ਬਲਰਾਮਪੁਰ: ਕੋਰੋਨਾ ਮਹਾਮਾਰੀ ਨੇ ਕਈ ਲੋਕਾਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਦੇਸ਼ ‘ਚ ਹਾਲਾਤ ਐਨੇ ਮਾੜੇ ਹੋ ਗਏ ਹਨ ਕਿ ਕਈਆਂ ਨੂੰ ਸ਼ਮਸ਼ਾਨ ਘਾਟ ਵੀ ਨਸੀਬ ਨਹੀਂ ਹੋ ਰਹੇ।ਕੁਝ ਇਸ ਤਰ੍ਹਾਂ ਦੀ ਵੀਡੀਓ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ ਤੋਂ ਵਾਇਰਲ ਹੋ ਰਹੀ ਹੈ।ਜਿਥੇ ਕੋਵਿਡ 19 ਨਾਲ ਹੋਈ ਮੌਤ ਵਾਲੀ ਲਾਸ਼ ਨੂੰ ਦੋ ਵਿਅਕਤੀ ਰਾਪਤੀ ਨਦੀਂ ‘ਚ ਸੁੱਟ ਰਹੇ ਹਨ। ਜਿਨ੍ਹਾਂ ਵਿਚੋਂ ਇਕ ਨੇ ਪੀਪੀਈ ਕਿੱਟ ਵੀ ਪਹਿਨੀ ਹੋਈ ਹੈ। ਇਹ ਵੀਡੀਓ ਉੱਥੋਂ ਲੰਘ ਰਹੇ ਕੁਝ ਲੋਕਾਂ ਵੱਲੋਂ ਬਣਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ।
ਬਲਰਾਮਪੁਰ ਦੇ ਚੀਫ਼ ਮੈਡੀਕਲ ਅਫ਼ਸਰ ਵਿਜੈ ਬਹਾਦੁਰ ਸਿੰਘ ਨੇ ਅੱਜ ਕਿਹਾ ਕਿ ਇਹ ਲਾਸ਼ ਯੂਪੀ ਦੇ ਸਿਧਾਰਥ ਨਗਰ ‘ਚ ਪੈਂਦੇ ਸੋਹਰਾਤਗੜ੍ਹ ਦੇ ਰਹਿਣ ਵਾਲੇ ਪ੍ਰੇਮ ਨਾਥ ਮਿਸ਼ਰਾ ਦੀ ਹੈ। ਉਸ ਨੂੰ 25 ਮਈ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ । 28 ਮਈ ਨੂੰ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਲਾਸ਼ ਕੋਵਿਡ-19 ਦੇ ਨੇਮਾਂ ਮੁਤਾਬਕ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ।
ਜਦੋਂ ਤੋਂ ਲੋਕਾਂ ਦੇ ਗੰਗਾ ਵਿਚ ਲਾਸ਼ ਸੁੱਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਉੱਤਰ ਪ੍ਰਦੇਸ਼ ਪੁਲਿਸ ਨੇ ਨਦੀਆਂ ਵਿਚ ਲਾਸ਼ਾਂ ਦੇ ਨਿਕਾਸ ਨੂੰ ਰੋਕਣ ਲਈ ਕਿਸ਼ਤੀਆਂ ਰਾਹੀਂ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ।ਸੂਬਾ ਸਰਕਾਰ ਮ੍ਰਿਤਕਾਂ ਦੇ ਸਨਮਾਨਿਤ ਸਸਕਾਰ ਲਈ 5000 ਰੁਪਏ ਦੀ ਸਹਾਇਤਾ ਦੀ ਪੇਸ਼ਕਸ਼ ਵੀ ਕਰ ਰਹੀ ਹੈ ਜਿਸ ਦੇ ਪਰਿਵਾਰ ਅੰਤਮ ਸੰਸਕਾਰ ਨਹੀਂ ਕਰ ਸਕਦੇ।