ਕਿਸਾਨਾਂ, ਗਰੀਬਾਂ ਤੇ ਦੱਬੇ ਕੁਚਲਿਆਂ ਦੇ ਕੌਣ ਸਨ ਕ੍ਰਾਂਤੀਕਾਰੀ ਮਸੀਹਾ

TeamGlobalPunjab
5 Min Read

-ਅਵਤਾਰ ਸਿੰਘ

ਸਰ ਛੋਟੂ ਰਾਮ ਰੋਹਤਕ ਜ਼ਿਲ੍ਹੇ (ਹੁਣ ਹਰਿਆਣਾ) ਦੇ ਪਿੰਡ ਗੜ੍ਹੀ ਸਾਂਪਲਾ ਵਿੱਚ ਬਰਾਨੀ ਜ਼ਮੀਨ ਵਾਲੇ ਇਕ ਕਿਸਾਨ ਦੇ ਘਰ 24 ਨਵੰਬਰ,1881 ਨੂੰ ਪੈਦਾ ਹੋਏ। ਬਾਅਦ ਵਿੱਚ ਉਹ ਆਪਣਾ ਜਨਮ ਦਿਨ ਉਹ ਹਮੇਸ਼ਾ ਬਸੰਤ ਪੰਚਮੀ ਨੂੰ ਮਨਾਉਂਦੇ ਰਹੇ ਸਨ। ਸਰ ਛੋਟੂ ਰਾਮ ਅਣਵੰਡੇ ਮੁਲਕ ਅਤੇ ਅਣਵੰਡੇ ਪੰਜਾਬ ਦੇ ਕਿਸਾਨ ਯੋਧੇ ਦਾ ਅਸਲੀ ਨਾਮ ਰਿਛਪਾਲ ਸੀ ਪਰ ਘਰ ਵਿਚ ਸਭ ਤੋਂ ਛੋਟੇ ਹੋਣ ਕਰਕੇ ਛੋਟੂ ਕਿਹਾ ਜਾਣ ਲੱਗ ਪਿਆ। ਸਕੂਲ ਵੀ ਉਸੇ ਨਾਮ ‘ਤੇ ਦਾਖਲ ਕਰਵਾਇਆ ਗਿਆ।

ਸੇਂਟ ਸਟੀਫਨ ਕਾਲਜ ਦਿੱਲੀ ਤੋਂ BA ਕੀਤੀ ਅਤੇ ਲਾਅ ਕਾਲਜ ਲਾਹੌਰ ਤੋਂ ਪੜ੍ਹਾਈ ਦੇ ਨਾਲ ਨਾਲ ਪੜ੍ਹਾਉਣਾ ਸ਼ੁਰੂ ਕੀਤਾ। ਸਾਲ 1911 ਵਿਚ ਲਾਅ ਕਰਨ ਤੋਂ ਬਾਅਦ ਪਹਿਲਾਂ ਆਗਰਾ ਅਤੇ ਬਾਅਦ ਵਿਚ ਰੋਹਤਕ ਵਿਚ ਵਕਾਲਤ ਕੀਤੀ।

ਸਰ ਛੋਟੂ ਰਾਮ ਨੂੰ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਕਰਕੇ ਮਾਣ ਸਤਿਕਾਰ ਦਿੱਤਾ ਜਾਂਦਾ ਜਾਂਦਾ। ਉਨ੍ਹਾਂ ਨੇ ‘ਜਾਟ ਗਜ਼ਟ’ ਨਾਮ ਦਾ ਅਖਬਾਰ ਕੱਢ ਕੇ ਪੇਂਡੂ ਲੋਕਾਂ ਵਿਚ ਜਾਗ੍ਰਿਤੀ ਲਿਆਂਦੀ!

- Advertisement -

ਸਰ ਛੋਟੂ ਰਾਮ ਨੇ ਸਿਕੰਦਰ ਹਯਾਤ ਖਾਨ ਅਤੇ ਫੈਜ਼ਲ ਏ ਹੁਸੈਨ ਨਾਲ ਮਿਲ ਕੇ ਜਾਟਾਂ, ਜੱਟਾਂ, ਮੁਸਲਿਮ ਨੂੰ ਰਲਾ ਕੇ ਯੂਨੀਅਨਿਸਟ ਪਾਰਟੀ ਬਣਾਈ ਜਿਸ ਨੇ ਪੰਜਾਬ ਦੀ ਸਿਆਸਤ ਵਿਚ ਪੰਦਰਾਂ ਸਾਲ ਬਹੁਤ ਵੱਡਾ ਰੋਲ ਨਿਭਾਇਆ। ਬ੍ਰਿਟਿਸ਼ ਹਕੂਮਤ ਤੋਂ 1930 ਤੋਂ 1942 ਦੇ ਦੌਰਾਨ ਕਿਸਾਨ ਭਲਾਈ ਦੇ 22 ਐਕਟ ਤੇ ਬਿਲ ਪਾਸ ਕਰਵਾਏ।

