ਝੋਨਾ ਲਾਉਣ ਵਾਲੀ ਮਸ਼ੀਨ ਦੀ ਬੂਮ ਸਪਰੇਅ ਲਈ ਵਰਤੋਂ

TeamGlobalPunjab
5 Min Read

-ਅਸੀਮ ਵਰਮਾ

 

ਝੋਨਾ ਬੀਜਣ ਵਾਲੇ ਕਿਸਾਨ ਭਰਾਵਾਂ ਵਲੋਂ ਚਾਰ ਪਹੀਆ ਸਵੈ ਚਲਿਤ (4×4) ਝੋਨੇ ਦੇ ਟਰਾਂਸਪਲਾਂਟਰ ਦੀ ਕਾਰਜ ਕੁਸਲਤਾ ਬਾਰੇ ਵਧੀਆ ਨਤੀਜੇ ਦੱਸੇ ਜਾ ਰਹੇ ਹਨ ਪਰ ਇਸ ਮਸੀਨ ਦੀ ਕੀਮਤ ਵਧੇਰੇ ਹੈ, ਜਦਕਿ ਵਰਤੋਂ ਲਈ ਸਲਾਨਾ 1-2 ਮਹੀਨੇ ਦਾ ਸਮਾਂ ਹੀ ਮਿਲਦਾ ਹੈ। ਇਸ ਦੇ ਨਤੀਜੇ ਵਜੋਂ ਮਸੀਨ ਦਾ ਪ੍ਰਤੀ ਘੰਟਾ ਵਰਤੋਂ ਦਾ ਖਰਚਾ ਵਧ ਜਾਂਦਾ ਹੈ ਕਿਉਂਕਿ ਸਮੇਂ ਨਾਲ ਮਸੀਨ ਦੇ ਮੁੱਲ ਵਿਚ ਗਿਰਾਵਟ ਦਾ ਖਰਚਾ, ਸਲਾਨਾ ਘੱਟ ਵਰਤੋਂ ਹੋਣ ਕਰਕੇ, ਵੱਧ ਪੈਂਦਾ ਹੈ। ਜੇਕਰ ਅਸੀਂ ਇਸ ਮਸੀਨ ਦੀ ਵਰਤੋਂ ਹੋਰ ਕੰਮਾਂ ਲਈ ਕਰੀਏ ਤਾਂ ਅਸੀਂ ਮਸੀਨ ਦੀ ਪ੍ਰਤੀ ਘੰਟਾ ਵਰਤੋਂ ਦੇ ਖਰਚ ਦੀ ਦਰ ਘਟਾ ਸਕਦੇ ਹਾਂ।

ਚਾਰ ਪਹੀਆ ਪੈਡੀ ਟਰਾਂਸਪਲਾਂਟਰ ਦੇ ਪੈਡੀ ਵਹੀਕਲ ਉਤੇ ਬੂਮ ਟਾਈਪ ਸਪਰੇਅਰ (ਇਕ ਤੋਂ ਵੱਧ ਨੋਜਲਾਂ ਵਾਲਾ ਸਪਰੇਅਰ) ਨੂੰ ਲਗਾ ਕੇ ਕਤਾਰ ਵਾਲੀਆਂ ਫਸਲਾਂ ਵਿਚ ਸਪਰੇਅ ਕਰਨ ਲਈ ਵਰਤੋਂ ਕਰ ਸਕਦੇ ਹਾਂ। ਅਜਿਹਾ ਕਰਨ ਲਈ, ਝੋਨੇ ਦੀ ਲਵਾਈ ਤੋਂ ਬਾਅਦ, ਇਸ ਮਸੀਨ ਦੇ ਟਰਾਂਸਪਲਾਂਟਿੰਗ ਯੂਨਿਟ ਨੂੰ ਬੂਮ ਸਪਰੇਅ ਯੂਨਿਟ ਨਾਲ ਬਦਲ ਸਕਦੇ ਹਾਂ। ਬੂਮ ਸਪਰੇਅਰ ਦੀ ਸਿਫਾਰਸ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪਹਿਲਾਂ ਹੀ ਕੀਤੀ ਜਾ ਚੁਕੀ ਹੈ। ਮੌਜੂਦਾ ਸਮੇਂ ਬਜ਼ਾਰ ਵਿਚ ਮਿਲਣ ਵਾਲੇ 4ਣ4 ਪੈਡੀ ਟਰਾਂਸਪਲਾਂਟਰ ਵਿਚ 17-19 ਹਾਰਸ ਪਾਵਰ ਦਾ ਇੰਜਨ ਲਗਾ ਹੁੰਦਾ ਹੈ ਅਤੇ ਇਹ ਤਾਕਤ ਬੂਮ ਸਪਰੇਅਰ ਦੀ ਵਰਤੋਂ ਲਈ ਕਾਫੀ ਹੈ। ਪੈਡੀ ਵਹੀਕਲ ਦੇ ਟਾਇਰਾਂ ਵਿਚ ਦੀ ਚੌੜਾਈ 120 ਸੈਂਟੀਮੀਟਰ ਹੁੰਦੀ ਹੈ ਜਦਕਿ ਮਸੀਨ ਦੀ ਜ਼ਮੀਨ ਤੋਂ ਉਚਾਈ ਲਗਭਗ 50 ਸੈਂਟੀਮੀਟਰ ਹੁੰਦੀ ਹੈ।

