ਸ਼ਹਾਦਤ ਦਿਵਸ ‘ਤੇ : ਸ਼ਹੀਦ ਊਧਮ ਸਿੰਘ ਦੇ ਕਾਰਨਾਮੇ ਨੂੰ ਉਸ ਸਮੇਂ ਦੇ ਭਾਰਤੀਆਂ ਨੇ ਕਿਉਂ ਨਾ ਸਲਾਹਿਆ ?

TeamGlobalPunjab
8 Min Read

– ਡਾ. ਚਰਨਜੀਤ ਸਿੰਘ ਗੁਮਟਾਲਾ;

ਅੱਜ ਸ਼ਹੀਦ ਊਧਮ ਸਿੰਘ ਦਾ ਨਾਂ ਬੜੇ ਸਤਿਕਾਰ ਅਤੇ ਮਾਣ ਨਾਲ ਲਿਆ ਜਾ ਰਿਹਾ ਹੈ। ਉਸ ਦੇ ਸ਼ਹੀਦੀ ਦਿਨ ‘ਤੇ 31 ਜੁਲਾਈ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਤੌਰ ‘ਤੇ ਛੁੱਟੀ ਕੀਤੀ ਜਾਂਦੀ ਹੈ। ਉਸ ਦੇ ਨਾਂ ‘ਤੇ ਸੰਸਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ, ਬੁੱਤ ਲਾਏ ਜਾ ਰਹੇ ਹਨ, ਹਾਲਾਂ ਵਿੱਚ ਤਸਵੀਰਾਂ ਲਾਈਆਂ ਜਾ ਰਹੀਆਂ ਹਨ, ਸੜਕਾਂ ਅਤੇ ਕਲੋਨੀਆਂ ਦੇ ਨਾਂ ਰੱਖੇ ਜਾ ਰਹੇ ਹਨ। ਪਰ ਵੇਖਣ ਵਾਲੀ ਗੱਲ ਹੈ ਕਿ ਕੀ ਸਾਡੇ ਦੇਸ਼ ਵਾਸੀਆਂ ਨੇ ਉਸ ਦੇ ਕਾਰਨਾਮੇ ਨੂੰ ਉਸ ਸਮੇਂ ਸਲਾਹਿਆ ਸੀ ਜਦ ਉਸ ਨੇ ਇੰਗਲੈਂਡ ਦੇ ਕੈਕਸਟਨ ਹਾਲ ਵਿਖੇ 13 ਮਾਰਚ 1940 ਦੀ ਸ਼ਾਮ ਨੂੰ ਜੱਲਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਪੂਰੇ ਵੀਹ ਸਾਲ ਗਿਆਰਾਂ ਮਹੀਨੇ ਬਾਅਦ ਇਕ ਐਸਾ ਕਾਰਨਾਮਾ ਕੀਤਾ ਜਦ ਕਿ ਇਸ ਨੂੰ ਸਲਾਹੇ ਜਾਣ ਦੀ ਲੋੜ ਸੀ? ਇਹ ਵੀ ਉਸ ਸਮੇਂ ਜਦ ਕਿ ਸਭ ਨੂੰ ਪਤਾ ਸੀ ਕਿ ਉਸ ਨੂੰ ਆਉਂਦੇ ਕੁਝ ਦਿਨਾਂ ਵਿੱਚ ਫਾਂਸੀ ਲਾਇਆ ਜਾਣਾ ਹੈ ਤੇ ਉਸ ਸਮੇਂ ਉਸ ਨੂੰ ਇਖ਼ਲਾਕੀ ਮਦਦ ਦੀ ਲੋੜ ਸੀ। ਇਸ ਦਿਨ ਉਸ ਨੇ ਸਰ ਮਾਈਕਲ ਉਡਵਾਇਰ ਜੋ ਕਿ 1913 ਤੋਂ 1919 ਤੀਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਹਿ ਚੁੱਕਾ ਸੀ ਨੂੰ ਆਪਣੀ ਗੋਲੀ ਦਾ ਨਾ ਉਕਣ ਵਾਲਾ ਨਿਸ਼ਾਨਾ ਬਣਾਇਆ। ਉਡਵਾਇਰ ਉਹ ਅਧਿਕਾਰੀ ਜਿਸ ਨੇ ਪੰਜਾਬੀਆਂ ‘ਤੇ ਅਥਾਹ ਅਤਿਆਚਾਰ ਢਾਹੇ ਉਹ ਜੱਲਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਲਈ ਪੂਰੀ ਤਰ੍ਹਾਂ ਜ਼ੁੰਮੇਵਾਰ ਸੀ।

