ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਅੱਜ ਵੋਟਿੰਗ ਹੋਵੇਗੀ। ਅਮਰੀਕਾ ਦੀਆਂ ਇਹ ਚੋਣਾਂ ਨਾ ਸਿਰਫ਼ ਅਮਰੀਕਾ ਲਈ ਸਗੋਂ ਪੂਰੀ ਦੁਨੀਆਂ ਲਈ ਕਾਫ਼ੀ ਮਹੱਤਵ ਰੱਖਦੀਆਂ ਹਨ। ਬੀਤੇ ਕੁਝ ਸਾਲਾਂ ‘ਚ ਭਾਰਤ ਤੇ ਅਮਰੀਕਾ ਦੇ ਸਬੰਧ ਜਿਸ ਤਰ੍ਹਾਂ ਮਜ਼ਬੂਤ ਹੋਏ ਹਨ ਅਜਿਹੇ ਵਿੱਚ ਭਾਰਤ ‘ਤੇ ਅਮਰੀਕੀ ਚੋਣਾਂ ਦੇ ਨਤੀਜਿਆਂ ਦਾ ਬਹੁਤ ਅਸਰ ਹੋਵੇਗਾ।
ਲੋਕਾਂ ਦੀ ਨਜ਼ਰ ਇਸ ਗੱਲ ਤੇ ਟਿਕੀ ਹੈ ਕਿ, ਕੀ ਟਰੰਪ ਫਿਰ ਸੱਤਾ ਵਿਚ ਵਾਪਸੀ ਕਰ ਸਕਣਗੇ। ਕਈ ਸਿਆਸੀ ਜਾਣਕਾਰ ਮੰਨ ਰਹੇ ਹਨ ਕਿ ਟਰੰਪ ਚੋਣਾਂ ਹਾਰ ਸਕਦੇ ਹਨ, ਕਿਉਂਕਿ ਇਸ ਵਾਰ ਜੋ ਬਾਇਡਨ ਦਾ ਪੱਖ ਭਾਰੀ ਲੱਗ ਰਿਹਾ ਹੈ। ਜੇਕਰ ਅਜਿਹਾ ਹੋਇਆ ਤਾਂ 1992 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਰਾਸ਼ਟਰਪਤੀ ਦੁਬਾਰਾ ਨਹੀਂ ਚੁਣਿਆ ਗਿਆ ਹੋਵੇ।
ਅਮਰੀਕਾ ਰਾਸ਼ਟਰਪਤੀ ਚੋਣਾਂ ‘ਚ ਵੋਟਿੰਗ ਲਈ ਉਹ ਉਹੀ ਵੋਟਰ ਸ਼ਾਮਲ ਹੋਣਗੇ ਜਿਨ੍ਹਾਂ ਨੇ ਹੁਣ ਤਕ ਪੋਸਟਲ ਬੈਲੇਟ ਜ਼ਰੀਏ ਵੋਟ ਨਹੀਂ ਕੀਤੀ ਹੈ। ਦੱਸ ਦਈਏ ਕਿ ਅਮਰੀਕਾ ਵਿੱਚ 50 ਫ਼ੀਸਦੀ ਵੋਟਰ ਪਹਿਲਾਂ ਹੀ ਪੋਸਟਲ ਬੈਲੇਟ ਜ਼ਰੀਏ ਵੋਟਿੰਗ ਕਰ ਚੁੱਕੇ ਹਨ।
ਇਨ੍ਹਾਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਡੋਨਲਡ ਟਰੰਪ ਇਕ ਵਾਰ ਫਿਰ ਕਿਸਮਤ ਅਜ਼ਮਾ ਰਹੇ ਹਨ। ਉੱਥੇ ਹੀ ਡੈਮੋਕਰੈਟਿਕ ਪਾਰਟੀ ਵੱਲੋਂ ਦੋ ਵਾਰ ਅਮਰੀਕਾ ਦੇ ਉਪ ਰਾਸ਼ਟਰਪਤੀ ਰਹਿ ਚੁੱਕੇ ਜੋ ਬਾਇਡਨ ਟਰੰਪ ਨੂੰ ਟੱਕਰ ਦੇ ਰਹੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਨੂੰ ਸ਼ਾਮ 4.30 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ ਜੋ ਬੁੱਧਵਾਰ ਸਵੇਰੇ 7.30 ਵਜੇ ਤੱਕ ਜਾਰੀ ਰਹੇਗੀ।