ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

Prabhjot Kaur
10 Min Read

ਜਲੰਧਰ: ਪੰਜਾਬ ਦੇ ਲੋਕਾਂ ਨੂੰ ਸੂਬੇ ਨੂੰ ਮੁੜ ਤੋਂ ਕਾਲੇ ਦੌਰ ਵਿਚ ਧੱਕਣ ਤੇ ਹੁੱਲੜਬਾਜ਼ ਸਿਆਸਤ ਨਾਲ ਸਰਕਾਰੀ ਜ਼ਬਰ ਕਰਨ ਤੋਂ ਸੁਚੇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਥਕ ਤੇ ਪੰਜਾਬ ਪੱਖੀ ਮਜ਼ਬੂਤੀ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਿ ਵਾਜਬ ਸਿਆਸੀ ਤੇ ਵਿੱਤੀ ਖੁਦਮੁਖ਼ਤਿਆਰੀ,ਸੂਬੇ ਦੀ ਨਿਵੇਕਲੀ ਧਾਰਮਿਕ ਤੇ ਸਭਿਆਚਾਰਕ ਪਛਾਣ ਬਣਾ ਕੇ ਰੱਖਣ ਲਈ ਜ਼ਰੂਰੀ ਹੈ।

ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਰਵਾਇਤੀ, ਪੰਥਕ ਤੇ ਪੰਜਾਬੀ ’ਤੇ ਜ਼ੋਰ ਦਿੰਦਿਆਂ ਪਾਰਟੀ ਦੇ ਸੰਘਰਸ਼ ਦੇ ਅਮੀਰ ਵਿਰਸੇ ਅਤੇ ਨਿਰਸਵਾਰਥ ਯੋਧਿਆਂ ਤੇ ਜਰਨੈਲਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਉਹਨਾਂ ਨੇ ਸੱਤਾ ਦੀ ਵਾਰ-ਵਾਰ ਪੇਸ਼ਕਸ਼ ਤੇ ਕੈਬਨਿਟ ਦੇ ਅਹੁਦਿਆਂ ਦੀ ਪੇਸ਼ਕਸ਼ ਠੁਕਰਾ ਕੇ ਦਿੱਤੀਆਂ ਅਤੇ ਆਪਣੇ ਸਿਧਾਂਤਾਂ ’ਤੇ ਡਟੇ ਰਹੇ।

ਚੋਣ ਮਨੋਰਥ ਪੱਤਰ ਜਿਸਨੂੰ ਪਾਰਟੀ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ’ਐਲਾਨ ਨਾਮੇ’ ਦਾ ਨਾਂ ਦਿੱਤਾ ਹੈ, ਵਿਚ ਪਾਰਟੀ ਨੇ ਕਿਹਾ ਕਿ ਪੰਜਾਬ ਵਿਚ ਪੁਲਿਸ ਜ਼ਬਰ ਦਾ ਦੌਰ ਪਰਤ ਰਿਹਾ ਹੈ, ਅੱਧੀ ਰਾਤ ਨੂੰ ਪੁਲਿਸ ਲੋਕਾਂ ਦੇ ਘਰਾਂ ’ਚ ਵੜ੍ਹ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਰਹੀ ਹੈ ਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੂਬੇ ਵਿਚ ਭੜਕਾਊ ਨਾਅਰਿਆਂ ਦੀ ਮਦਦ ਨਾਲ ਡਰ, ਭੈਅ ਤੇ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨਨਾਮਾ ਜਾਰੀ ਕਰਨ ਮੌਕੇ ਕੀਤਾ ਅਤੇ ਜ਼ੋਰ ਦਿੱਤਾ ਕਿ ਸੂਬੇ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਬਚਾਉਣ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਪੰਥ ਤੇ ਪੰਜਾਬ ਨੂੰ ਬਚਾਇਆ ਜਾ ਸਕੇ।