ਉਪਰੋਕਤ ਪ੍ਰਸ਼ਨ ਬਾਰੇ ਇੰਗਲੈਂਡ ਵਾਸੀ ਜੋਗਿੰਦਰ ਸ਼ਮਸ਼ੇਰ ਨੇ ਆਪਣੀ ਪੁਸਤਕ ‘ਲੰਡਨ ਦੇ ਸ਼ਹੀਦ’ ਵਿੱਚ ਬੜੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਸ. ਊਧਮ ਸਿੰਘ ਨੇ ਇੰਗਲੈਂਡ ਦੇ ਕੈਕਸਟਨ ਹਾਲ ਵਿਖੇ 13 ਮਾਰਚ 1940 ਦੀ ਸ਼ਾਮ ਨੂੰ ਜ਼ਲਿ੍ਹਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਪੂਰੇ ਵੀਹ ਸਾਲ ਗਿਆਰਾਂ ਮਹੀਨੇ ਬਾਅਦ ਇਕ ਐਸਾ ਕਾਰਨਾਮਾ ਕੀਤਾ ਜੋ ਭਾਰਤ ਦੀ ਆਜ਼ਾਦੀ ਲਹਿਰ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਜਿਸਦਾ ਜ਼ਿਕਰ ਕਰਦਿਆਂ ਲੋਕਾਂ ਦੇ ਸਿਰ ਸਤਿਕਾਰ ਤੇ ਸ਼ਰਧਾ ਨਾਲ ਝੁੱਕ ਜਾਂਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਹੱਸ ਹੱਸ ਕੇ ਦੇਸ਼ ਦੀ ਅਣਖ਼ ਦੀ ਖ਼ਾਤਰ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਲੰਡਨ ਵਿੱਚ ਸ਼ਹੀਦ ਹੋਣ ਵਾਲੇ ਇਸ ਦੂਜੇ ਸੂਰਬੀਰ (ਲ਼ੰਡਨ ਦਾ ਪਹਿਲਾ ਸ਼ਹੀਦ ਮਦਨ ਲਾਲ ਢੀਂਗਰਾ ਸੀ ਜਿਸ ਨੂੰ 17 ਅਗਸਤ 1909 ਨੂੰ ਲੰਡਨ ਵਿਚ ਫਾਂਸੀ ਦਿੱਤੀ ਗਈ) ਨੂੰ ਉਸ ਸਮੇਂ ਭਾਵ1940 ਦੇ ਸਿਆਸਤਦਾਨਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਉਸ ਦੇ ਕਾਰਨਾਮੇ ਨੂੰ ਸਲਾਹੁਣ ਦੀ ਥਾਂ ‘ਤੇ ਉਸ ਸਮੇਂ ਜੋ ਕੁਝ ਕੀਤਾ ਉਸ ਨੂੰ ਜਾਣ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।

- Advertisement -

ਉਸ ਸਮੇਂ ਮਹਾਤਮਾ ਗਾਂਧੀ ਨੇ ਇਸ ਕਾਰਨਾਮੇ ਨੂੰ ਪਾਗ਼ਲਪਨ ਕਰਾਰ ਦਿੰਦੇ ਹੋਏ ਕਿਹਾ ਸੀ,“ਸਰ ਮਾਈਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਮਿੰਗਟਨ ਅਤੇ ਸਰ ਲੂਈ ਡੇਨ ਦੇ ਜ਼ਖਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਮਿਰਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾ ਕਰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਜ਼ਖਮ ਛੇਤੀ ਤੰਦਰੁਸਤ ਹੋ ਜਾਣਗੇ। ਮੈਂ ਇਸ ਕਾਰਨਾਮੇ ਨੂੰ ਪਾਗ਼ਲਪਨ ਸਮਝਦਾ ਹਾਂ। ਇਹੋ ਜਿਹੇ ਕਾਰਨਾਮੇ ਉਨ੍ਹਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿੰਨ੍ਹਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸ ਨੂੰ ਨਜ਼ਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ”। ਉਸ ਵੇਲੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੌਲਾਨਾ ਅਬਦੁਲ ਕਲਾਮ ਆਜ਼ਾਦ ਨੇ ਕਿਹਾ, “ਇਸ ਦੁਖਾਂਤਕ ਘਟਨਾ ਲਈ, ਸਾਨੂੰ ਬਹੁਤ ਅਫ਼ਸੋਸ ਹੈ। ਇਹ ਪਤਾ ਲੱਗਣ ‘ਤੇ ਕੁਝ ਸ਼ਾਂਤੀ ਹੋਈ ਹੈ ਕਿ ਇਸ ਨਾਲ ਕੋਈ ਰਾਜਸੀ ਮਹੱਤਤਾ ਸੰਬੰਧਤ ਨਹੀਂ”।

