ਭਾਰਤ ਦੀ ਕੌਮੀ ਸਿੱਖਿਆ ਨੀਤੀ–2020 ਦੀ ਇੱਕ ਸਾਲ ਦੀ ਪ੍ਰਗਤੀ

TeamGlobalPunjab
10 Min Read

-ਰਾਘਵੇਂਦਰ ਪੀ. ਤਿਵਾਰੀ;

ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਇੱਕ ਵਾਰ ਕਿਹਾ ਸੀ ਕਿ ਸਿੱਖਿਆ ਦਾ ਉਦੇਸ਼ ਵਿਅਕਤੀ ਵਿੱਚ ਚਰਿੱਤਰ ਨਿਰਮਾਣ; ਮਨੁੱਖੀ ਕਦਰਾਂ–ਕੀਮਤਾਂ ਦੇ ਵਿਕਾਸ; ਅਧਿਆਤਮਕ ਨੀਂਹ ਦੇ ਅਧਾਰ ਉੱਤੇ ਵਿਗਿਆਨਕ ਦ੍ਰਿਸ਼ਟੀ ਵਿਕਸਿਤ ਕਰਨਾ; ਅਨਿਸ਼ਚਿਤ ਭਵਿੱਖ ਦਾ ਮੁਕਾਬਲਾ ਕਰਨ ਲਈ ਆਤਮ–ਵਿਸ਼ਵਾਸ ਦਾ ਨਿਰਮਾਣ ਕਰਨਾ ਤੇ ਮਾਣ, ਆਤਮ–ਸਨਮਾਨ ਤੇ ਆਤਮ–ਨਿਰਭਰਤਾ ਦੀ ਭਾਵਨਾ ਦਾ ਵਿਕਾਸ ਕਰਨਾ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਤਤਕਾਲ ਸੁਧਾਰ ਕਰਨ ਦੀ ਜ਼ਰੂਰਤ ਹੈ, ਤਾਂ ਜੋ ਸਾਡੇ ਨੌਜਵਾਨ ਉਪਰੋਕਤ ਗੁਣਾਂ ਨੂੰ ਅਪਣਾ ਸਕਣ; ਸਮਾਜਿਕ ਤੇ ਆਰਥਿਕ ਤੌਰ ’ਤੇ ਪ੍ਰਾਸੰਗਿਕ ਬਣੇ ਰਹਿਣ ਲਈ ਨੌਜਵਾਨਾਂ ’ਚ ਵਿਸ਼ਵ–ਪੱਧਰੀ ਮੁਹਾਰਤ ਦਾ ਵਿਕਾਸ ਹੋ ਸਕੇ ਤੇ ਦੇਸ਼ ਨੂੰ ਭੂਗੋਲਿਕ ਲਾਭ–ਅੰਸ਼ ਦਾ ਫ਼ਾਇਦਾ ਮਿਲ ਸਕੇ। ਜ਼ਰੂਰਤ ਇਸ ਗੱਲ ਦੀ ਹੈ ਕਿ ਸਾਡੀ ਸਿੱਖਿਆ; ਵਿਵਸਥਾ ਸਰੀਰ, ਦਿਮਾਗ਼ ਤੇ ਆਤਮਾ ਲਈ ਚੰਗੇ ਗੁਣਾਂ ਨੂੰ ਵਿਕਸਿਤ ਕਰਨ ਦੇ ਨਾਲ ਵਿਅਕਤੀ ਨੂੰ ਸਿਖਲਾਈ ਪ੍ਰਦਾਨ ਕਰ ਸਕੇ। ਇਸ ਤੋਂ ਇਲਾਵਾ ਮਨੁੱਖੀ ਸੱਭਿਅਤਾ ਨੂੰ ਨਵੇਂ ਸਿਖ਼ਰਾਂ ’ਤੇ ਲਿਜਾਣ ਲਈ ਵਿਅਕਤੀ ’ਚ ਪੂਰੀ ਦੁਨੀਆ ਦੇ ਲੋਕਾਂ ਪ੍ਰਤੀ ਭਾਈਚਾਰੇ ਦੀ ਭਾਵਨਾ ਤੇ ਹੋਰ ਗੁਣਾਂ ਦਾ ਵਿਕਾਸ ਹੋ ਸਕੇ। ਇਸ ਸੰਦਰਭ ਨੂੰ ਦੇਖਦਿਆਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020 – NEP-2020) ’ਚ ਸਾਰੀਆਂ ਜ਼ਰੂਰੀ ਤਬਦੀਲੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਇੱਕ ਸਾਲ ਪਹਿਲਾਂ ਭਾਰਤ ਸਰਕਾਰ ਦੁਆਰਾ ਐਲਾਨੀ ਇਸ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਐੱਨਈਪੀ–2020 ਅਸਲ ’ਚ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੈ, ਬਲਕਿ ਇਹ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ ਰਾਸ਼ਟਰ ਨਿਰਮਾਣ ਪ੍ਰਤੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਵਿਦਿਆਰਥੀ ’ਤੇ ਕੇਂਦ੍ਰਿਤ ਰਾਸ਼ਟਰੀ ਸਿੱਖਿਆ ਨੀਤੀ–2020 ’ਚ ਅਜਿਹੀ ਠੋਸ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਸਮਾਨਤਾ, ਕਿਫ਼ਾਇਤੀ ਤੇ ਸਿੱਖਣ ਦੇ ਵਿਆਪਕ ਮੌਕਿਆਂ ਦੇ ਅਧਾਰ ਉੱਤੇ ਸਾਰੀ ਉਮਰ ਸਿੱਖਣ ਵਾਲੇ ਗਿਆਨ ਅਧਾਰਿਤ ਸਮਾਜ ਦਾ ਨਿਰਮਾਣ ਕਰਨਾ ਸੰਭਵ ਹੋ ਸਕੇਗਾ। ਅਕੈਡਮਿਕ ਬੈਂਕ ਆਵ੍ ਕ੍ਰੈਡਿਟਸ (ਏਬੀਸੀ) ਵਿਦਿਆਰਥੀਆਂ ਨੂੰ ਮਾਨਤਾ–ਪ੍ਰਾਪਤ ਸੰਸਥਾਨਾਂ ਤੋਂ ਕਮਾਏ ਅਕਾਦਮਿਕ ਕ੍ਰੈਡਿਟ ਨੂੰ ਡਿਜੀਟਲ ਤੌਰ ’ਤੇ ਇਕੱਠਾ ਕਰਕੇ ਵਿਭਿੰਨ ਪਾਠਕ੍ਰਮਾਂ ਤੇ ਸੰਸਥਾਨਾਂ ਨੂੰ ਚੁਣਨ ਦੇ ਸਮਰੱਥ ਬਣਾਏਗਾ ਤੇ ਇਸ ਦੇ ਨਾਲ ਹੀ ਕਿਸੇ ਪ੍ਰੋਗਰਾਮ ਜਾਂ ਪਾਠਕ੍ਰਮ ਨੂੰ ਪੂਰਾ ਕਰਨ ਲਈ ਲੋੜੀਂਦੇ ਕ੍ਰੈਡਿਟਸ ਨੂੰ ਹਾਸਲ ਕਰ ਤੇ ਸੰਗ੍ਰਹਿ ਕਰਕੇ ਉਨ੍ਹਾਂ ਨੂੰ ਸਬੰਧਿਤ ਡਿਗਰੀ ਪ੍ਰਦਾਨ ਕਰਨ ਨੂੰ ਸੁਵਿਧਾਜਨਕ ਬਣਾਏਗਾ। ਵਿਦਿਆਰਥੀਆਂ ਨੂੰ ਕਿਸੇ ਪ੍ਰੋਗਰਾਮ ਜਾਂ ਪਾਠਕ੍ਰਮ ਨੂੰ ਛੱਡ ਕੇ ਦੂਸਰੇ ਪ੍ਰੋਗਰਾਮ ਜਾਂ ਪਾਠਕ੍ਰਮ ਵਿੱਚ ਦਾਖ਼ਲਾ ਲੈਣ ਜਾਂ ਉਸ ਤੋਂ ਬਾਹਰ ਨਿਕਲਣ ਦੇ ਵਿਕਲਪ ਦਾ ਉਪਯੋਗ ਇੱਕ ਤੋਂ ਵੱਧ ਵਾਰ ਕਰਨ ਦੀ ਇਜਾਜ਼ਤ ਦਿੱਤੇ ਜਾਣ ਨਾਲ ਵਿਦਿਆਰਥੀਆਂ ਦੇ ਵਿਭਿੰਨ ਸਮੂਹਾਂ ਦੀਆਂ ਸਿੱਖਣ ਦੀਆਂ ਖ਼ਾਸ ਜ਼ਰੂਰਤਾਂ ਨੂੰ ਪੂਰਾ ਕਰਨਾ ਸੰਭਵ ਹੋ ਸਕੇਗਾ। ਕੌਸ਼ਲ ਵਿਕਾਸ ਕਰਨ ਦੇ ਮਜ਼ਬੂਤ ਗੁਣਾਂ ਨਾਲ ਲੈਸ ਬਹੁ–ਵਿਸ਼ਿਆਂ ਦੇ ਪਾਠਕ੍ਰਮ ਢਾਂਚੇ ਨਾਲ ਵਿਦਿਆਰਥੀਆਂ ਨੂੰ ਖੰਡਿਤ ਅਤੇ ਗ਼ੈਰ-ਪ੍ਰਾਸੰਗਿਕ ਅਕਾਦਮਿਕ ਮਾਹੌਲ ਦੀ ਥਾਂ ਪ੍ਰਾਸੰਗਿਕ ਤੇ ਸੰਪੂਰਨ ਅਕਾਦਮਿਕ ਮਾਹੌਲ ਤੋਂ ਲਾਭ ਲੈਣ ਦਾ ਮੌਕਾ ਮਿਲੇਗਾ। ਗਿਆਨ ਸਿੱਖਣ ਦੀ ਵਿਧੀ ਨੂੰ ਦਿਲਚਸਪ ਬਣਾਉਣ ਅਤੇ ਉੱਚ ਪੱਧਰ ਦੀਆਂ ਚਿੰਤਨ ਸਮਰੱਥਾਵਾਂ ਵਿਕਸਿਤ ਕਰਨ ਲਈ ਅਨੁਭਵਾਤਮਕ ਸਿਖਲਾਈ ਅਧਿਆਪਨ ਭਾਵ ਚਰਚਾ / ਬਹਿਸ / ਵਾਦ–ਵਿਵਾਦ, ਪ੍ਰਦਰਸ਼ਨ, ਗਤੀਵਿਧੀ, ਪ੍ਰੋਜੈਕਟ/ਖੋਜ ਨਿਬੰਧ / ਇੰਟਰਨਸ਼ਿਪ / ਕੇਸ ਸਟਡੀ ਤੇ ਸੈਰ (excursion) ਅਧਾਰਿਤ ਸਹਿਯੋਗਾਤਮਕ ਸਿਖਲਾਈ ਤੇ ਮਿਸ਼ਰਿਤ ਅਧਿਆਪਨ ਦ੍ਰਿਸ਼ਟੀਕੋਣ ਅਨੁਸਾਰ ਤੇ ਹੋਰ ਤਰੀਕਿਆਂ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ ਹੈ। ਗ੍ਰੈਜੂਏਸ਼ਨ ਸਬੰਧੀ ਖ਼ਾਸ ਗੁਣ (ਜੀਏ/ਸਿਖਲਾਈ ਸਬੰਧੀ ਵਿਸ਼ੇਸ਼ ਉਪਲਬਧੀਆਂ ਵਿਦਿਆਰਥੀਆਂ ’ਚ ਉਨ੍ਹਾਂ ਗੁਣਾਂ, ਹੁਨਰ ਤੇ ਡੂੰਘੀ ਸਮਝ ਨੂੰ ਯਕੀਨੀ ਬਣਾਉਣਗੀਆਂ, ਜਿਸ ਨਾਲ ਡਿਗਰੀ ਪ੍ਰਮਾਣ-ਪੱਤਰ ਹਾਸਲ ਕਰਨ ਲਈ ਅਧਿਐਨ ਕਰਦੇ ਸਮੇਂ ਵਿਦਿਆਰਥੀਆਂ ’ਚ ਵਿਕਸਿਤ ਕਰਨ ਦੀ ਜ਼ਰੂਰਤ ਹੁੰਦੀ ਹੈ।

