Breaking News

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਬਾਹਰਵਾਂ ਰਾਗ ਟੋਡੀ – ਡਾ. ਗੁਰਨਾਮ ਸਿੰਘ

ਤੋੜੀ ਇਕ ‘ਰਾਗਾਂਗ’ ਰਾਗ ਹੋਣ ਕਰਕੇ ਇਸ ਦੇ ਕਈ ਰਾਗ ਪ੍ਰਕਾਰ ਸੰਗੀਤ ਜਗਤ ਵਿਚ ਮਿਲਦੇ ਹਨ ਜਿਵੇਂ ਬਿਲਾਸਖਾਨੀ ਤੋੜੀ, ਅੰਜਨੀ ਤੋੜੀ, ਬਹਾਦੁਰੀ ਤੋੜੀ, ਮੀਆਂ ਕੀ ਤੋੜੀ ਆਦਿ। ਮੱਧਕਾਲੀਨ ਅਤੇ ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਮੱਧਕਾਲੀਨ ਰਾਗ-ਰਾਗਣੀ ਵਰਗੀਕਰਣ ਪੱਧਤੀ ਨਾਲ ਸਬੰਧਿਤ ਕਈ ਗ੍ਰੰਥਕਾਰਾਂ ਨੇ ਟੋਡੀ ਨੂੰ ਮੁੱਖ ਰਾਗ ਦੀ ਬਜਾਇ ਰਾਗਣੀ ਦੇ ਤੌਰ ਤੇ ਬਿਆਨਿਆ ਹੈ। ਕੁਝ ਸ਼ਾਸਤਰਕਾਰਾਂ ਨੇ ਇਸ ਨੂੰ ਬਸੰਤ ਰਾਗ ਦੀ ਰਾਗਣੀ ਮੰਨਿਆ ਹੈ ਅਤੇ ਕੁਝ  ਨੇ  ਦੀਪਕ ਰਾਗ ਦੀ ਰਾਗਣੀ ਪ੍ਰਵਾਣ ਕੀਤਾ ਹੈ। ‘ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ’ ਵਿਚ ਵੀ ਟੋਡੀ ਰਾਗ ਨੂੰ ਮਾਲਕੌਂਸ ਦੀ ਰਾਗਣੀ ਮੰਨਿਆ ਗਿਆ ਹੈ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ 12

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਬਾਹਰਵਾਂ ਰਾਗ ਟੋਡੀ

* ਡਾ. ਗੁਰਨਾਮ ਸਿੰਘ

ਰਾਗ ਦੀਆਂ ਸੁੰਦਰ ਸੁਰਾਵਲੀਆਂ ‘ਤੇ ਸਵਾਰ ਹੋ ਕੇ ਬਾਣੀ ਸਰਬ ਲੋਕਾਈ ਤੱਕ ਸੰਚਰਿਤ ਹੋ ਰਹੀ ਹੈ। ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਰਾਗ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਟੋਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਜੈਤਸਰੀ ਰਾਗ ਤੋਂ ਬਾਅਦ ਬਾਹਰਵੇਂ ਸਥਾਨ ਉਤੇ ਪੰਨਾ 711 ‘ਤੇ ਦਰਜ ਹੈ।

ਭਾਰਤੀ ਸੰਗੀਤ ਵਿਚ ਪ੍ਰਚਲਿਤ ਰਾਗ ਤੋੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਟੋਡੀ ਦੇ ਨਾਮ ਨਾਲ ਅੰਕਿਤ ਕੀਤਾ ਗਿਆ ਹੈ। ਸੰਗੀਤ ਜਗਤ ਵਿਚ ਇਹ ਰਾਗ ਪ੍ਰਸਿੱਧ ਤੇ ਲੋਕਪ੍ਰਿਅ ਹੈ ਜੋ ਕਿ ਗੰਭੀਰ ਪ੍ਰਕ੍ਰਿਤੀ ਦੇ ਭਗਤੀ ਭਾਵ ਦੀਆਂ ਰਚਨਾਵਾਂ ਲਈ ਉਪਯੁਕਤ ਹੈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚੋਂ ‘ਸੰਗੀਤ ਰਤਨਾਕਰ’ ਅਤੇ ‘ਸਵਰ ਮੇਲ ਕਲਾਨਿਧੀ’ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਸੰਗੀਤ ਰਤਨਾਕਰ ਵਿਚ ਇਸ ਨੂੰ ਰਾਗਾਂਗ ਰਾਗ ਕਿਹਾ ਗਿਆ ਹੈ। ‘ਸਵਰਮੇਲ ਕਲਾਨਿਧੀ’ ਵਿਚ ਇਸ ਰਾਗ ਨੂੰ ਅਧਮ ਵਰਗ ਦੇ ਰਾਗਾਂ ਵਿਚ ਰਖਿਆ ਗਿਆ ਹੈ।