ਸਰ ਛੋਟੂ ਰਾਮ ਦਾ ਸਭ ਤੋਂ ਅਹਿਮ ਕਾਨੂੰਨ ‘ਪੰਜਾਬ ਰਹਿਣ ਜ਼ਮੀਨਾਂ ਦੀ ਵਾਪਸੀ ਕਾਨੂੰਨ, 1938’ ਸੀ ਜਿਸ ਨੂੰ ‘The Punjab Restitution of Mortgaged Lands Act 1938’ ਕਿਹਾ ਗਿਆ। ਇਹ ਕਾਨੂੰਨ ਅੰਗਰੇਜ਼ਾਂ ਵੱਲੋਂ ਸੰਨ 1900 ਵਿੱਚ ਬਣਾਏ ਇਕ ਕਿਸਾਨ-ਪੱਖੀ ਕਾਨੂੰਨ ਵਿੱਚ ਹੋਈਆਂ ਹੇਰਾਫੇਰੀਆਂ ਠੀਕ ਕਰਨ ਅਤੇ ਚੋਰਮੋਰੀਆਂ ਰੋਕਣ ਲਈ ਬਣਾਇਆ ਗਿਆ ਸੀ। 1849 ਵਿੱਚ ਪੰਜਾਬ ਉੱਤੇ ਕਬਜ਼ਾ ਕਰ ਕੇ ਅੰਗਰੇਜ਼ਾਂ ਨੇ ਜ਼ਮੀਨ ਸਬੰਧੀ ਦੋ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਸਨ। ਸਿੱਖ ਰਾਜ ਵੇਲੇ ਮਾਮਲਾ ਫ਼ਸਲ ਵਿੱਚੋਂ ਬਟਾਈ ਦੇ ਰੂਪ ਵਿੱਚ ਲਿਆ ਜਾਂਦਾ ਸੀ। ਫ਼ਸਲ ਘੱਟ ਜਾਂ ਵੱਧ ਹੋਣ ਜਾਂ ਕਾਲ਼ ਨਾਲ ਹੋਏ ਲਾਭ ਤੇ ਹਾਨੀ ਦਾ ਦੋਹਾਂ ’ਤੇ ਅਸਰ ਪੈਂਦਾ ਸੀ। ਅੰਗਰੇਜ਼ਾਂ ਨੇ ਮਾਮਲਾ ਨਕਦ ਅਤੇ ਸਖ਼ਤੀ ਨਾਲ ਉਗਰਾਹੁਣਾ ਸ਼ੁਰੂ ਕਰ ਦਿੱਤਾ। ਪਹਿਲਾਂ ਹਰ ਭਾਈਚਾਰੇ ਦੀ ਜ਼ਮੀਨ ਸਾਂਝੀ ਹੁੰਦੀ ਸੀ, ਪਰ ਅੰਗਰੇਜ਼ ਸਰਕਾਰ ਨੇ ਉਹ ਵੱਖ ਵੱਖ ਨਾਵਾਂ ’ਤੇ ਚੜ੍ਹਾ ਕੇ ਕਰਜ਼ਾ ਲੈਣ ਦਾ ਰਾਹ ਖੋਲ੍ਹ ਦਿੱਤਾ। 50 ਕੁ ਸਾਲਾਂ ਵਿੱਚ ਹੀ ਸਾਰੇ ਕਿਸਾਨ ਸ਼ਾਹੂਕਾਰਾਂ ਦੇ ਕਰਜ਼ੇ ਹੇਠ ਦੱਬੇ ਗਏ।

ਅੰਗਰੇਜ਼ਾਂ ਨੇ ‘ਪੰਜਾਬ ਭੂਮੀ ਮਲਕੀਅਤ ਤਬਦੀਲੀ ਕਾਨੂੰਨ 1900’ (The Punjab Land Alienation Act, 1900) ਬਣਾ ਦਿੱਤਾ। ਗ਼ੈਰ-ਕਾਸ਼ਤਕਾਰ ਤਬਕਿਆਂ ਦੁਆਰਾ ਕਿਸਾਨਾਂ ਦੀ ਜ਼ਮੀਨ ਖਰੀਦਣ ਦੀ ਬਿਲਕੁਲ ਮਨਾਹੀ ਕਰ ਦਿੱਤੀ। ਗਹਿਣੇ ਰੱਖੀ ਜ਼ਮੀਨ ਵੀ 20 ਸਾਲ ਬਾਅਦ ਵਾਪਸ ਹੋ ਜਾਣੀ ਸੀ। ਫਿਰ ਵੀ ਸ਼ਾਹੂਕਾਰ ਚੋਰਮੋਰੀਆਂ ਲੱਭ ਕੇ ਜ਼ਮੀਨਾਂ ਹਥਿਆਉਂਦੇ ਰਹੇ।