ਇਹ ਵਿਸ਼ੇਸ਼ਤਾਵਾਂ ਪਾਠ-ਪੁਸਤਕਾਂ ਤੇ ਜਮਾਤਾਂ ਦੇ ਘੇਰੇ ਤੋਂ ਪਰ੍ਹਾਂ ਮੁਹਾਰਤਾਂ ਨੂੰ ਵਿਦਿਆਰਥੀਆਂ ’ਚ ਵਿਕਸਿਤ ਕਰਨ ਵਿੱਚ ਮਦਦ ਕਰਨਗੀਆਂ। ਇਹੋ ਨਹੀਂ, ਇਹ ਖ਼ਾਸੀਅਤਾਂ ਗ੍ਰੈਜੂਏਟਸ ਨੂੰ ਵਿਸ਼ਵੀਕ੍ਰਿਤ-ਨਾਗਰਿਕ ਬਣਨ ਦੇ ਨਾਲ-ਨਾਲ ਰਾਸ਼ਟਰ ਦੇ ਸਮਾਜਿਕ-ਆਰਥਿਕ ਹਾਲਾਤ ਬਿਹਤਰ ਕਰਨ ਦੇ ਸਮਰੱਥ ‘ਗਿਆਨ ਅਧਾਰਿਤ ਸਮਾਜ’ ਦਾ ਪ੍ਰਭਾਵਸ਼ਾਲੀ ਮੈਂਬਰ ਬਣਨ ਲਈ ਵੀ ਸਸ਼ਕਤ ਬਣਾਉਣਗੀਆਂ। ਇਸ ਨੀਤੀ ਵਿੱਚ ਵਿਦਿਆਰਥੀਆਂ ਦੇ ਸਿੱਖਣ ਸਬੰਧੀ ਸਹੀ ਉਪਲਬਧੀਆਂ ਜਾਂ ਨਤੀਜਿਆਂ ਨੂੰ ਨਾਪਣ ਲਈ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੇ ਉਚਿਤ ਸਾਧਨਾਂ ਨੂੰ ਵਿਕਸਿਤ ਕਰਨ ’ਤੇ ਵੀ ਖ਼ਾਸ ਜ਼ੋਰ ਦਿੱਤਾ ਗਿਆ ਹੈ। ਭਾਰਤੀ ਭਾਸ਼ਾਵਾਂ ’ਚ ਗਿਆਨ ਸਾਂਝਾ ਕਰਨ ਲਈ ਕਾਲਪਨਿਕ ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ ਰਾਹੀਂ ਗਵਰਨੈਂਸ ਤੇ ਨੀਤੀ ਸਬੰਧੀ ਗਿਆਨ ਦੇ ਨਾਲ–ਨਾਲ ਵਿਭਿੰਨ ਭਾਸ਼ਾਵਾਂ ਵਿੱਚ ਸੰਭਾਲੇ ਰਵਾਇਤੀ ਗਿਆਨ ਨੂੰ ਪ੍ਰਮੁੱਖ ਭਾਰਤੀ ਭਾਸ਼ਾਵਾਂ ’ਚ ਇੰਟਰਨੈੱਟ ਉੱਤੇ ਉਪਲਬਧ ਕਰਵਾਇਆ ਜਾਵੇਗਾ। ਇਸ ਨਾਲ ਨਿਸ਼ਚਿਤ ਤੌਰ ਉੱਤੇ ਦੇਸ਼ਵਾਸੀਆਂ ’ਚ ਰਾਸ਼ਟਰਵਾਦ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਬਹੁਤ ਪ੍ਰੋਤਸਾਹਨ ਮਿਲੇਗਾ।

- Advertisement -