14 ਮਾਰਚ 1940 ਨੂੰ ਪੰਜਾਬ ਅਸੈਂਬਲੀ ਵਿੱਚ ਉਸ ਸਮੇਂ ਦੇ ਵਜ਼ੀਰੇ ਆਜ਼ਮ ਸਰ ਸਕੰਦਰ ਹਯਾਤ ਖਾਂ ਨੇ ਪੇਸ਼ ਕੀਤੇ ਮਤੇ ਵਿੱਚ ਇਸ ਦਲੇਰੀ ਭਰੇ ਕਾਰਨਾਮੇ ਨੂੰ ਕਮੀਨਾ ਕਿਹਾ ਸੀ। ਮਤੇ ਅਨੁਸਾਰ, “ ਇਹ ਹਾਊਸ ਉਸ ਕਮੀਨੇ ਹਮਲੇ ਦੀ, ਜਿਹੜਾ ਕਿ ਰਿਪੋਰਟਰਾਂ ਮੁਤਾਬਕ ਇਕ ਹਿੰਦੁਸਤਾਨੀ ਨੇ ਕੈਕਸਟਨ ਹਾਲ ਲੰਡਨ ਵਿਖੇ ਕੀਤਾ, ਪੂਰੀ ਨਿਖੇਧੀ ਕਰਦਾ ਹੈ ਅਤੇ ਇਸ ਉਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਇਹ ਲੇਡੀ ਉਡਵਾਇਰ ਅਤੇ ਪ੍ਰਵਾਰ ਦੇ ਹੋਰ ਜੀਆਂ ਨਾਲ ਪੂਰੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ”। ਉਸ ਨੇ ਮਤੇ ਨੂੰ ਪੇਸ਼ ਕਰਦਿਆਂ ਕਿਹਾ ਸੀ, “ਇਹੋ ਜਿਹੇ ਹਿੰਸਾ ਦੇ ਕਾਰਨਾਮੇ ਹਿੰਦੁਸਤਾਨ ਦੇ ਨਾਮ ਧੱਬਾ ਹਨ ਅਤੇ ਦੇਸ਼ ਦੀਆਂ ਰਵਾਇਤਾਂ ਦੇ ਖਿਲਾਫ ਹਨ”। ਕਾਂਗਰਸ ਪਾਰਟੀ ਉਸ ਸਮੇਂ ਵਿਰੋਧੀ ਧਿਰ ਵਿੱਚ ਸੀ। ਪਰ ਕਿਸੇ ਨੇ ਵੀ ਇਸ ਮਤੇ ਦੀ ਵਿਰੋਧਤਾ ਨਾ ਕੀਤੀ ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ।

ਯਾਦ ਰਹੇ ਕਿ ਸਰ ਸਕੰਦਰ ਹਯਾਤ ਖਾਂ ਦੀ ਇਸ ਵਜ਼ਾਰਤ ਵਿੱਚ ਸਰ ਸੁੰਦਰ ਸਿੰਘ ਮਜੀਠੀਆ, ਸਰ ਛੋਟੂ ਰਾਮ ਅਤੇ ਹੋਰ ਅੰਗਰੇਜ਼ ਪ੍ਰਸਤ ਸ਼ਾਮਲ ਸਨ ਜਿਸ ਨੇ 1939 ਵਿੱਚ ਦੂਜਾ ਵਿਸ਼ਵ ਯੁੱਧ ਦੇ ਸ਼ੁਰੂ ਵਿੱਚ ਅਨੇਕਾਂ ਦੇਸ਼ ਭਗਤਾਂ ਨੂੰ ਡੀਫੈਂਸ ਆਫ ਇੰਡੀਆ ਰੂਲਜ਼ ਹੇਠਾਂ ਗਿ੍ਰਫਤਾਰ ਕਰਕੇ ਕੈਂਪਾਂ ਵਿੱਚ ਨਜ਼ਰਬੰਦ ਕੀਤਾ ਸੀ।

ਉਡਵਾਇਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੇ ਸਾਰੇ ਦਫ਼ਤਰ ਬੰਦ ਹੋ ਗਏ ਤੇ ਝੰਡੇ ਨੀਵੇਂ ਕਰ ਦਿੱਤੇ ਗਏ। ਉਸ ਦੀ ਬਹਾਦਰੀ ਦੇ ਗੁਣ ਗਾਏ। ਪਰ ਉਸ ਮਹਾਨ ਸ਼ਹੀਦ ਲਈ ਬਹੁਤ ਹੀ ਘਟੀਆ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਭਾਰਤ ਤੋਂ ਇਲਾਵਾ ਇੰਗਲੈਂਡ ਵਿੱਚ ਜਿੱਥੇ ਕਿ ਇਹ ਘਟਨਾ ਵਾਪਰੀ ਵਿਖੇੇ ਵੀ ਇੰਡੀਆ ਹਾਊਸ ਵਿੱਚ ਉਸ ਸਮੇਂ ਦੇ ਇੰਡੀਅਨ ਹਾਈ ਕਮਿਸ਼ਨਰ ਸਰ ਫਿਰੋਜ਼ ਖਾਨ ਵਲੋਂ ਇਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ, ਮੁਸਲਮ ਲੀਗ, ਸਿੱਖ਼ ਖ਼ਾਲਸਾ ਜੱਥਾ, ਇੰਡੀਆ ਲੀਗ, ਪਾਰਸੀ ਐਸੋਸੀਏਸ਼ਨ ਤੇ ਹੋਰ ਕਈ ਜਥੇਬੰਦੀਆਂ ਦੇ ਪ੍ਰਤੀਨਿੱਧ ਸ਼ਾਮਲ ਹੋਏ। ਇਸ ਵਿੱਚ ਵੀ ਇਸ ਕਾਰਨਾਮੇ ਦੀ ਨਿਖੇਧੀ ਕੀਤੀ ਗਈ ਤੇ ਉਡਵਾਇਰ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।

ਪਰ ਇਸ ਦੇ ਬਾਵਜੂਦ ਵੀ ਕਿਸੇ ਨੇ ਉਸ ਦਾ ਕੇਸ ਲੜਨ ਲਈ ਵਕੀਲ ਕੀਤਾ ਜਿਵੇਂ ਕਿ ਸ. ਜਾਹਲ ਸਿੰਘ ਨੂੰ ਸ. ਊਧਮ ਸਿੰਘ ਵੱਲੋਂ ਲਿਖੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ, “ਮੈਂ ਜਾਣਦਾ ਹਾਂ ਕਿ ਇਥੇ ਰਹਿੰਦੇ ਕਈ ਹਿੰਦੁਸਤਾਨੀ ਮੇਰੇ ਖਿਲ਼ਾਫ਼ ਹਨ। ਪਰ ਮੇਰਾ ਦਿਲ ਜਾਣਦਾ ਹੈ ਕਿ ਤੁਹਾਨੂੰ ਗੱਲ ਦਸਾਂ। ਮੈਨੂੰ ਨਹੀਂ ਪਤਾ ਕਿ ਕੌਣ ਮੇਰੀ ਖ਼ਾਤਰ ਸੋਲਿਸਟਰ (ਵਕੀਲ) ਦਾ ਝੰਜਟ ਕਰ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਉਸ ਦਾ ਪੈਸਾ ਮੇਰੇ ਮੁਕੱਦਮੇ ‘ਤੇ ਲੱਗੇ ਜਦੋਂ ਕਿ ਮੈਨੂੰ ਕੁਝ ਵੀ ਹੋਵੇ, ਚਿੰਤਾ ਨਹੀਂ ਮੈਂ ਕਿਸੇ ਵੀ ਥਾਓਂ ਜਾਣ ਲਈ ਤਿਆਰ ਹਾਂ, ਤਾਂ ਮੇਰੀ ਖਾਤਰ ਲੋਕ ਕਿਉਂ ਕਸ਼ਟ ਕਰਦੇ ਹਨ। ਮੈਨੂੰ ਮੌਤ ਦਾ ਡਰ ਨਹੀਂ ਕਿਉਂਕਿ ਜਲਦੀ ਹੀ ਫਾਂਸੀ ਨਾਲ ਵਿਆਹ ਹੋਣਾ ਹੈ।… ਜੇ ਤੁਹਾਨੂੰ ਪਤਾ ਲੱਗੇ ਕਿ ਮੇਰੀ ਮਦਦ ਕਰਨ ਵਾਲੇ ਕੌਣ ਹਨ, ਬਰਾਏ ਮਿਹਰਬਾਨੀ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦੇਣਾ, ਮੈਨੂੰ ਖੁਸ਼ੀ ਹੋਵੇਗੀ। ਜੋ ਉਹ ਕਾਤਿਲ ਦੀ ਮਦਦ ਕਰਨ ਦੀ ਥਾਉਂ ਵਿਦਿਆ ਤੇ ਪੈਸਾ ਖਰਚਣ।”ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਇੰਗਲੈਂਡ ਵਿਚ ਉਸ ਦੇ ਬਹੁਤ ਘੱਟ ਹਮਦਰਦੀ ਸਨ।