ਪੰਥਕ ਸਿਧਾਂਤ ਰਾਜਨੀਤੀ ਤੋਂ ਉਪਰ ਤੇ ਪੰਜਾਬ ਪੰਜਾਬੀਆਂ ਦਾ ਦੇ ਨਾਅਰੇ ਦਿੰਦਿਆਂ ਅਕਾਲੀ ਦਲ ਦੇ ਐਲਾਨ ਨਾਮੇ ਵਿਚ ਘੋਸ਼ਣਾ ਕੀਤੀ ਗਈ ਕਿ ਲੋਕਾਂ ਦਾ ਫਤਵਾ ਮਿਲਣ ’ਤੇ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਕਿ ਪੰਜਾਬ ਵਿਚ ਨੌਕਰੀਆਂ ਸਿਰਫ ਪੰਜਾਬੀ ਨੌਜਵਾਨਾਂ ਨੂੰ ਹੀ ਮਿਲਣਗੀਆਂ। ਇਸ ਵੇਲੇ ਨਾ ਸਿਰਫ ਨੌਕਰੀਆਂ ਬਲਕਿ ਰਾਜ ਸਭਾਸੀਟਾਂ ਵੀ ਬਾਹਰਲਿਆਂ ਨੂੰ ਤੋਹਫੇ ਵਜੋਂ ਉਹਨਾਂ ਨੂੰ ਦਿੱਤੀਆਂ ਗਈਆਂ ਜੋ ਪੰਜਾਬ ਨੂੰ ਨਫਰਤ ਕਰਦੇ ਹਨ। ਇਸ ਵੇਲੇ ਪੰਜਾਬ ਨੂੰ ਗੁਲਾਮ ਕਲੋਨੀ ਵਜੋਂ ਚਲਾਇਆ ਜਾ ਰਿਹਾ ਹੈ ਜਿਸਦੇ ਸਰੋਤ ਲੁੱਟੇ ਜਾ ਰਹੇ ਹਨ ਤੇ ਦਿੱਲੀ ਤੋਂ ਦਿੱਲੀ ਲਈ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ।

- Advertisement -

ਸਰਦਾਰ ਬਾਦਲ ਨੇ ਕਿਹਾ ਕਿ ਕੁਝ ਰਾਜਾਂ ਵਿਚ ਪਹਿਲਾਂ ਹੀ ਅਜਿਹੀਆਂ ਵਿਵਸਥਾਵਾਂ ਹਨ।

ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਐਲਾਨ ਕੀਤਾ ਗਿਆ ਕਿ ਲੋਕਾਂ ਦੇ ਫਤਵੇ ਨਾਲ ਇਹ ਪੰਜਾਬ ਦੀ ਸਹਿਮਤੀ ਤੋਂ ਬਗੈਰ ਦਰਿਆਈ ਪਾਣੀਆਂ ਬਾਰੇ ਕੀਤੇ ਸਾਰੇ ਸਮਝੌਤਿਆਂ ਤੇ ਫੈਸਲਿਆਂ ਨੂੰ ਰੱਦ ਕਰੇਗੀ ਜੋ ਕਿ ਕੌਮਾਂਤਰੀ ਤੌਰ ’ਤੇ ਪ੍ਰਵਾਨਤ ਰਾਈਪੇਰੀਅਨ ਸਿਧਾਂਤਾਂ ਦੇ ਖਿਲਾਫ ਹਨ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਗੈਰ ਰਾਈਪੇਰੀਅਨ ਰਾਜਾਂ ਤੋਂ ਆਪਣੇ ਦਰਿਆਈ ਪਾਣੀਆਂ ਦੀ ਰਾਇਲਟੀ ਵੀ ਮੰਗੇਗੀ ਅਤੇ ਇਸ ਵਾਸਤੇ ਲੋੜੀਂਦੇ ਸਾਰੇ ਸਿਆਸੀ ਤੇ ਕਾਨੂੰਨੀ ਕਦਮ ਚੁੱਕੇਗੀ।

ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਗਿਆ ਕਿ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਾਸਤੇ ਲੈਣ ਲਈ ਸੰਘਰਸ਼ ਕੀਤਾ ਜਾਵੇਗਾ। ਚੰਡੀਗੜ੍ਹ ਪੰਜਾਬ ਦਾ ਸੀ ਹੈ ਤੇ ਰਹੇਗਾ ਤੇ ਇਸਨੂੰ ਸਿਰਫ ਪੰਜ ਸਾਲਾਂ ਵਾਸਤੇ ਯੂ ਟੀ ਬਣਾਇਆ ਗਿਆ ਸੀ। ਅਸੀਂ ਇਸ ਮਾਮਲੇ ਵਿਚ ਪੰਜਾਬ ਨਾਲ ਕੇਂਦਰ ਵੱਲੋਂ ਕੀਤੀ ਗੱਦਾਰੀ ਦੇ ਖਿਲਾਫ ਡੱਟ ਕੇ ਸੰਘਰਸ਼ ਕਰਾਂਗੇ।

ਐਲਾਨਨਾਮੇ ਵਿਚ ਹੋਰ ਕਿਹਾ ਗਿਆ ਕਿ ਪਾਰਟੀ ਲੋਕਾਂ ਦੇ ਫਤਵੇ ਦੀ ਵਰਤੋਂ ਕਰਦਿਆਂ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਤੋਂ ਭਾਰਤ ਵਾਲੇ ਲਿਆਉਣ ਵਾਸਤੇ ਦੋਵਾਂ ਦੇਸ਼ਾਂ ਵਿਚ ਆਪਸੀ ਸਮਝੌਤੇ ਦੇ ਆਧਾਰ ’ਤੇ ਕੰਮ ਕਰੇਗੀ ਜਿਵੇਂ ਕਿ ਪਹਿਲਾਂ ਹੁਸੈਨੀਵਾਲਾ ਬਾਰਡਰ ਤੇ ਬੰਗਲਾਦੇਸ਼ ਦੇ ਮਾਮਲੇ ਵਿਚ ਕੀਤਾ ਗਿਆ।

- Advertisement -

ਪਾਰਟੀ ਨੇ ਵਾਅਦਾ ਕੀਤਾ ਕਿ ਉਹ ਭਾਰਤ ਸਰਕਾਰ ਰਾਹੀਂ ਕੰਮ ਕਰਦਿਆਂ ਇਹ ਯਕੀਨੀ ਬਣਾਵੇਗੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ ਤੇ ਇਸਦੀ ਥਾਂ ਇਕ ਸਾਧਾਰਣ ਪਰਮਿਟ ਸਿਸਟਮ ਲਾਗੂ ਕੀਤਾ ਜਾਵੇ।
ਐਲਾਨਨਾਮੇ ਵਿਚ ਸਰਕਾਰਾਂ ਵੱਲੋਂ ਸਿੱਖ ਗੁਰਧਾਮਾਂ ਤੇ ਖਾਲਸਾ ਪੰਥ ਦੀਆਂ ਹੋਰ ਧਾਰਮਿਕ ਸੰਸਥਾਵਾਂ ’ਤੇ ਕਬਜ਼ੇ ਕਰਨ ਦੇ ਯਤਨਾਂ ਤੇ ਸਾਜ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪਾਰਟੀ ਗੈਰ ਸਿੱਖ ਤਾਕਤਾਂ ਵੱਲੋਂ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲ ਨੂੰ ਖਤਮ ਕਰਨ ਦੀ ਵਕਾਲਤ ਕੀਤੀ ਗਈ ਤੇ ਕਿਹਾ ਗਿਆ ਕਿ ਕੁਝ ਮਾਯੂਸ ਸਿੱਖ ਤੱਤਾਂ ਤੇ ਬਹਿਰੂਪੀਆਂ ਦੀ ਵਰਤੋਂ ਕਰ ਕੇ ਪੰਥ ਨੂੰ ਇਸਦੇ ਅੰਦਰੋਂ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸੰਵਿਧਾਨ ਦੇ ਧਰਮ ਨਿਰਪੱਖ, ਲੋਕਤੰਤਰੀ ਤੇ ਸੰਘੀ ਸਰੂਪ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਜਿਸ ਵਿਚ ਗਰੀਬਾਂ, ਪੱਛੜੇ ਵਰਗਾਂ ਤੇ ਅਨੁਸੂਚਿਤ ਜਾਤੀਆਂ, ਕਬੀਲਿਆਂ ਤੇ ਘੱਟ ਗਿਣਤੀਆਂ ਸਮੇਤ ਸਮਾਜ ਦੇ ਹੋਰ ਸੋਸ਼ਤ ਵਰਗ ਲਈ ਗਰੰਟੀਆਂ ਸ਼ਾਮਲ ਹੋਣ। ਪਾਰਟੀ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਧਰਮ ਨਿਰਪੱਖ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਢਾਹ ਲੱਗੀ ਹੈ। ਘੱਟ ਗਿਣਤੀਆਂ ਤੇ ਹੋਰ ਸੋਸ਼ਤ ਵਰਗ ਨੂੰ ਫਿਰਕੂ ਆਧਾਰ ’ਤੇ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸਨੂੰ ਤੁਰੰਤ ਰੋਕਣ ਦੀ ਲੋੜ ਹੈ ਤੇ ਅਕਾਲੀ ਦਲ ਇਸਨੂੰ ਤਰਜੀਹ ਦੇ ਆਧਾਰ ’ਤੇ ਲਵੇਗਾ

ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਕਿ ਸਿੱਖਾਂ ਖਿਲਾਫ ਵਿਤਕਰਾ ਕਰਨ ਤੇ ਚਾਲਾਂ ਚੱਲਣ ਤੋਂ ਇਲਾਵਾ ਕੇਂਦਰ ਮੁਸਲਮਾਨਾਂ, ਇਸਾਈਆਂ, ਬੋਧੀਆਂ ਤੇ ਜੈਨੀਆਂ ਸਮੇਤ ਘੱਟ ਗਿਣਤੀਆਂ ਖਿਲਾਫ ਵਿਤਕਰਾ ਕਰ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਕਾਲੀ ਦਲ ਹਰ ਵਰਗ ਦੇ ਲਈ ਡਟੇਗਾ ਤੇ ਹਰ ਹਾਲ ਵਿਚ ਇਕਸਾਰ ਸਾਂਝਾ ਸਿਵਲ ਕੋਡ ਲਾਉਣ ਦਾ ਵਿਰੋਧ ਕਰੇਗਾ।

ਚੋਣ ਮਨੋਰਥ ਪੱਤਰ ਵਿਚ ਪੰਜਾਬ ਲਈ ਸਪੈਸ਼ਲ ਐਸ ਸੀ ਰੁਤਬੇ ਦੀ ਮੰਗ ਕੀਤੀ ਗਈ ਕਿਉਂਕਿ ਸੂਬੇ ਵਿਚ ਸਭ ਤੋਂ ਵੱਧ ਐਸ ਸੀ ਆਬਾਦੀ ਹੈ। ਅਕਾਲੀ ਦਲ ਪੰਜਾਬ ਵਿਚ ਐਸ ਸੀ ਵਰਗ ਦੀ ਭਲਾਈ ਵਾਸਤੇ ਵਿਸ਼ੇਸ਼ ਫੰਡਾਂ ਦੀ ਮੰਗ ਕਰੇਗਾ ਤੇ ਪਾਰਟੀ ਐਸ ਸੀ ਵਿਦਿਆਰਥੀਆਂ ਵਾਸਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬੈਕਲਾਗ ਨੂੰ ਕਲੀਅਰ ਕਰਵਾਏਗੀ। ਇਹ ਤੁਗਲਕਾਬਾਦ ਨਵੀਂ ਦਿੱਲੀ ਵਿਚ ਗੁਰੂ ਰਵੀਦਾਸ ਜੀ ਦੇ ਮੰਦਿਰ ਨੂੰ ਤੁਰੰਤ ਬਹਾਲ ਕਰਨਾ ਵੀ ਯਕੀਨੀ ਬਣਾਏਗੀ।
ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਕਿ ਪਾਰਟੀ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਦੀ ਮੰਗ ਕਰੇਗੀ ਤੇ ਇਸਦਾ ਕਾਰਜਕਾਲ ਛੇ ਸਾਲ ਤੈਅ ਕਰਨ ਤੇ ਚੇਅਰਮੈਨ ਲਈ ਕੈਬਨਿਟ ਤੇ ਮੈਂਬਰਾਂ ਲਈ ਰਾਜ ਮੰਤਰੀ ਦੇ ਦਰਜੇ ਦੀ ਮੰਗ ਕਰੇਗੀ। ਪਾਰਟੀ ਨੇ ਘੱਟ ਗਿਣਤੀਆਂ ਵਾਸਤੇ ਸੂਬਾ ਆਧਾਰਿਤ ਵਿਵਸਥਾ ਦੀ ਵਿਚਾਰਧਾਰਾ ਦਾ ਵਿਰੋਧ ਕੀਤਾ ਤੇ ਕਿਹਾ ਕਿ ਘੱਟ ਗਿਣਤੀਆਂ ਕੌਮੀ ਘੱਟ ਗਿਣਤੀਆਂ ਹਨ। ਚੋਣ ਮਨੋਰਥ ਪੱਤਰ ਵਿਚ ਪਾਕਿਸਤਾਨ ਨਾਲ ਲੱਗਦੀਆਂ ਅਟਾਰੀ ਤੇ ਹੁਸੈਨੀਵਾਲਾ ਸਰਹੱਦਾਂ ਖੋਲ੍ਹਣ ਦੀ ਮੰਗ ਕੀਤੀ ਗਈ ਤੇ ਕਿਹਾ ਗਿਆ ਕਿ ਇਸ ਨਾਲ ਵਪਾਰ ਤੇ ਸੈਰ ਸਪਾਟਾ ਵਧੇਗਾ ਤੇ ਆਰਥਿਕ ਖੁਸ਼ਹਾਲੀ ਆਵੇਗੀ। ਇਸ ਵਿਚ ਸਾਰੀ ਸਰਹੱਦੀ ਪੱਟੀ ਨੂੰ ਵਿਸ਼ੇਸ਼ ਆਰਥਿਕ ਜ਼ੋਰ ਦਾ ਦਰਜਾ ਦੁਆਉਣ ਦਾ ਵਾਅਦਾ ਕੀਤਾ ਗਿਆ। ਕਿਹਾ ਗਿਆ ਕਿ ਅਸੀਂ ਕੇਂਦਰ ਨਾਲ ਮਿਲ ਕੇ ਸਰਹੱਦੀ ਜ਼ਿਲ੍ਹਿਆਂ ਵਿਚ ਲਘੂ, ਮੱਧਮ ਤੇ ਐਮ ਐਸ ਐਮ ਈ ਸਨਅਤੀ ਇਕਾਈਆਂ ਸਥਾਪਿਤ ਕਰਾਂਗੇ। ਪਾਰਟੀ ਨੇ ਇਸ ਪੱਟੀ ਵਿਚ ਉਦਯੋਗਿਕ ਲੋੜ ਅਨੂਸਾਰ ਮੁਹਾਰਤੀ ਸਿੱਖਿਆ ਸੰਸਥਾਵਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਅਕਾਲੀ ਦਲ ਤਿੰਨ ਵਿਸ਼ੇਸ਼ ਆਰਥਿਕ ਹੱਬ ਸਥਾਪਿਤ ਕਰੇਗਾ ਜਿਹਨਾਂ ਵਿਚ ਮੁਹਾਲੀ ਨੂੰ ਆਈ ਟੀ ਹੱਬ, ਮਾਲਵਾ ਪੱਟੀ ਨੂੰ ਕਪੜਾ ਹੱਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ-ਨਾਲ ਹਰੀ ਕੇ ਪੱਤਣ, ਪਠਾਨਕੋਟ ਦੇ ਆਲੇ ਦੁਆਲੇ, ਰਣਜੀਤ ਸਾਗਰ ਡੈਮ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਵੇਗਾ।