ਰਾਸ਼ਟਰੀ ਸਿੱਖਿਆ ਨੀਤੀ–2020 ’ਚ ਸੁਝਾਏ ਗਏ ਪਰਿਵਰਤਨਕਾਰੀ ਸੁਧਾਰ ਟੈਕਨੋਲੋਜੀ ਦੇ ਉਪਯੋਗ ਤੋਂ ਬਿਨਾ ਲਾਗੂ ਨਹੀਂ ਕੀਤੇ ਜਾ ਸਕਦੇ। ਸਿੱਖਣ-ਸਿਖਾਉਣ ਦੀ ਪ੍ਰਕਿਰਿਆ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਮਾਨ ਰੂਪ ਵਿੱਚ ਟੈਕਨੋਲੋਜੀ ਦਾ ਉਪਯੋਗ ਕਰਨ ਲਈ ਸਸ਼ਕਤ ਬਣਾਇਆ ਜਾਣਾ ਚਾਹੀਦਾ ਹੈ। ਬਹੁ–ਵਿਸ਼ਿਆਂ ਵਾਲੀ ਸਿੱਖਿਆ ਦੇ ਯੁਗ ਦੀ ਸ਼ੁਰੂਆਤ ਕਰਨ ਲਈ ਇੱਕ ਵਿਆਪਕ ਸੱਭਿਆਚਾਰਕ ਤੇ ਨੈਤਿਕ ਤਬਦੀਲੀ ਦੀ ਜ਼ਰੂਰਤ ਹੈ। ਅਕਾਦਮਿਕ ਜਗਤ, ਉਦਯੋਗ ਜਗਤ ਤੇ ਨੈਸ਼ਨਲ ਰਿਸਰਚ ਫ਼ਾਊਂਡੇਸ਼ਨ ਦੀਆਂ ਪ੍ਰਯੋਗਸ਼ਾਲਾਵਾਂ ’ਚ ਬਿਹਤਰ ਆਪਸੀ ਅਦਾਨ-ਪ੍ਰਦਾਨ ਜ਼ਰੂਰੀ ਹੈ। ‘ਵੋਕਲ ਫਾਰ ਲੋਕਲ’ ਦੀ ਧਾਰਨਾ ਨੂੰ ਹੁਲਾਰਾ ਦੇਣ ਲਈ ਖੋਜ ਦੇ ਸੰਸਥਾਗਤ ਜ਼ੋਰ ਵਾਲੇ ਪੱਖ ਹੁਣ ਨਿਰੰਤਰ ਵਿਕਾਸ ਦੇ ਟੀਚਿਆਂ (SDG) ਅਤੇ ਸਥਾਨਕ ਤੇ ਖੇਤਰੀ ਜ਼ਰੂਰਤਾਂ ਅਨੁਸਾਰ ਹੋਣਗੇ।

ਇਹ ਸਾਰੇ ਕਦਮ ਰਾਸ਼ਟਰੀ ਸਿੱਖਿਆ ਨੀਤੀ–2020 ਨੂੰ ਉੱਦਮ ਸਬੰਧੀ ਤੇ ਚੁਸਤ ਸੋਚ, ਹਾਲਾਤ ਮੁਤਾਬਕ ਢਲਣ ਵਾਲੀ ਲੀਡਰਸ਼ਿਪ ਸ਼ੈਲੀ, ਲਚਕਦਾਰ, ਆਪਸੀ ਸੰਵਾਦ ਹੁਨਰ, ਵਿਆਪਕ ਸੋਚ, ਸਮੱਸਿਆ ਦੇ ਹੱਲ ਦੀ ਸਮਰੱਥਾ, ਡਿਜੀਟਲ ਨਿਪੁੰਨਤਾ ਤੇ ਵਿਸ਼ਵ ਸੰਚਾਲਨ ਹੁਨਰ ਵਿਕਸਿਤ ਕਰਨ ਤੇ ਅਸਲ ਜੀਵਨ ਦੇ ਦ੍ਰਿਸ਼ਾਂ ਦੇ ਅਨੁਕੂਲ ਬਣਾਉਣ ’ਚ ਵਾਜਬ ਤੌਰ ਉੱਤੇ ਸਮਰੱਥ ਬਣਾਉਂਦੇ ਹਨ ਕਿਉਂਕਿ ਇਹ ਕਦਮ ‘ਕੀ ਸਿੱਖਣਾ ਹੈ’, ਦੀ ਥਾਂ ਹਕੀਕੀ ਤੌਰ ਉੱਤੇ ਜੀਵਨ ਭਰ ਸਿੱਖਣ ਤੇ ਸਿੱਖਣ ਦੇ ਤਰੀਕੇ ਉੱਤੇ ਜ਼ੋਰ ਦਿੰਦੇ ਹਨ, ਜੋ ਵਰਤਮਾਨ ਵਿਸ਼ਵ ਵਾਤਾਵਰਣ ’ਚ ਸਿੱਖਣ ਨਾਲ ਸਬੰਧਿਤ ਇੱਕ ਜ਼ਰੂਰੀ ਗੁਣ ਹੈ।