- Advertisement -

ਸਪਰੇਅਰ ਵਿਚ ਲੋੜੀਂਦੀ ਸਮਰਥਾ ਵਾਲਾ ਪੰਪ ਲਗਾਇਆ ਜਾ ਸਕਦਾ ਹੈ। ਆਮ ਤੌਰ ਤੇ 14-16 ਨੋਜ਼ਲ ਵਾਲੇ ਬੂਮ ਸਪਰੇਅਰ ਵਾਸਤੇ 40-50 ਲੀਟਰ/ ਮਿੰਟ ਸਮਰਥਾ ਵਾਲਾ ਪੰਪ ਕਾਫੀ ਹੁੰਦਾ ਹੈ। ਜ਼ੰਗ ਰੋਧਕ ਸਿਲੰਡਰਨੁਮਾ ਟੈਂਕ ਜੋ ਕਿ ਹਾਈ ਡੈਂਸਟੀ ਪੌਲੀਇਥਲੀਨ ਦਾ ਬਣਿਆ ਹੁੰਦਾ ਹੈ, ਨੂੰ ਇਸ ਮਸੀਨ ਤੇ ਫਿਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ 250 ਲੀਟਰ ਸਮਰੱਥਾ ਦਾ ਟੈਂਕ ਫਿਟ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਉਚਾਈ 0.75 ਮੀਟਰ ਅਤੇ ਵਿਆਸ 0.65 ਮੀਟਰ ਰੱਖਿਆ ਜਾ ਸਕਦਾ ਹੈ। ਪੰਪ ਨੂੰ ਚਲਾਉਣ ਲਈ ਤਾਕਤ ਪੀ.ਟੀ.ਓ. ਤੋਂ ਦਿਤੀ ਜਾਂਦੀ ਹੈ। ਸਪਰੇਅ ਦੇ ਦਬਾਅ ਨੂੰ ਕੰਟਰੋਲ ਕਰਨ ਲਈ ਕੰਟਰੋਲਰ ਵਾਲਵ ਅਤੇ ਪ੍ਰੈਸਰ ਗੇਜ਼ ਦੀ ਸਹੂਲੀਅਤ ਡਰਾਈਵਰ ਸੀਟ ਦੇ ਕੋਲ ਰਖ ਸਕਦੇ ਹਾਂ। ਨੋਜਲ ਤੋਂ ਨੋਜ਼ਲ ਦੀ ਦੂਰੀ 50 ਸੈਂਟੀਮੀਟਰ ਰਖ ਕੇ 14 ਨੋਜਲ ਬੂਮ ਦੀ ਚੌੜਾਈ 6.6 ਮੀਟਰ ਹੋ ਜਾਂਦੀ ਹੈ। ਨੋਜਲਾਂ ਦੀ ਵਿਵਸਥਾ ਤਿੰਨ ਫੋਲਡ ਹੋਣ ਯੋਗ ਹਿੱਸਿਆਂ ਵਿਚ ਕੀਤੀ ਜਾਂਦੀ ਹੈ। ਨੋਜਲ ਦਾ ਡਿਸਚਾਰਜ ਰੇਟ ਪੰਪ ਦੇ ਪ੍ਰੈਸਰ ਤੇ ਨਿਰਭਰ ਕਰਦਾ ਹੈ। ਪੰਪ ਦਾ ਪ੍ਰੈਸਰ 2-5 ਕਿ.ਗ੍ਰਾ. ਪ੍ਰਤੀ ਸੁਕੇਅਰ ਸੈਂਟੀਮੀਟਰ ਤੇ ਖੇਤ ਵਿਚ ਸਪਰੇਅ ਦੀ ਚੌੜਾਈ 7.0-7.2 ਮੀਟਰ ਹੁੰਦੀ ਹੈ। ਕਣਕ ਦੇ ਖੇਤ ਵਿਚ ਮਸੀਨ 2.5 ਕਿ: ਮੀ: ਪ੍ਰਤੀ ਘੰਟਾ ਦੀ ਗਤੀ ਤੇ ਇਕ ਘੰਟੇ ਵਿਚ ਲਗਭਗ 3.25 ਏਕੜ ਸਪਰੇਅ ਕਰਨ ਦੀ ਸਮਰੱਥਾ ਰੱਖਦੀ ਹੈ ਜਦੋਂ ਕਿ ਝੋਨੇ ਦੇ ਕੱਦੂ ਕੀਤੇ ਖੇਤ ਵਿਚ 1.5 ਕਿਲੋਮੀਟਰ ਪ੍ਰਤੀ ਘੰਟਾ ਗਤੀ ਤੇ ਮਸੀਨ ਲਗਭਗ 2.0 ਏਕੜ ਪ੍ਰਤੀ ਘੰਟਾ ਸਪਰੇਅ ਕਰ ਸਕਦੀ ਹੈ। ਸਪਰੇ ਦੇ ਕੰਮ ਲਈ ਮਸੀਨ ਦੀ ਤੇਲ ਦੀ ਖਪਤ 2.25 ਤੋਂ 3.0 ਲੀਟਰ ਪ੍ਰਤੀ ਘੰਟਾ ਹੈ।

ਇਸ ਮਸੀਨ ਨਾਲ ਕੁਝ ਫਾਇਦੇ ਹੋਰ ਹਨ ਜਿਵੇਂ ਕਿ ਇਸ ਦੇ ਟਾਇਰ ਪੈਂਚਰ ਨਹੀਂ ਹੁੰਦੇ। ਟਾਇਰਾਂ ਦੀ ਚੌੜਾਈ ਬਹੁਤ ਘੱਟ ਹੋਣ ਕਰਕੇ ਮਸੀਨ ਚੱਲਣ ਤੇ ਬੂਟਿਆਂ ਦਾ ਨੁਕਸਾਨ ਨਹੀਂ ਹੁੰਦਾ। ਬੂਟਿਆਂ ਨੂੰ ਨੁਕਸਾਨ ਉਸ ਸੂਰਤ ਵਿਚ ਹੋਵੇਗਾ ਜੇ ਡਰਾਈਵਰ ਦਾ ਸਟੀਅਰਿੰਗ ਤੇ ਕੰਟਰੋਲ ਚੰਗੀ ਤਰ੍ਹਾਂ ਨਹੀਂ ਹੁੰਦਾ। ਜੇਕਰ ਕੁਝ ਬੂਟੇ, ਖਾਸ ਤੌਰ ਤੇ ਮੋੜਾਂ ਤੇ, ਮਿੱਧੇ ਵੀ ਜਾਂਦੇ ਹਨ ਤਾਂ ਉਹ ਕੁਝ ਸਮਾਂ ਬਾਅਦ ਆਪੇ ਹੀ ਚਲ ਪੈਂਦੇ ਹਨ। ਝੋਨੇ ਦੇ ਖੇਤ ਵਿਚ ਬੂਟੇ ਮਿੱਧੇ ਜਾਣ ਦਾ ਖਤਰਾ, ਵਧੇਰੇ ਕਤਾਰ ਤੋਂ ਕਤਾਰ ਦਾ ਫਾਸਲਾ ਹੋਣ ਕਰਕੇ ਹੋਰ ਘਟ ਜਾਂਦਾ ਹੈ। ਪਰ ਜੇਕਰ ਮਸੀਨ ਨੂੰ ਲਗਭਗ 200 ਘੰਟੇ ਸਲਾਨਾ ਸਿਰਫ ਝੋਨੇ ਦੀ ਲਵਾਈ ਲਈ ਵਰਤਿਆ ਜਾਵੇ ਤਾਂ ਮਸੀਨ ਦੀ ਨਿਸਚਿਤ ਲਾਗਤ 825 ਰੁਪਏ ਪ੍ਰਤੀ ਘੰਟਾ ਹੈ। ਜੇਕਰ ਇਸ ਦੀ ਵਰਤੋਂ ਕਣਕ, ਝੋਨਾ ਅਤੇ ਹੋਰ ਫਸਲਾਂ ਵਿਚ ਸਪਰੇਅ ਲਈ ਸਲਾਨਾ 300 ਘੰਟੇ ਹੋਰ ਕੀਤੀ ਜਾਵੇ ਤਾਂ ਇਹ ਨਿਸਚਿਤ ਲਾਗਤ 330 ਰੁਪਏ ਪ੍ਰਤੀ ਘੰਟਾ ਤਕ ਘਟਾਈ ਜਾ ਸਕਦੀ ਹੈ। ਇਸ ਲਈ ਮਸੀਨ ਦੀ ਸਲਾਨਾ ਵਰਤੋਂ ਵਧਾਉਣ ਨਾਲ ਮਸੀਨ ਦੀ ਸਲਾਨਾ ਲਾਗਤ ਘਟਦੀ ਹੈ ਅਤੇ ਖੇਤੀ ਵਿਚ ਵਧੇਰੇ ਮੁਨਾਫਾ ਹੁੰਦਾ ਹੈ। ਇਸ ਦੇ ਨਾਲ ਹੀ ਇਸ ਬੂਮ ਸਪਰੇਅਰ ਨਾਲ ਇਕਸਾਰ ਸਪਰੇਅ ਹੁੰਦਾ ਹੈ ਅਤੇ ਸਮੇਂ ਦੀ ਬਚਤ ਦੇ ਨਾਲ ਕੰਮ ਵੀ ਸੁਖਾਲਾ ਹੁੰਦਾ ਹੈ।

ਸੰਪਰਕ : 94171-89222

Share this Article
Leave a comment