ਬਿਲ ਦੇ ਵਿਰੋਧ ‘ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ: ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਹੈ ਕਿ ਖੇਤੀ ਆਰਡੀਨੈਂਸਾਂ ਬਾਰੇ ਸੁਖਬੀਰ ਸਿੰਘ ਬਾਦਲ ‘ਤੇ ਗੁਮਰਾਹਕੁਨ ਬਿਆਨਬਾਜ਼ੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸੁਖਬੀਰ ਸਿੰਘ ਨੂੰ ਝੂਠਾ ਅਤੇ ਗੱਪੀ ਦੱਸਦਿਆਂ ਕਿਹਾ ਕਿ ਆਰਡੀਨੈਂਸਾਂ ਬਾਰੇ ਹੋਛੀ ਬਿਆਨਬਾਜ਼ੀ ਕਰਕੇ ਸੰਸਦ ਦੀ ਗਰਿਮਾ ਨੂੰ ਸੱਟ ਮਾਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਖੇਤੀ ਆਰਡੀਨੈਂਸਾਂ ਦੀ ਜ਼ੋਰਦਾਰ ਵਕਾਲਤ ਕਰਦੇ ਆ ਰਹੇ ਬਾਦਲ ਅਚਾਨਕ ਵਿਰੋਧ ਕਰਨ ਲੱਗੇ ਹਨ, ਪਰੰਤੂ ਅਸਲੀਅਤ ‘ਚ ਇਹ ਵਿਰੋਧ ਦਿਖਾਵੇ ਅਤੇ ਛੱਲ ਤੋਂ ਵਧ ਕੇ ਕੁੱਝ ਵੀ ਨਹੀਂ।

ਮਾਨ ਨੇ ਕਿਹਾ ਕਿ ਬਾਦਲਾਂ ਵੱਲੋਂ ਜਿਵੇਂ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਹੱਕ ‘ਚ ਬੋਲ-ਬੋਲ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਸੇ ਤਰਾਂ ਹੁਣ ਵਿਰੋਧ ਦਾ ਦਿਖਾਵਾ ਵੀ ਗੁਮਰਾਹ ਹੀ ਹੈ।

- Advertisement -

ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ‘ਚੋਂ ਮੰਗਲਵਾਰ ਨੂੰ ਪੇਸ਼ ਹੋਏ ਜ਼ਰੂਰੀ ਵਸਤਾਂ (ਸੋਧ) ਬਿਲ-2020 ਦੇ ਵਿਰੋਧ ‘ਚ ਵੋਟ ਪਾਉਣ ਦੇ ਦਾਅਵੇ ਨੂੰ ਕੋਰਾ ਝੂਠ ਕਰਾਰ ਦਿੱਤਾ। ਮਾਨ ਮੁਤਾਬਿਕ, ”ਪਹਿਲੀ ਗੱਲ ਤਾਂ ਕੱਲ੍ਹ ਜ਼ਰੂਰੀ ਵਸਤਾਂ ਸੋਧ ਬਿੱਲ ‘ਤੇ ਵੋਟਿੰਗ ਹੀ ਨਹੀਂ ਕਰਵਾਈ ਗਈ। ਸਪੀਕਰ ਵੱਲੋਂ ‘ਜੋ ਹੱਕ ‘ਚ ਹਨ ਉਹ ਹਾਂ ਕਹਿਣ ਅਤੇ ਜੋ ਵਿਰੋਧ ‘ਚ ਹਨ ਉਹ ਨਾ ਕਹਿਣ” ਮੁਤਾਬਿਕ ਇਹ ਬਿਲ ਪਾਸ ਕੀਤਾ ਗਿਆ। ਇਸ ਮੌਕੇ ਦੀ ਅਸਲੀਅਤ ਇਹ ਰਹੀ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਨਾ ਹਾਂ ਕਹੀ ਗਈ ਅਤੇ ਨਾ ਨਾਂਹ ਕਹੀ ਗਈ। ਜਦਕਿ ਮੈਂ ਬੁਲੰਦ ਆਵਾਜ਼ ‘ਚ ਬਿਲ ਦੇ ਵਿਰੋਧ ‘ਚ ਨਾਂਹ ਬੋਲੀ।

