‘ਪਰਵਾਸ ਦੀ ਖਿੱਚ’ ਨੌਜਵਾਨੀ ਲਈ ‘ਮਜਬੂਰੀਆਂ ਤੇ ਚੁਣੌਤੀਆਂ’

TeamGlobalPunjab
5 Min Read

ਬਿੰਦੂ ਸਿੰਘ

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਗੁਜ਼ਾਰਿਸ਼ ਕੀਤੀ ਹੈ ਕਿ ਕੈਨੇਡਾ ਚ ਧੋਖੇਬਾਜ਼ ਏਜੰਟ ਜੋ ਭਾਰਤੀ ਮੂਲ ਦੇ ਹਨ ਪਰ ਮੌਂਟਰੀਅਲ ਵਿੱਚ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ ਤੇ ਪੈਸੇ ਵੀ ਠੱਗੇ ਹਨ। ਉਨ੍ਹਾਂ ਤੇ ਸ਼ਿਕੰਜਾ ਕੱਸਦੇ ਹੋਏ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਨੂੰ ਹੁਕਮ ਜਾਰੀ ਕੀਤੇ ਜਾਣ ਕੀ ਉਨ੍ਹਾਂ ਵਿਦਿਆਰਥੀਆਂ ਨੂੰ ਸੰਕਟ ਚੋਂ ਕੱਢਿਆ ਜਾਵੇ ਤੇ ਧੋਖੇਬਾਜ਼ ਏਜੰਟਾਂ ਤੇ ਸਖ਼ਤ ਕਰਵਾਈ ਕੀਤੀ ਜਾਵੇ। ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਚ ਕਿਹਾ ਹੈ ਕਿ ਧੋਖੇਬਾਜ਼ ਤੇ ਠੱਗ ਟਰੈਵਲ ਏਜੰਟਾਂ ਦੇ ਨਿਰਦਈ ਵਪਾਰ ਨੇ ਲੱਖਾਂ ਨੌਜਵਾਨ ਲੜਕੇ ਲੜਕੀਆਂ ਖਾਸ ਕਰਕੇ ਪੰਜਾਬ, ਗੁੁਜਰਾਤ ਅਤੇ ਕੇਰਲਾ ਦੇ ਨੌਜਵਾਨਾਂ ਨਾਲ ਬਾਹਰ ਭੇਜਣ ਦੇ ਨਾਮ ਤੇ ਠੱਗੀਆਂ ਮਾਰੀਆਂ ਜੋ ਵਧਦੀਆਂ ਹੀ ਜਾ ਰਹੀਆਂ ਹਨ।

ਰਾਮੂਵਾਲੀਆ ਨੇ ਲਿਖਿਆ ਕਿ ਇਸ ਪੱਤਰ ਰਾਹੀਂ ਉਹ ਪ੍ਰਧਾਨਮੰਤਰੀ ਦੇ ਧਿਆਨ ਵਿੱਚ ਪਿਛਲੇ ਕੁੱਝ ਸਮੇਂ ਤੋਂ ਧੋਖੇਬਾਜ਼ ਏਜੰਟ (ਜੋ ਭਾਰਤੀ ਮੂਲ ਦੇ ਹਨ ) ਵੱਲੋਂ ਕੈਨੇਡਾ ਦੇ ਸ਼ਹਿਰ ਮੌਂਟਰੀਅਲ ( ਕਿਊਬਿਕ ਪ੍ਰਦੇਸ਼) ਵਿੱਚ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨਾਲ ਧੋਖਾ ਕਰਕੇ ਪੈਸੇ ਦੀ ਠੱਗੀ ਕੀਤੀ ਹੈ ਤੇ ਭਾਰੀ ਰਕਮਾਂ ਵਸੂਲ ਕੀਤੀਆਂ ਤੇ ਉਨ੍ਹਾਂ ਨੂੰ ਝੂਠੇ ਭਰੋਸੇ ਦਿੱਤੇ, ਇਹਨਾਂ ਘਟਨਾਵਾਂ ਬਾਰੇ ਦਸਣਾ ਚਾਹੁੰਦੇ ਹਨ । ਏਜੰਟਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਦੇ ਪੱਕੇ ਇਮੀਗਰੈਂਟ ਵੀ ਬਣਾਉਣ ਚ ਮਦਦ ਕਰਨਗੇ।

