ਕਿੱਥੋਂ ਮਿਲਦੇ ਹਨ ਪਲਾਸਟਿਕ ਬਦਲੇ ਚਾਵਲ

TeamGlobalPunjab
2 Min Read

ਤੁਸੀਂ ਇਹ ਪੜ੍ਹ ਕੇ ਹੈਰਾਨ ਰਹਿ ਜਾਵੋਗੇ ਕਿ ਕੂੜੇ ਵਿੱਚ ਯਾਨੀ ਇਕ ਵਾਰ ਵਰਤੋਂ ਵਿੱਚ ਲਿਆਂਦੀ ਪਲਾਸਟਿਕ ਦੀ ਕਿਸੇ ਚੀਜ਼ ਦਾ ਵੀ ਮੁੱਲ ਪੈ ਸਕਦਾ ਹੈ। ਹਾਂ, ਇਹ ਸੱਚ ਹੈ। ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਪਲਾਸਟਿਕ ‘ਤੇ ਪਾਬੰਦੀ ਲਗਾਉਣ ਦੀ ਇਕ ਅਹਿਮ ਯੋਜਨਾ ਉਲੀਕੀ ਹੈ ਜਿਸ ਨਾਲ  ਗਰੀਬ ਗੁਰਬਿਆਂ ਦਾ ਵੀ ਭਲਾ ਅਤੇ ਪਲਾਸਟਿਕ ਤੋਂ ਵੀ ਮੁਕਤੀ। ਉਹਨਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਨਾਗਰਿਕ ਇੱਕ ਵਾਰ ਵਰਤੋਂ ਵਿਚ ਲਿਆਂਦੀ ਪਲਾਸਟਿਕ ਦੀ ਚੀਜ਼ ਜਿਸ ਦਾ ਵਜ਼ਨ ਇਕ ਕਿਲੋ ਹੋਵੇਗਾ ਉਹ ਇਸ ਦੇ ਬਦਲੇ ਵਿਚ ਇਕ ਕਿਲੋ ਚਾਵਲ ਲੈ ਸਕੇਗਾ।

ਡੀ ਸੀ ਦੇ ਇਹਨਾਂ ਹੁਕਮਾਂ ਦੇ ਆਧਾਰ ‘ਤੇ ਜ਼ਿਲਾ ਪ੍ਰਸ਼ਾਸ਼ਨ ਨੇ ਸ਼ਹਿਰ ਵਿਚ ਚਾਰ ਕੁਲੈਕਸ਼ਨ ਸੈਂਟਰ ਬਣਾਏ ਹਨ। ਇਹ ਅੰਬਾਲਾ ਸ਼ਹਿਰ , ਅੰਬਾਲਾ ਛਾਉਣੀ, ਮੁਲਾਣਾ ਅਤੇ ਨਰੈਣਗੜ੍ਹ ਵਿਚ ਮਿਉਂਸੀਪਲ ਕਮੇਟੀ ਦੇ ਦਫ਼ਤਰਾਂ ਵਿਚ ਸਥਾਪਤ ਕੀਤੇ ਗਏ ਹਨ ਜਿਥੋਂ ਲੋਕ ਪਲਾਸਟਿਕ ਬਦਲੇ ਅਰਥਾਤ ਉਸ ਦੇ ਵਜ਼ਨ ਅਨੁਸਾਰ ਚਾਵਲ ਲਿਜਾ ਸਕਣਗੇ।

ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਨੇ ਜ਼ਿਲਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਯੋਜਨਾ ਤੋਂ ਲੋਕਾਂ ਨੂੰ ਸੰਜੀਦਗੀ ਨਾਲ ਜਾਗਰੂਕ ਕੀਤਾ ਜਾਵੇ। 15 ਰੋਜ਼ਾ ਇਹ ਮੁਹਿੰਮ “ਪਲਾਸਟਿਕ ਬਦਲੇ ਚਾਵਲ” 20 ਨਵੰਬਰ ਤਕ ਜਾਰੀ ਰਹੇਗੀ। ਇਸ ਨੂੰ ਸਫਲ ਬਣਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਸਮਾਜਿਕ ਜਥੇਬੰਦੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਵਪਾਰੀਆਂ ਨੂੰ ਅਪੀਲ ਕਰੇਗਾ  ਕਿ ਉਹ ਚਾਵਲ ਦਾਨ ਕਰਨ। ਸ਼੍ਰੀ ਸ਼ਰਮਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਨੂੰ ਵੀ ਯਕੀਨੀ ਬਣਾਉਣ ਕਿ ਇਕੱਠੀ ਹੋਈ ਪਲਾਸਟਿਕ ਨਾਲ ਦੀ ਨਾਲ ਕੂੜੇ ਵਿੱਚ ਸੁੱਟੀ ਜਾਵੇ ਤਾਂ ਜੋ ਇਸ ਬਦਲੇ ਮੁੜ ਚਾਵਲ ਨਾ ਲਏ ਜਾਣ।  ਇਸ ਯੋਜਨਾ ਅਧੀਨ ਨਾਬਾਲਗ ਬੱਚਿਆਂ ਵਲੋਂ ਲਿਆਂਦੀ ਪਲਾਸਟਿਕ ਨਹੀਂ ਲਈ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਇਸ ਯੋਜਨਾ ਨੂੰ ਸਫਲ ਬਣਾਉਣ   ਲਈ ਸਾਥ ਦੇਣ ਦੀ ਅਪੀਲ ਕੀਤੀ ਹੈ।

-ਅਵਤਾਰ ਸਿੰਘ,  ਸੀਨੀਅਰ ਪੱਤਰਕਾਰ

- Advertisement -

Share this Article
Leave a comment