ਭਾਰਤੀ ਸੰਗੀਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਇਸ ਨੂੰ ‘ਵਿਰਾਲੀ’ ਜਾਂ ‘ਵਿਰਾਟੀ’ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਤੋੜੀ ਇਕ ‘ਰਾਗਾਂਗ’ ਰਾਗ ਹੋਣ ਕਰਕੇ ਇਸ ਦੇ ਕਈ ਰਾਗ ਪ੍ਰਕਾਰ ਸੰਗੀਤ ਜਗਤ ਵਿਚ ਮਿਲਦੇ ਹਨ ਜਿਵੇਂ ਬਿਲਾਸਖਾਨੀ ਤੋੜੀ, ਅੰਜਨੀ ਤੋੜੀ, ਬਹਾਦੁਰੀ ਤੋੜੀ, ਮੀਆਂ ਕੀ ਤੋੜੀ ਆਦਿ। ਮੱਧਕਾਲੀਨ ਅਤੇ ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਮੱਧਕਾਲੀਨ ਰਾਗ-ਰਾਗਣੀ ਵਰਗੀਕਰਣ ਪੱਧਤੀ ਨਾਲ ਸਬੰਧਿਤ ਕਈ ਗ੍ਰੰਥਕਾਰਾਂ ਨੇ ਟੋਡੀ ਨੂੰ ਮੁੱਖ ਰਾਗ ਦੀ ਬਜਾਇ ਰਾਗਣੀ ਦੇ ਤੌਰ ਤੇ ਬਿਆਨਿਆ ਹੈ। ਕੁਝ ਸ਼ਾਸਤਰਕਾਰਾਂ ਨੇ ਇਸ ਨੂੰ ਬਸੰਤ ਰਾਗ ਦੀ ਰਾਗਣੀ ਮੰਨਿਆ ਹੈ ਅਤੇ ਕੁਝ  ਨੇ  ਦੀਪਕ ਰਾਗ ਦੀ ਰਾਗਣੀ ਪ੍ਰਵਾਣ ਕੀਤਾ ਹੈ। ‘ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ’ ਵਿਚ ਵੀ ਟੋਡੀ ਰਾਗ ਨੂੰ ਮਾਲਕੌਂਸ ਦੀ ਰਾਗਣੀ ਮੰਨਿਆ ਗਿਆ ਹੈ।

ਟੋਡੀ ਰਾਗ ਦੇ ਅਧੀਨ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ। ਇਸ ਦੇ ਅੰਤਰਗਤ ਗੁਰੂ ਰਾਮਦਾਸ ਜੀ ਇਕ; ਗੁਰ ਅਰਜਨ ਦੇਵ ਜੀ ਦੇ ਤੀਹ; ਗੁਰੂ ਤੇਗ ਬਹਾਦਰ ਜੀ ਦਾ ਇਕ ਅਤੇ ਭਗਤ ਨਾਮਦੇਵ ਦੁਆਰਾ ਰਚਿਤ ਤਿੰਨ ਪਦੇ ਬਾਣੀ ਰਚਨਾਵਾਂ ਅੰਕਿਤ ਹਨ। ਗੁਰਮਤਿ ਸੰਗੀਤ ਪਰੰਪਰਾ ਵਿਚ ਪ੍ਰਚਲਿਤ ਕੀਰਤਨ ਚੌਕੀ ਪਰੰਪਰਾ ਦੇ ਅਧੀਨ ਰਾਗ ਟੋਡੀ ਦਾ ਖੂਬ ਪ੍ਰਚਲਨ ਰਿਹਾ ਹੈ ਜਿਨ੍ਹਾਂ ਵਿਚ ‘ਚਰਨ ਕਮਲ ਦੀ ਚੌਕੀ’, ‘ਜਨਮ ਸਮੇਂ ਦੀ ਕੀਰਤਨ ਚੌਕੀ’, ‘ਕੁੜਮਾਈ ਸਮੇਂ ਦੀ ਕੀਰਤਨ ਚੌਕੀ’, ‘ਅਨੰਦ ਕਾਰਜ ਦੀ ਕੀਰਤਨ ਚੌਕੀ” ਆਦਿ ਕੀਰਤਨ ਚੌਕੀਆਂ ਪ੍ਰਮੁੱਖ ਹਨ।

ਟੋਡੀ ਰਾਗ ਦੇ ਸਰੂਪ ਸਬੰਧੀ ਵਿਦਵਾਨਾਂ ਦੇ ਵਿਚਾਰਾਂ ਵਿਚ ਮਤਭੇਦ ਮਿਲਦੇ ਹਨ। ਕੁਝ ਵਿਦਵਾਨ ਇਸ ਰਾਗ ਵਿਚ ਵਾਦੀ ਸੁਰ ਰਿਸ਼ਭ ਮੰਨਦੇ ਹਨ, ਕੁਝ ਵਾਦੀ ਧੈਵਤ ਅਤੇ ਸੰਵਾਦੀ ਗੰਧਾਰ ਅਤੇ ਕੁਝ ਵਾਦੀ ਧੈਵਤ ਅਤੇ ਸੰਵਾਦੀ ਰਿਸ਼ਭ ਮੰਨਦੇ ਹਨ ਪਰੰਤੂ ਗੁਰਮਤਿ ਸੰਗੀਤ ਦੇ ਵਿਦਵਾਨਾਂ ਨੇ ਇਸ ਦਾ ਵਾਦੀ-ਸੰਵਾਦੀ ਧੈਵਤ-ਰਿਸ਼ਭ ਹੀ ਮੰਨਿਆ ਹੈ। ਇਸ ਦੀ ਜਾਤੀ ਬਾਰੇ ਵੀ ਵਿਦਵਾਨ ਇਕ ਮੱਤ ਨਹੀਂ ਹਨ। ਕੁਝ ਆਰੋਹ ਵਿਚ ਪੰਚਮ ਵਰਜਿਤ ਕਰਕੇ ਇਸ ਦੀ ਜਾਤੀ ਸ਼ਾੜਵ-ਸੰਪੂਰਨ ਮੰਨਦੇ ਹਨ ਅਤੇ ਕੁਝ ਸੰਪੂਰਨ-ਸੰਪੂਰਨ ਜਾਤੀ ਦਾ ਰਾਗ ਮੰਨਦੇ ਹਨ।