1938 ਦੇ ਕਾਨੂੰਨ ਅਧੀਨ ਸਰ ਛੋਟੂ ਰਾਮ ਨੇ ਨਾਜਾਇਜ਼ ਕਬਜ਼ਿਆਂ ਦੀ ਪੜਤਾਲ ਕਰਵਾਈ। ਪੀੜਿਤ ਕਿਸਾਨਾਂ ਨੇ ਬਗ਼ੈਰ ਫ਼ੀਸ ਸਾਦੇ ਕਾਗਜ਼ ’ਤੇ ਅਰਜ਼ੀ ਦੇਣੀ ਹੁੰਦੀ ਸੀ। ਵਿਸ਼ੇਸ਼ ਕਮੇਟੀਆਂ ਨੇ ਨਿਸ਼ਚਿਤ ਸਮੇਂ ਵਿੱਚ ਪੜਤਾਲ ਕਰ ਕੇ ਗ਼ਲਤ ਰੂਪ ਵਿੱਚ ਹਥਿਆਈਆਂ ਜ਼ਮੀਨਾਂ ਕਿਸਾਨਾਂ ਨੂੰ ਤੁਰੰਤ ਵਾਪਸ ਕਰਨੀਆਂ ਸਨ। ਹੈਰਾਨੀਜਨਕ ਨਤੀਜੇ ਸਾਹਮਣੇ ਆਏ। 3 ਲੱਖ 65 ਹਜ਼ਾਰ ਕਿਸਾਨਾਂ ਦੇ 8 ਲੱਖ 35 ਹਜ਼ਾਰ ਏਕੜ ਜਾਂ ਵਿੱਘੇ ਨਾਜਾਇਜ਼ ਕਬਜ਼ੇ ਹੇਠ ਨਿਕਲੇ।

ਸਰ ਛੋਟੂ ਰਾਮ ਦੀ ਦੂਰ ਅੰਦੇਸ਼ੀ ਸੋਚ ਕਾਰਨ ਉਨ੍ਹਾਂ ਨੇ ਕਿਸਾਨ ਭਲਾਈ ਫੰਡ ਕਾਇਮ ਕੀਤਾ ਜਿਸ ਨਾਲ ਕਿਸਾਨਾਂ ਦੇ ਹੁਸ਼ਿਆਰ ਬੱਚਿਆਂ ਨੂੰ ਉਚ ਵਿੱਦਿਆ ਅਤੇ ਫਸਲਾਂ ਦੇ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਂਦਾ ਸੀ।

- Advertisement -

1938 ਵਿਚ ਸ਼ਾਹੂਕਾਰ ਪੰਜੀਕਰਨ ਐਕਟ ਲਾਗੂ ਕਰਵਾਇਆ ਅਤੇ ਇਸ ਨਾਲ 37 ਸਾਲਾਂ ਟੀਨ ਕਿਸਾਨਾਂ ਦੀਆਂ ਗਿਰਵੀ ਪਈਆਂ ਜ਼ਮੀਨਾਂ ਛੁਡਵਾਈਆਂ ਗਈਆਂ।

1934 ਵਿਚ ਕਰਜ਼ ਮੁਆਫੀ ਐਕਟ ਲਿਆਂਦਾ ਜਿਸ ਨਾਲ ਜੇਕਰ ਵਿਆਜ ਦੇ ਰੂਪ ਵਿਚ ਮੂਲ ਜਿਨ੍ਹਾਂ ਪੈਸਾ ਚਲਾ ਜਾਵੇ ਤਾਂ ਉਹ ਕਰਜ਼ਾ ਮੁਆਫ ਹੋ ਜਾਂਦਾ ਸੀ। ਉਨ੍ਹਾਂ ਨੇ ਲਗਨ ਅਤੇ ਸਿਰੜ ਨਾਲ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਕਿਸਾਨਾਂ ਦੀ ਭਲਾਈ ਵਿੱਚ ਹਨ। ਉਹ ਬਚਪਨ ਤੋਂ ਹੀ ਕਿਸਾਨਾਂ ਦੀ ਗ਼ਰੀਬੀ, ਬੇਵਸੀ ਅਤੇ ਸ਼ਾਹੂਕਾਰਾਂ ਹੱਥੋਂ ਹੁੰਦੀਆਂ ਕੁਰਕੀਆਂ ਅਤੇ ਅਪਮਾਨਾਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਸੀ। ਆਖ਼ਰ 9 ਜਨਵਰੀ, 1945 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਸਰ ਛੋਟੂ ਰਾਮ ਨੂੰ ਸ਼ਹੀਦ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ। #

Share this Article
Leave a comment