- Advertisement -

ਅੰਤਰਰਾਸ਼ਟਰੀ ਪੱਧਰ ‘ਤੇ ਉਸ ਦੇ ਹੱਕ ਵਿੱਚ ਇਕੋ ਇਕ ਆਵਾਜ਼ ਸਾਰੇ ਵਿਸ਼ਵ ਵਿੱਚ ਗੂੰਜੀ ਉਹ ਸੀ ਜਰਮਨ ਰੇਡੀਉ ਜਿਸ ਨੇ ਆਪਣੇ ਪ੍ਰਸਾਰਨ ਵਿੱਚ ਕਿਹਾ ਸੀ, “ਅਤਿਆਚਾਰ ਦਾ ਸ਼ਿਕਾਰ ਲੋਕਾਂ ਦੀ ਆਵਾਜ਼ ਗੋਲੀਆਂ ਬਣ ਕੇ ਗੂੰਜੀ (ਦਾ ਕਰਾਈ ਆਫ਼ ਟੌਰਮੈਂਟਡ ਪਿੳਪਲ ਸਪੋਕ ਵਿਦ ਸ਼ੌਟਸ)”. ਇਨਕਲਾਬੀ ਗਰੁੱਪਾਂ ਵਲੋਂ ਕੱਢੀ ਜਾਂਦੀਆਂ ਗੁਪਤ ਅਖਬਾਰਾਂ ਵਿੱਚ ਸ਼ਾਇਦ ਉਸ ਨੂੰ ਸਲਾਹਿਆ ਗਿਆ ਹੋਵੇ ਪਰ ਸਾਨੂੰ ਅਜਿਹੇ ਕੋਈ ਪ੍ਰਗਟ ਰੂਪ ਵਿੱਚ ਲਿਖਤ ਨਹੀਂ ਮਿਲਦੀ ਜਿਸ ਵਿੱਚ ਉਸ ਦੇ ਕਾਰਨਾਮੇ ਦੀ ਸ਼ਲਾਘਾ ਕੀਤੀ ਗਈ ਹੋਵੇੇ।

ਜੋਗਿੰਦਰ ਸ਼ਮਸ਼ੇਰ ਨੇ ਠੀਕ ਹੀ ਲਿਖਿਆ ਹੈ ਕਿ ਭਾਰਤ ਦੀਆਂ ਨਰਮ ਦੱਲ ਦੀਆਂ ਰਾਜਸੀ ਪਾਰਟੀਆਂ, ਸਾਰੀ ਬਰਤਾਨਵੀ ਸਰਕਾਰ, ਪ੍ਰਤੀਗਾਮੀ ਫਿਰਕਾਪ੍ਰਸਤ ਅਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਬੇ-ਜ਼ਮੀਰੇ ਲੋਕ ਇਕ ਬੰਨੇ ਸਨ। ਪਰ ਦੂਜੇ ਬੰਨੇ ਊਧਮ ਸਿੰਘ ਸੀ, ਜਿਸ ਕੋਲ ਕਿ ਬਲਵਾਨ ਆਤਮਾ ਅਤੇ ਸ਼ੇਰ ਵਰਗਾ ਜਿਗਰਾ ਸੀ, ਜਿਸ ਨਾਲ ਕਰੋੜਾਂ ਉਨ੍ਹਾਂ ਹਿੰਦੁਸਤਾਨੀਆਂ ਦੀ ਹਮਦਰਦੀ ਸੀ, ਜੋ ਬੇ-ਆਵਾਜ਼ ਸਨ। ਸ਼ਾਇਦ ਇਸ ਲਈ ਕਿ ਊਧਮ ਸਿੰਘ ਦਾ ਕਾਰਨਾਮਾ ਜਿੰਨੀ ਦਲੇਰੀ ਭਰਿਆ ਸੀ, ਉਸ ਦਾ ਸਾਥ ਦੇਣ ਲਈ ਵੀ ਉਨੀ ਦਲੇਰੀ ਦੀ ਲੋੜ ਸੀ।

ਸੰਪਰਕ: 919417533060

Share this Article
Leave a comment