ਰਾਮੂਵਾਲੀਆ ਨੇ ਅੱਗੇ ਪੱਤਰ ਚ ਦੱਸਿਆ ਕਿ ਇਨ੍ਹਾਂ ਸਾਰੇ ਸਬਜ਼ਬਾਗਾਂ ਨੂੰ ਵਿਖਾ ਕੇ ਇਨ੍ਹਾਂ ਧੋਖੇਬਾਜ਼ ਏਜੰਟਾਂ ਨੇ ਪੰਜਾਬੀ ਵਿਦਿਆਰਥੀਆਂ ਤੋਂ 45 ਮਿਲੀਅਨ ਕੈਨੇਡੀਅਨ ਡਾਲਰ ਜੋ ਭਾਰਤ ਦੇ ਤਕਰੀਬਨ ਪੌਣੇ ਤਿੰਨ ਅਰਬ ਰੁਪਏ ਬਣਦੇ ਹਨ ਉਨ੍ਹਾਂ ਤੋਂ ਠੱਗ ਲਏ। ਇਸ ਤੋਂ ਬਾਅਦ ਇਨ੍ਹਾਂ ਏਜੰਟਾਂ ਨੇ ਆਪਣੀਆਂ ਸੰਸਥਾਵਾਂ ਨੂੰ ਵਿੱਤੀ ਸੰਕਟ ਦੀ ਮਾਰ ਹੇਠ ਆਉਣ ਦਾ ਬਹਾਨਾ ਲਾ ਕੇ ਪਾਸਾ ਵੱਟ ਲਿਆ ਤੇ ਕਿਹਾ ਕਿ ਹੁਣ ਉਹ ਹੋਰ ਥਾਵਾਂ ਤੇ ਜਾ ਕੇ ਪੜ੍ਹਾਈ ਕਰਨ। ਇਨ੍ਹਾਂ ਏਜੰਟਾਂ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਬੇਵਸੀ ਦਰਸਾਉਂਦੇ ਹੋਏ ਕਿਹਾ ਕੀ ਉਹ ਉਨ੍ਹਾਂ ਨੂੰ ਸਿਰਫ਼ ਵਿਦਿਆਰਥੀ ਹੋਣ ਦਾ ਸਰਟੀਫਿਕੇਟ ਦੇਣ ਤੋਂ ਵੱਧ ਹੋਰ ਕੁਝ ਵੀ ਨਹੀਂ ਕਰ ਸਕਦੇ।

- Advertisement -

ਰਾਮੂਵਾਲੀਆ ਨੇ ਚਿੰਤਾ ਜਤਾਉਂਦੇ ਹੋਏ ਅੱਗੇ ਲਿਖਿਆ ਕਿ ਅਜਿਹੇ ਹਾਲਾਤਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਖ਼ੁਦਕੁਸ਼ੀਆਂ ਵਰਕੇ ਜਾਂ ਹੋਰ ਸਖ਼ਤ ਕਦਮ ਵੀ ਚੁੱਕ ਸਕਦੇ ਹਨ। ਇਸ ਕਰਕੇ ਇਸ ਦੇ ਮੱਦੇਨਜ਼ਰ ਇਸ ਲਈ ਕੈਨੇਡਾ ਵਿਚਲੇ ਭਾਰਤੀ ਦੂਤਾਵਾਸ ਨੂੰ ਹੁਕਮ ਜਾਰੀ ਕੀਤੇ ਜਾਣ ਕਿ ਉਨ੍ਹਾਂ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਸੰਕਟ ਚੋਂ ਬਾਹਰ ਕੱਢਣ ਦੇ ਸਾਰੇ ਉਪਰਾਲੇ ਕੀਤੇ ਜਾਣ। ਬੇਸ਼ਕ ਰਾਮੂਵਾਲੀਆ ਨੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਤੂੰ ਲਗਾਤਾਰ ਵਿਦੇਸ਼ਾਂ ਵਿੱਚ ਪਲਾਇਨ ਕਰ ਰਹੀ ਨੌਜਵਾਨੀ ਨਾਲ ਜੁੜੇ ਮੁੱਦੇ ਤੇ ਮੁਸ਼ਕਿਲਾਂ ‘ਤੇ ਇਕ ਵਾਰ ਫਿਰ ਤੇ ਚੋਟ ਕੀਤੀ ਹੈ ਪਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ।

ਇਸ ਗੱਲ ਨਾਲ ਅਸਹਿਮਤ ਨਹੀਂ ਹੋਇਆ ਜਾ ਸਕਦਾ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ  ਬਿਹਤਰ ਜੀਵਨ ਦੀ ਭਾਲ ਕਰਨ ਲਈ ਮਾਈਗ੍ਰੇਸ਼ਨ ਸਦੀਆਂ ਤੋਂ ਮਨੁੱਖੀ ਸੁਭਾਅ ਦਾ ਹਿੱਸਾ ਰਿਹਾ ਹੈ ਤੇ ਆਉਣ ਵਾਲੇ ਸਮਿਆਂ ‘ਚ  ਵੀ ਇਹ  ਸਿਲਸਿਲਾ ਜਾਰੀ ਰਹੇਗਾ। ਪਰ ਜਦੋਂ ਆਪਣੀ ਧਰਤੀ ਤੇ ਰੁਜ਼ਗਾਰ ਦੀ ਘਾਟ, ਅਸੁਰੱਖਿਅਤ ਭਵਿੱਖ ਤੇ ਲਤਾੜੇ ਜਾਣ ਦਾ ਡਰ ਹਾਵੀ ਹੋ ਜਾਵੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਕੋਲ ਜ਼ਿੰਦਗੀ ਤੂੰ ਅਗਲੇ ਪੜਾਅ ਤੇ ਲੈ ਕੇ ਜਾਣ ਦਾ ਹੋਰ ਕੀ ਢੰਗ ਤਰੀਕਾ ਤੇ ਰਾਹ  ਹੋ ਸਕਦਾ ਹੈ।