ਰਾਸ਼ਟਰੀ ਸਿੱਖਿਆ ਨੀਤੀ–2020 ਨੂੰ ਅਸਲੀਅਤ ’ਚ ਬਦਲਣ ਲਈ ਇੱਕ ਸਖ਼ਤ ਪਰ ਹਲਕੀ, ਗਤੀਸ਼ੀਲ ਤੇ ਲਚਕਲੀ ਰੈਗੂਲੇਟਰੀ ਵਿਵਸਥਾ ਤੇ ਸੁਵਿਧਾਜਨਕ ਸੰਪੂਰਨ ਲਾਗੂਕਰਣ ਯੋਜਨਾ ਸਮੇਂ ਦੀ ਮੰਗ ਹੈ। ਪ੍ਰਧਾਨ ਮੰਤਰੀ ਦਫ਼ਤਰ, ਸਿੱਖਿਆ ਮੰਤਰਾਲਾ ਤੇ ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ ਨੇ ਰਾਸ਼ਟਰੀ ਵਰਕਸ਼ਾਪਸ ਦੇ ਕਈ ਦੌਰ ਰਾਹੀਂ ਰਾਸ਼ਟਰੀ ਸਿੱਖਿਆ ਨੀਤੀ–2020 ਨੂੰ ਨਾਗਰਿਕਾਂ ਸਮੇਤ ਵਿਭਿੰਨ ਸਬੰਧਿਤ ਧਿਰਾਂ ਤੱਕ ਪਹੁੰਚਾਉਣ ਲਈ ਅਸਲ ਵਿੱਚ ਦਿਨ–ਰਾਤ ਇੱਕ ਕਰ ਦਿੱਤਾ ਹੈ। ਸਿੱਖਿਆ ਮੰਤਰਾਲਾ ਤੇ ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ ਨੇ ਬਹੁ–ਵਿਸ਼ਆਂ ਤੇ ਸੰਪੂਰਨ ਸਿੱਖਿਆ; ਉੱਚ–ਸਿੱਖਿਆ ’ਚ ਸਮਾਨਤਾ ਤੇ ਸਮਾਵੇਸ਼, ਖੋਜ, ਇਨੋਵੇਸ਼ਨ ਤੇ ਰੈਂਕਿੰਗ; ਉਚੇਰੀ ਸਿੱਖਿਆ ਦੀ ਵਿਸ਼ਵ ਪਹੁੰਚ; ਇੱਕ ਪ੍ਰੇਰਕ, ਸਰਗਰਮ ਤੇ ਸਮਰੱਥ ਇਕਾਈ; ਏਕੀਕ੍ਰਿਤ ਉਚੇਰੀ ਸਿੱਖਿਆ ਪ੍ਰਣਾਲੀ; ਪ੍ਰਸ਼ਾਸਨ ਤੇ ਰੈਗੂਲੇਸ਼ਨ; ਭਾਰਤੀ ਗਿਆਨ ਪਰੰਪਰਾ, ਭਾਸ਼ਾਵਾਂ, ਸੱਭਿਆਚਾਰ ਤੇ ਕਦਰਾਂ–ਕੀਮਤਾਂ ਨੂੰ ਪ੍ਰੋਤਸਾਹਨ; ਅਤੇ ਟੈਕਨੋਲੋਜੀ ਦਾ ਉਪਯੋਗ ਤੇ ਏਕੀਕਰਣ ਜਿਹੀ ਇਸ ਨੀਤੀ ਦੇ ਨੌਂ ਮੁੱਖ ਖੇਤਰਾਂ ਦੇ ਸਬੰਧ ੳਚ ਇੱਕ ਵਿਸਤ੍ਰਿਤ ਲਾਗੂ ਕਰਨ ਦੀ ਯੋਜਨਾ ਉਲੀਕਣ ਲਈ ਗੰਭੀਰ ਕੋਸ਼ਿਸ਼ਾਂ ਕੀਤੀਆਂ ਹਨ। ਮੇਰਾ ਇਹ ਸਪਸ਼ਟ ਵਿਚਾਰ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦਾ ਸਮਾਂ ਗਿਆ ਹੈ। ਮੇਰੀ ਰਾਇ ’ਚ ਅਕਾਦਮਿਕ ਸੈਸ਼ਨ 