ਜਥੇਦਾਰ ਕਾਂਉਕੇ ਦੇ ਮੁੱਦੇ ‘ਤੇ ਮਾਨ ਸਰਕਾਰ ਚੁੱਪ ਕਿਉਂ?

Prabhjot Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਦੇ ਕਤਲ ਦੇ ਮਾਮਲੇ ਦੀ ਜਾਂਚ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਚੁੱਪ ਕਿਉਂ ਹੈ। ਪੰਥਕ ਧਿਰਾਂ ਅਤੇ ਸਮਾਜਿਕ ਧਿਰਾਂ ਵਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਕਾਂਉਕੇ ਦੇ ਕਾਤਲਾਂ ਨੂੰ ਸਜਾ ਦਿੱਤੀ ਜਾਵੇ ਅਤੇ ਮਾਮਲੇ ਦੀ ਸਚਾਈ ਸਾਹਮਣੇ ਲਿਆਂਦੀ ਜਾਵੇ। ਇਹ ਗੈਰ ਮਾਨਵੀ ਕਾਰਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਸਮੇਂ ਵਾਪਰਿਆ। ਉਸ ਬਾਅਦ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆ ਗਈ। ਉਸ ਵੇਲੇ ਦੇ ਏ ਡੀ ਜੀ ਪੀ ਤਿਵਾੜੀ ਵਲੋਂ ਮਾਮਲੇ ਦੀ ਕੀਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਜਥੇਦਾਰ ਕਾਂਉਕੇ ਨੂੰ ਪੁਲੀਸ ਹਿਰਾਸਤ ਵਿਚ ਮਾਰਿਆ ਗਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਗਰਾਂਉ ਦੇ ਥਾਣੇਦਾਰ ਦੀ ਅਗਵਾਈ ਵਿਚ ਆਈ ਪੁਲੀਸ 25 ਦਸੰਬਰ 1992 ਨੂੰ ਜਥੇਦਾਰ ਕਾਂਉਕੇ ਨੂੰ ਲੈ ਕੇ ਗਈ ਪਰ ਉਹ ਮੁੜ ਵਾਪਸ ਨਹੀਂ ਆਏ। ਪੁਲੀਸ ਨੇ ਉਸ ਦੇ ਭਗੌੜਾ ਹੋਣ ਦੀ ਕਹਾਣੀ ਘੜੀ ਜਿਹੜੀ ਕਿ ਤੱਥਾਂ ਨਾਲ ਮੇਲ ਨਹੀਂ ਖਾਂਦੀ। ਅਕਾਲੀ ਦਲ ਉਸ ਪਾਰੀ ਬਾਅਦ ਵੀ ਦਸ ਸਾਲ ਸਰਕਾਰ ਵਿਚ ਰਿਹਾ ਪਰ ਜਥੇਦਾਰ ਕਾਂਉਕੇ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਈ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਂਉਕੇ ਪਰਿਵਾਰ ਨਾਲ ਮੁਲਾਕਾਤ ਵੀ ਅਹਿਮੀਅਤ ਰੱਖਦੀ ਹੈ। ਬੇਸ਼ਕ ਦੂਜੀਆਂ ਸਰਕਾਰਾਂ ਨੇ ਵੀ ਕੁਝ ਨਾ ਕੀਤਾ ਪਰ ਪੰਥਕ ਧਿਰ ਹੋਣ ਕਰਕੇ ਹੁਣ ਅਕਾਲੀ ਦਲ ਉੱਪਰ ਸਵਾਲ ਉੱਠ ਰਹੇ ਹਨ। ਇਹ ਮਾਮਲਾ ਮਨੁੱਖੀ ਅਧਿਕਾਰ ਸੰਗਠਨ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਲਈ ਪੱਤਰ ਦੇਣ ਬਾਅਦ ਉੱਭਰਕੇ ਸਾਹਮਣੇ ਆਇਆ।

ਹੁਣ ਇਸ ਮਾਮਲੇ ਦੇ ਨਿਆਂ ਲਈ ਅਵਾਜ ਉੱਠ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਮਲੇ ਦੀ ਜਾਂਚ ਅਤੇ ਕਾਰਵਈ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਕਮੇਟੀ ਵਲੋਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਕਾਂਉਕੇ ਦੀ ਯਾਦ ਵਿੱਚ ਭੋਗ ਪਾਏ ਗਏ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਸਿੱਖ ਜਥੇਬੰਦੀਆਂ ਨੇ ਮਿਲਕੇ ਜਥੇਦਾਰ ਕਾਂਉਕੇ ਦੀ ਯਾਦ ਵਿਚ ਦਿੱਲੀ ਭੋਗ ਪਾਏ। ਦਿੱਲੀ ਸਮਾਗਮ ਵਿਚ ਮੰਗ ਕੀਤੀ ਗਈ ਕਿ ਭਾਈ ਕਾਂਉਕੇ ਦੇ ਕਾਤਲਾਂ ਉੱਪਰ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲ ਤਖਤਾ ਸਾਹਿਬ ਦੇ ਜਥੇਦਾਰ ਫਖਰੇ ਕੌਮ ਐਵਾਰਡ ਵਾਪਸ ਲੈਣ।

ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਕਿਹਾ ਹੈ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਤਾਂ ਹੁਣ ਮਾਨ ਸਰਕਾਰ ਕੇਸ ਦਰਜ ਕਰੇ ਤਾਂ ਜੋ ਨਿਆਂ ਮਿਲ ਸਕੇ।

- Advertisement -

ਅਜਿਹੀਆਂ ਪ੍ਰਸਥਿਤੀਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਸ਼ਾਮੀਂ ਕਾਂਉਕੇ ਪਰਿਵਾਰ ਨੂੰ ਪਿੰਡ ਜਾਕੇ ਮਿਲਣਾ ਅਹਿਮੀਅਤ ਰੱਖਦਾ ਹੈ। ਇਸ ਸਾਰੇ ਮਾਮਲੇ ਵਿਚ ਹੁਣ ਨਿਆਂ ਦੇਣ ਲਈ ਮਾਨ ਸਰਕਾਰ ਵਲੋਂ ਕੋਈ ਵੀ ਕੀਤੀ ਜਾਣ ਵਾਲੀ ਕਾਰਵਾਈ ਪਰਿਵਾਰ ਨੂੰ ਨਿਆਂ ਦੇਣ ਦੇ ਨਾਲ ਨਾਲ ਦਹਾਕਿਆਂ ਤੋਂ ਛੁਪੇ ਸੱਚ ਨੂੰ ਸਾਹਮਣੇ ਲਿਆਉਣ ਲਈ ਬਹੁਤ ਅਹਿਮੀਅਤ ਰਖਦੀ ਹੈ।

ਸੰਪਰਕਃ 9814002186

Share this Article
Leave a comment