ਜੇਕਰ ਹੁਣ ਪੰਜਾਬ ਦੀ ਹੀ ਗੱਲ ਕਰ ਲਈਏ ਤੇ ਸਿਆਸਤਦਾਨ ਆਪਣੀਆਂ ਰੋਟੀਆਂ ਸੇਕਣ ਤੇ ਆਪਣੀ ਸਿਆਸੀ ਕੁਰਸੀ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਝੂਠੇ ਵਾਅਦੇ ਕਰਦੇ ਰਹੇ ਹਨ ਤੇ ਹੁਣ ਵੀ ਕਰ ਰਹੇ ਹਨ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਕਈ ਗੁਣਾਂ ਵਧ ਗਈ ਹੈ । ਸੂਬਾ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਹਾਜ਼ ਭਰ ਭਰ ਕੇ ਵਿਦੇਸ਼ਾਂ ਨੂੰ ਜਾਂਦੇ ਬੱਚਿਆਂ ਨੂੰ ਵੇਖ ਕੇ ਹੁਣ ਮਾਪੇ ਵੀ ਕੋਈ ਬਹੁਤੇ ਖ਼ੁਸ਼ ਨਹੀਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਨੌਜਵਾਨੀ ਦਾ ਲਗਾਤਾਰ ਘਰ ਛੱਡ ਕੇ ਬਾਹਰਲੇ ਦੇਸ਼ਾਂ ਦਾ ਰੁੱਖ ਕਰਨ ਦਾ ਮਤਲਬ ਪਿੱਛੇ ਸਿਰਫ਼ ਬਜ਼ੁਰਗਾਂ ਦੀ ਗਿਣਤੀ ਰਹਿ ਜਾਣਾ ਹੈ। ਹੁਣ ਜੇਕਰ ਇਹ ਸਿਲਸਿਲਾ ਨਾ ਰੁਕਿਆ ਤਾਂ ਤੈਅ ਹੈ ਕਿ ਅਗਲੀਆਂ ਇੱਕ ਦੋ ਪੀੜ੍ਹੀਆਂ ਤੋੰ ਵਹਿਣੇ ਇਕੱਲੇ ਬਜ਼ੁਰਗ ਇੱਥੇ ਘਰਾਂ ਚ ਬੈਠੇ ਮਿਲਣਗੇ। ਸਿਆਸੀ ਪਾਰਟੀਆਂ ਭਾਵੇਂ ਕਿੰਨੇ ਵਾਅਦੇ ਜਾਂ ਦਾਅਵੇ ਕਰਨ ਪਰ ਅੱਜ ਤੱਕ ਕਿਸੇ ਕੋਲ ਵੀ ਨੌਜਵਾਨੀ ਨੂੰ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਰੁਜ਼ਗਾਰ ਮੁਹੱਈਆ ਕਰਵਾਉਣ ਲਈ ‘ਮਜ਼ਬੂਤ ਤੇ ਜ਼ਮੀਨੀ ਪੱਧਰ’ ਦਾ ਰੋਡ ਮੈਪ ਨਹੀਂ ਹੈ।

ਦੇਸ਼ ਦੇ ਪ੍ਰਧਾਨ ਸੇਵਕ ਜੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਸਾਰਿਆਂ ਪੀਡ਼ਤ ਵਿਦਿਆਰਥੀਆਂ ਨੂੰ ਤਕਲੀਫ ਚੋਂ ਬਾਹਰ ਕੱਢ ਲਿਆਉਣਗੇ ਤੇ ਉਨ੍ਹਾਂ ਦਾ ਹੋਇਆ ਮਾਲੀ ਨੁਕਸਾਨ ਵੀ ਉਨ੍ਹਾਂ ਠੱਗ ਟਰੈਵਲ ਏਜੰਟਾਂ ਤੋਂ ਵਾਪਸ ਵਸੂਲ ਕੇ ਪੀੜਤਾਂ ਨਾਲ ਨਿਆਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਸੇਵਕ ਜੀ ਤੇ ਸੂਬੇ ਦੇ ਰਹਿਬਰਾਂ ਨੂੰ ਵੀ ਇਹ ਸਵਾਲ ਕਰਨਾ ਬਣਦਾ ਹੈ ਕਿ ਜੇਕਰ ਇੱਥੇ ਅਗਲੀ ਪੀਡ਼੍ਹੀ ਤੇ ਸੂਝਵਾਨ ਵਸਨੀਕ ਹੀ ਸੁਰੱਖਿਅਤ ਨਾ ਰਹੇ ਤਾਂ ਤੁਸੀਂ ਆਪਣੀਆਂ ਕੁਰਸੀਆਂ ਤੇ ਬੈਠੇ ਕਿਵੇਂ ਸੁਰੱਖਿਅਤ ਰਹਿ ਸਕੋਗੇ।

Share this Article
Leave a comment