ਆਧੁਨਿਕ ਸਮੇਂ ਵਿਚ ਟੋਡੀ ਰਾਗ ਦਾ ਸਰਬਪ੍ਰਵਾਨਿਤ ਸਰੂਪ ਹੈ ਜਿਸ ਨੂੰ ਗੁਰਮਤਿ ਦੇ ਗ੍ਰੰਥ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਪ੍ਰੋ. ਤਾਰਾ ਸਿੰਘ, ਰਾਗ ਨਿਰਣਾਇਕ ਕਮੇਟੀ ਨੇ ਅਤੇ ਰਾਗ ਕੋਸ਼ ਵਿਚ ਵੀ ਪ੍ਰਮਾਣਿਕਤਾ ਦਿੱਤੀ ਗਈ ਹੈ। ਟੋਡੀ ਰਾਗ ਨੂੰ ਤੋੜੀ ਥਾਟ ਦਾ ਆਸ਼ਰਯ ਰਾਗ ਮੰਨਿਆ ਜਾਂਦਾ ਹੈ। ਇਸ ਦੀ ਜਾਤੀ ਸੰਪੂਰਨ-ਸੰਪੂਰਨ ਹੈ। ਇਸ ਵਿਚ ਰਿਸ਼ਭ, ਗੰਧਾਰ, ਧੈਵਤ ਕੋਮਲ ਮਧਿਅਮ ਤੀਵਰ ਅਤੇ ਬਾਕੀ ਸ਼ੁੱਧ ਸੁਰ ਵਰਤੇ ਜਾਂਦੇ ਹਨ। ਇਸ ਰਾਗ ਦਾ ਵਾਦੀ ਸੁਰ ਧੈਵਤ ਅਤੇ ਸੰਵਾਦੀ ਗੰਧਾਰ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਦੂਸਰਾ ਪਹਿਰ ਮੰਨਿਆ ਗਿਆ ਹੈ। ਇਹ ਰਾਗ ਉਤਰਾਂਗ ਪ੍ਰਧਾਨ ਰਾਗ ਹੈ। ਇਸ ਰਾਗ ਦਾ ਆਰੋਹ : ਸ਼ੜਜ ਰਿਸ਼ਭ(ਕੋਮਲ) ਗੰਧਾਰ (ਕੋਮਲ), ਮਧਿਅ (ਤੀਵਰ) ਪੰਚਮ ਮਧਿਅਮ (ਤੀਵਰ) ਧੈਵਤ (ਕੋਮਲ), ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ (ਕੋਮਲ), ਪੰਚਮ, ਮਧਿਅਮ (ਤੀਵਰ) ਗੰਧਾਰ (ਕੋਮਲ), ਰਿਸ਼ਭ (ਕੋਮਲ) ਸ਼ੜਜ ਅਤੇ ਮੁੱਖ ਅੰਗ : ਧੈਵਤ (ਕੋਮਲ) ਨਿਸ਼ਾਦ (ਮੰਦਰ ਸਪਤਕ) ਸ਼ੜਜ, ਰਿਸ਼ਭ (ਕੋਮਲ) ਗੰਧਾਰ (ਕੋਮਲ), ਮਧਿਅਮ (ਤੀਵਰ) ਗੰਧਾਰ (ਕੋਮਲ) ਰਿਸ਼ਭ (ਕੋਮਲ) ਗੰਧਾਰ (ਕੋਮਲ), ਰਿਸ਼ਭ (ਕੋਮਲ) ਸ਼ੜਜ ਹੈ।

ਟੋਡੀ ਰਾਗ ਦੇ ਅਧੀਨ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ,  ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਪ੍ਰਮੁੱਖ ਰਚਨਾਕਾਰਾਂ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ।

ਟੋਡੀ ਰਾਗ ਨੂੰ ਭਾਈ ਬਲਬੀਰ ਸਿੰਘ, ਭਾਈ ਧਰਮ ਸਿੰਘ ‘ਜਖਮੀ’, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਡਾ. ਨਿਵੇਦਿਤਾ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਕੁਲਵੰਤ ਸਿੰਘ ਚੰਦਨ, ਭਾਈ ਨਰਿੰਦਰ ਸਿੰਘ, ਭਾਈ ਮੋਹਿੰਦਰ ਸਿੰਘ ਸਾਗਰ ਅਤੇ ਬੀਬੀ ਗੁਰਪ੍ਰੀਤ ਕੌਰ-ਕੀਰਤ ਕੌਰ ਆਦਿ ਕੀਰਤਨਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਨੂੰ ਅਸੀਂ www.gurmatsangeetpup.com, www.sikh-relics.com, www.vismaadnaad.org ਵੈਬਸਾਈਟਸ ਤੇ ਸੁਣ ਸਕਦੇ ਹਾਂ।

*drgnam@yahoo.com

Check Also

ਸ਼ਬਦ ਵਿਚਾਰ 170 – ਵਾਰ ਮਾਝ : ਤੀਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ …

Leave a Reply

Your email address will not be published.