ਇਸੇ ਤਰੀਕੇ ਪਾਰਟੀ ਕੰਡੀ ਅਤੇ ਬੇਟ ਇਲਾਕਿਆਂ ਨੂੰ ਵਿਸ਼ੇਸ਼ ਜ਼ੋਨ ਵਜੋਂ ਵਿਕਸਤ ਕਰੇਗੀ ਤੇ ਇਹਨਾਂ ਵਾਸਤੇ ਵਿਕਾਸ ਪੈਕੇਜਾਂ ਦੇ ਨਾਲ-ਨਾਲ ਉਦਯੋਗਿਕ ਰਿਆਇਤਾਂ ਦਿੱਤੀਆਂ ਜਾਣਗੀਆਂ ਜੋ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਮਿਲੀਆਂ ਹਨ।
ਮਨੋਰਥ ਪੱਤਰ ਵਿਚ ਕਿਆ ਗਿਆ ਕਿ ਅਕਾਲੀ ਦਲ ਪੰਜਾਬ ਵਿਚ ਸੂਖ਼ਮ, ਲਘੂ ਤੇ ਮੱਧਮ ਦਰਜੇ ਦੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰੇਗਾ ਕਿਉਂਕਿ ਪੰਜਾਬ ਇਕ ਖੇਤੀਬਾੜੀ ਆਧਾਰਿਤ ਰਾਜ ਹੈ। ਇਯ ਵਿਚ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸਭ ਤੋਂ ਵੱਡੀ ਲੋਕਤੰਤਰੀ ਆਵਾਜ਼ ਹੈ ਜੋ ਨਿਆਂ ਲਈ ਉਹਨਾਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਾ ਹੈ। ਪਾਰਟੀ ਆਪਣੇ ਫਤਵੇ ਦੀਵਰਤੋਂ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਵਾਸਤੇ ਕਰੇਗੀ।
ਅਕਾਲੀ ਦਲ ਕਿਸਾਨਾਂ ਵਾਸਤੇ ਇਕ ਵਾਰ ਪੂਰਨ ਕਰਜ਼ਾ ਮੁਆਫੀ ਦੀ ਵਕਾਲਤ ਕਰੇਗਾ।ਉਹਨਾਂ ਕਿਹਾ ਕਿ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਜੋ ਕਿ ਬਹੁਤ ਘੱਟ ਹੈ।

ਪਾਰਟੀ ਨੇ ਛੋਟੇ ਤੇ ਅੰਸ਼ਕ ਕਿਸਾਨਾਂ ਨੂੰ ਡੀਜ਼ਲ ’ਤੇ 20 ਫੀਸਦੀ ਸਬਸਿਡੀ ਦੇਣ ਦਾ ਵਾਅਦਾ ਕੀਤਾ। ਪਾਰਟੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ’ਹੁਨਰਮੰਦ ਵਰਕਰ ਰੁਤਬਾ’ੇ ਹਾਸਲ ਕਰਨ ਦਾ ਯਤਨ ਕਰੇਗੀ ਤੇ ਖੇਤ ਮਜ਼ਦੂਰਾ ਨੂੰ ਮਨਰੇਗਾ ਵਿਚ ਸ਼ਾਮਲ ਕਰਵਾਉਣ ਦਾ ਯਤਨ ਕਰੇਗੀ।

ਪਾਰਟੀ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਵਾਸਤੇ 50 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕਰੇਗੀ।
ਪਾਰਟੀ ਸਰਕਾਰ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕਰੇਗੀ ਤੇ ਸਬਜ਼ੀ ਤੇ ਫਲ ਉਤਪਾਦਕ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਵੀ ਮੰਗ ਕਰੇਗੀ। ਪਾਰਟੀ ਨੇ ਕਿਹਾ ਕਿ ਅਕਾਲੀ ਦਲ ਨਿੱਜੀ ਆਮਦਨ ਕਰ ਛੋਟ ਮੌਜੂਦਾ ਦਰ ਤੋਂ 4 ਲੱਖ ਹੋਰ ਵਧਾਉਣ ਦੀ ਮੰਗ ਕਰੇਗੀ।

Share this Article
Leave a comment