2021–22 ਤੋਂ ਬਹੁ–ਵਿਸ਼ੇ ਸਿੱਖਣ ਦੇ ਨਤੀਜਿਆਂ ਉੱਤੇ ਅਧਾਰਿਤ ਪਾਠਕ੍ਰਮ ਤੇ ਅਕਾਦਮਿਕ ਬੈਂਕ ਆਫ ਕ੍ਰੈਡਿਟਸ ਨੂੰ ਲਾਗੂ ਕਰਨਾ ਸੰਭਵ ਹੈ। ਭਾਵੇਂ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਲਾਗੂ ਕਰਨਾ ਪ੍ਰਤੀਕੂਲ ਰੂਪ ਵਿੱਚ ਪ੍ਰਭਾਵਿਤ ਹੋ ਸਕਦਾ ਹੈ।

ਰਾਸ਼ਟਰੀ ਸਿੱਖਿਆ ਨੀਤੀ-2020 ਲਾਗੂ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਬੇਹੱਦ ਅਹਿਮ ਹੋ ਜਾਂਦੀ ਹੈ। ਇਸ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਲਈ ਅਧਿਆਪਕਾਂ ਨੂੰ ਸਿੱਖਿਆ ਦੇ ਉੱਭਰਦੇ ਹੋਏ ਵਿਚਾਰ–ਵਟਾਂਦਰੇ ’ਚ ਢਲਣ ਤੇ ਇਸ ਨੂੰ ਅਪਣਾਉਣ ਲਈ ਵਾਜਬ ਤੌਰ ’ਤੇ ਸਮਰੱਥ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਜਮਾਤ ਦੀ ਪੜ੍ਹਾਈ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਾਜਬ ਸਮਾਂ ਪ੍ਰਦਾਨ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਸਿੱਖਿਆ ਦੇ ਸਾਰੇ ਪੱਖਾਂ ਨਾਲ ਸਬੰਧਿਤ ਸਾਰਥਕ ਵਿਚਾਰ–ਵਟਾਂਦਰਿਆਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ ਹੱਲ ਲੱਭਣ ’ਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਅਧਿਆਪਕਾਂ ਨੂੰ ਵਿਅਕਤੀਗਤ/ਬਹਾਦਰ/ਸਹਿਕਾਰੀ/ਸਹਿਯੋਗੀ/ਸੇਵਾ–ਰੂਪੀ/ਸਥਿਤ/ਚੋਣ ਦੀ ਆਜ਼ਾਦੀ ਵਾਲੀ, ਵਰਤਮਾਨ ਸਿੱਖਿਆ ਵਿਵਸਥਾ ਦੀ ਜੜਤਾ ਨੂੰ ਖ਼ਤਮ ਕਰਦਿਆਂ ਇੱਕ ਗਤੀਸ਼ੀਲ ਸਿੱਖਿਆ ਪ੍ਰਣਾਲੀ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨੂੰ ਸਫ਼ਲਤਾਪੂਰਬਕ ਲਾਗੂ ਕਰਨਾ ਸਿੱਖਿਆ–ਪ੍ਰਸ਼ਾਸਕਾਂ, ਵਿਦਿਆਰਥੀ–ਭਾਈਚਾਰੇ, ਮਾਤਾ–ਪਿਤਾ, ਨਾਗਰਿਕ ਸਮਾਜ ਤੇ ਮੀਡੀਆ ਦੇ ਸਹਿਯੋਗ ਉੱਤੇ ਵੀ ਨਿਰਭਰ ਕਰਦਾ ਹੈ।

ਸੰਖੇਪ ’ਚ ਆਖੀਏ, ਤਾਂ ਰਾਸ਼ਟਰੀ ਸਿੱਖਿਆ ਨੀਤੀ–2020 ਸਹਾਇਕ, ਦੇਖ-ਭਾਲ਼ ਕਰਨ ਵਾਲੀ ਤੇ ਭਰੋਸੇਮੰਦ ਹੈ ਅਤੇ ਇਸ ਦਾ ਉਦੇਸ਼ ਮਾਨਵਤਾ ਦੀ ਭਲਾਈ ਅਤੇ ਅਕਾਦਮਿਕ ਤੇ ਨੈਤਿਕ ਸਰਬਉੱਚਤਾ ਵਿਚਾਲੇ ਸਬੰਧ ਵਿਕਸਿਤ ਕਰਨਾ ਹੈ। ਰਾਸ਼ਟਰੀ ਸਿੱਖਿਆ ਨੀਤੀ-2020 ਰਾਸ਼ਟਰੀ ਆਕਾਂਖਿਆਵਾਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਲੈਸ ਹੈ। ਜੇ ਇੱਕ ਸਾਲ ਦੇ ਗੋਡਿਆਂ ਬਲ ਚਲਣ ਵਾਲੇ ਬੱਚੇ ਨੂੰ ਸਹੀ ਸੰਦਰਭਾਂ ਤੇ ਸਹੀ ਇਰਾਦੇ ਨਾਲ ਨੌਜਵਾਨ ਹੋਣ ਤੱਕ ਪੋਸ਼ਣ ਦਿੱਤਾ ਜਾਵੇ, ਤਾਂ ਇਸ ਵਿੱਚ ਨਿਹਿਤ ਪਰਿਵਰਤਨਕਾਰੀ ਸੁਧਾਰ ਅਜਿਹੇ ਭਾਰਤ ਕੇਂਦ੍ਰਿਤ ਨੌਜਵਾਨਾਂ ਨੂੰ ਤਿਆਰ ਕਰਨਗੇ ਜੋ ਪ੍ਰਾਚੀਨ ਸਿੱਖਿਆ ਪ੍ਰਣਾਲੀ ਦੇ ਗੁਆਚੇ ਵੱਕਾਰ ਨੂੰ ਦੁਬਾਰਾ ਹਾਸਲ ਕਰਨ ਤੇ ਭਾਰਤ ਨੂੰ ਵਿਸ਼ਵ–ਗੁਰੂ ਵਜੋਂ ਮੁੜ ਸਥਾਪਿਤ ਕਰਨ ਦੇ ਸਮਰੱਥ ਹੋਣਗੇ। ਆਓ ਅਸੀਂ ਇੱਕ ਬਦਲੇ ਹੋਏ ਲਰਨਿੰਗ ਈਕੋ–ਸਿਸਟਮ ਰਾਹੀਂ ਆਪਣੇ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ਬਣਾਉਣ ਦੇ ਸੱਦੇ ’ਤੇ ਅੱਗੇ ਵਧੀਏ।

- Advertisement -

(ਲੇਖਕ – ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਹਨ)

Share this Article
Leave a comment