ਭਗਵੰਤ ਮਾਨ ਨੇ ਕਿਹਾ, ” ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ‘ਚ ਬਾਹਰ ਆ ਕੇ ਮੀਡੀਆ ‘ਚ ਸੇਖੀ ਮਾਰੀ ਗਈ ਕਿ ਉਸ ਨੇ ਜ਼ਰੂਰੀ ਵਸਤਾਂ ਸੋਧ ਕਾਨੂੰਨ ਦੇ ਵਿਰੋਧ ‘ਚ ਵੋਟ ਪਾਈ ਹੈ। ਇਹ ਵੀ ਕਿਹਾ ਗਿਆ ਕਿ ਉਸ ਸਮੇਂ ਮੈਂ (ਮਾਨ) ਉੱਥੇ ਹਾਜ਼ਰ ਹੀ ਨਹੀਂ ਸਾਂ। ਮੈਂ ਸੁਖਬੀਰ ਸਿੰਘ ਬਾਦਲ ਦੇ ਇਸ ਝੂਠੀ, ਹੋਛੀ ਅਤੇ ਗੁਮਰਾਹਕੁਨ ਬਿਆਨਬਾਜ਼ੀ ਨਾਲ ਨਾ ਸਿਰਫ਼ ਮੇਰੇ (ਮਾਨ) ‘ਤੇ ਚਿੱਕੜ ਉਛਾਲਿਆ ਸਗੋਂ ਸੰਸਦ ਦੀ ਗਰਿਮਾ ਨੂੰ ਵੀ ਸੱਟ ਮਾਰੀ ਹੈ। ਜਿਸ ਲਈ ਮੈਂ (ਮਾਨ) ਸੁਖਬੀਰ ਸਿੰਘ ਬਾਦਲ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੇ ਹਨਨ ਦੀ ਸ਼ਿਕਾਇਤ ਕਰਾਂਗਾ।”

ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਕਿਹਾ ਕਿ ਬਿਲ ਦੇ ਵਿਰੁੱਧ ਭੁਗਤਣ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੱਸਣ ਕਿ ਜਦੋਂ ਕੱਲ੍ਹ ਇਹ ਬਿਲ ਪੇਸ਼ ਹੋਇਆ ਤਾਂ ਉਨ੍ਹਾਂ ਦੀ ਧਰਮ-ਪਤਨੀ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਕਿੱਥੇ ਸਨ? ਆਪਣੇ ਮੰਤਰਾਲੇ ਨਾਲ ਸੰਬੰਧਿਤ ਬਿਲ ਪੇਸ਼ ਹੋਣ ਸਮੇਂ ਵੀ ਹਰਸਿਮਰਤ ਕੌਰ ਨੂੰ ਕਿਸ ਸਾਜ਼ਿਸ਼ ਤਹਿਤ ਗੈਰ ਹਾਜ਼ਰ ਰੱਖਿਆ ਗਿਆ?

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੀ ਇਸ ਦੋਗਲੀ ਨੀਤੀ, ਝੂਠ-ਫ਼ਰੇਬ ਅਤੇ ਕੁਰਸੀ ਬਚਾਉ ਮੁਹਿੰਮ ਬਾਰੇ 17 ਸਤੰਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਟਰੈਕਟਰ ਮਾਰਚ ਰਾਹੀਂ ਬਾਦਲ ਪਿੰਡ ‘ਚ ਜਾ ਕੇ ਹਿਸਾਬ ਮੰਗਿਆ ਜਾਵੇਗਾ।

Share this Article
Leave a comment