਾਜ ਬਿਨ੍ਹਾਂ ਹੀ ਰਹਿ ਜਾਂਦੇ ਹਨ। ਨੌਜਵਾਨਾਂ ‘ਚ ਬੀਮਾਰੀ ਦਾ ਤੀਜਾ ਮੁੱਖ ਕਾਰਨ ਡਿਪ੍ਰੈਸ਼ਨ ਹੁੰਦਾ ਹੈ ਖੁਦਕੁਸ਼ੀ 15 ਤੋਂ 29 ਸਾਲ ਦੇ ਨੌਜਵਾਨਾਂ ‘ਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ।
ਭਾਰਤ ਵਿੱਚ ਲਗਭਗ 356 ਮਿਲੀਅਨ ਲੋਕ ਦਸ ਤੋਂ ਚੌਵੀ ਸਾਲ ਦੀ ਉਮਰ ਦੇ ਹਨ। ਭਾਰਤ ‘ਚ ਲਗਭਗ ਤੀਹ ਫ਼ੀਸਦੀ ਜਨਸੰਖਿਆ ਨੌਜਵਾਨਾਂ ਦੀ ਹੈ। ਕਿਸ਼ੋਰਾਂ ਤੇ ਨੌਜਵਾਨਾਂ ਦੇ ਵਿੱਚ ਮਾਨਸਿਕ ਪਰੇਸ਼ਾਨੀ ਦੀ ਰੋਕਥਾਮ ਤੇ ਪ੍ਰਬੰਧਨ ਦੀ ਸ਼ੁਰੂਆਤ ਜਾਗਰੂਕਤਾ ਵਧਾਕੇ ਅਤੇ ਮਾਨਸਿਕ ਰੋਗ ਦੇ ਆਰੰਭ ਦੇ ਚਿਤਾਵਨੀ ਸੰਕੇਤਾਂ ਅਤੇ ਲੱਛਣਾਂ ਨੂੰ ਸਮਝ ਕੇ ਘੱਟ ਉਮਰ ਤੋਂ ਕੀਤੀ ਜਾਣੀ ਚਾਹੀਦੀ ਹੈ।