ਨੌਵੇ ਮਹਲੇ ਦੀ ਇਲਾਹੀ ਬਾਣੀ ਦੇ ਪਹਿਲੇ ਸ਼ਬਦ ਦੀ ਵਿਚਾਰ – Shabad Vichaar -1

TeamGlobalPunjab
5 Min Read

ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧ ਆਵੈ ਧਾਇ। ਸਭ ਥਾਈਂ ਹੋਇ ਸਹਾਇ ।੧।

2021 ਦਾ ਇਹ ਵਰਾ ਤੇਗ ਦੇ ਧਨੀ, ਧਰਮ ਦੀ ਚਾਦਰ ਨੌਵੇਂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਸਾਰਾ ਸਿੱਖ ਜਗਤ ਸੰਸਾਰ ਪੱਧਰ ‘ਤੇ ਇਸ ਪਾਵਨ ਪੁਰਬ ਨੂੰ ਸਿੱਖ ਰਹੁ ਰੀਤਾਂ ਨਾਲ ਵੱਖ ਵੱਖ ਢੰਗਾਂ ਨਾਲ ਮਨਾ ਰਿਹਾ ਹੈ। ਇਸ ਪਾਵਨ ਪੁਰਬ ਦੇ ਸੰਬੰਧ ਵਿੱਚ ਨੌਵੇਂ ਮਹਲੇ ਦੀ ਬਾਣੀ ਦੀ ਲੜੀਵਾਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਕਿਉਂਕਿ ਗੁਰ ਫੁਰਮਾਨ ਵੀ ਹੈ:

 ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

ਰੋਜ਼ਾਨਾ ਸੋਮਵਾਰ ਤੋਂ ਸ਼ੁਕਰਵਾਰ ਸ਼ਾਮੀ 6 ਵਜੇ ਆਪ ਸਭ ਦੇ ਸਨਮੁਖ ਗੁਰੂ ਜੀ ਦੀ ਬਾਣੀ ਵਿਚਲਾ ਨਵਾਂ ਸ਼ਬਦ ਲੈ ਕੇ ਹਾਜ਼ਰ ਹੋਵਾਂਗੇ। ਇਸ ਸੰਦਰਭ ਵਿੱਚ ਆਪ ਸਭ ਦੇ ਦਿੱਤੇ ਵਿਚਾਰ ਤੇ ਸੁਝਾਅ ਸਾਡਾ ਮਾਰਗ ਰੋਸ਼ਨ ਕਰਨਗੇ।

- Advertisement -

ਸ਼ਬਦ ਵਿਚਾਰ ਦੀ ਪਾਵਨ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਚਾਰਨ ਬਾਣੀ ਵਿਚਲਾ ਪਹਿਲਾ ਸ਼ਬਦ ਸਾਧੋ ਮਨ ਕਾ ਮਾਨੁ ਤਿਆਗਉ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀਤਾ ਤੇ ਅਹਿਨਿਸਿ ਭਾਗਉ॥੧॥ ਦੀ ਵੀਚਾਰ ਕਰਾਂਗੇ। ਜੋ ਗਉੜੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 219 ‘ਤੇ ਅੰਕਿਤ ਹੈ। ਇਸ ਸ਼ਬਦ ਵਿੱਚ ਜੀਵਨ ਦੀ ਔਖੀ ਖੇਡ ਨੂੰ ਸਮਝਣ ਦਾ ਉਪਦੇਸ਼ ਗੁਰੂ ਜੀ ਸਾਨੂੰ ਕੁਝ ਇਸ ਤਰ੍ਹਾਂ ਦੇ ਰਹੇ ਹਨ:

ੴ ਸਤਿਗੁਰ ਪ੍ਰਸਾਦਿ॥ ਰਾਗੁ ਗਉੜੀ ਮਹਲਾ ੯ ॥

ਸਾਧੋ ਮਨ ਕਾ ਮਾਨੁ ਤਿਆਗਉ ॥

                ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥

ਹੇ ਸੰਤ ਜਨੋ! ਆਪਣੇ ਮਨ ਦਾ ਅਹੰਕਾਰ ਛੱਡ ਦਿਓ। ਕਾਮ ਅਤੇ ਕ੍ਰੋਧ ਭੀ ਭੈੜੇ ਮਨੁੱਖ ਦੀ ਸੰਗਤਿ ਵਾਂਗ ਹੀ ਹੈ, ਇਨ੍ਹਾਂ ਤੋਂ ਭੀ ਹਮੇਸ਼ਾਂ ਦੂਰ ਰਹੋ।1।ਰਹਾਉ ਸ਼ਬਦ ਤੋਂ ਭਾਵ ਟੇਕ ਤੋਂ  ਲਿਆ ਜਾਂਦਾ ਹੈ। ਰਹਾਉ ਵਾਲੀ ਤੁਕ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਗੁਰਮਤਿ ਸੰਗੀਤ ਸਿਧਾਂਤ ਦੇ ਹਵਾਲੇ ਨਾਲ ਸ਼ਬਦ ਕੀਰਤਨ ਦੇ ਸਮੇਂ ਇਸ ਤੁਕ ਨੂੰ ਹੀ ਸਥਾਈ ਬਣਾਉਣ ਦੀ ਤਾਕੀਦ ਕੀਤੀ ਗਈ ਹੈ।

- Advertisement -

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥

ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥

ਹੇ ਸੰਤ ਜਨੋ! ਜੇਹੜਾ ਮਨੁੱਖ ਸੁੱਖ, ਦੁੱਖ, ਆਦਰ, ਨਿਰਾਦਰੀ ਨੂੰ ਇੱਕ ਸਮਾਨ ਜਾਣਦਾ ਹੈ ਭਾਵ ਸੁੱਖ ਤੇ ਦੁੱਖ ਦੇ ਸਮੇਂ ਗੁਰੂ ਦੇ ਭਾਣੇ ਵਿੱਚ ਹੀ ਰਹਿੰਦਾ ਹੈ। ਜੇ ਉਸ ਮਨੁੱਖ ਦਾ ਕੋਈ ਆਦਰ ਕਰੇ ਤਾਂ ਉਹ ਉਸ ਦਾ ਮਾਣ ਨਹੀਂ ਕਰਦਾ। ਜੇ ਕੋਈ ਉਸ ਦੀ ਨਿੰਦਿਆ, ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ ਕਰਦਾ। ਜੋ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਭਾਵ ਖ਼ੁਸ਼ੀ ਦੇ ਵੇਲੇ ਅਹੰਕਾਰ ਨਹੀਂ ਕਰਦਾ ਤੇ ਗ਼ਮੀ ਦੇ ਵੇਲੇ ਘਬਰਾਉਂਦਾ ਨਹੀਂ ਸਮਝੋ ਉਸ ਮਨੁੱਖ ਨੇ ਜਗਤ ਵਿਚ ਜੀਵਨ ਦੇ ਭੇਤ ਨੂੰ ਸਮਝ ਲਿਆ ਹੈ।

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥

ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥

ਹੇ ਸੰਤ ਜਨੋ! ਉਸ ਮਨੁੱਖ ਨੇ ਸੱਚ ਜਾਣ ਲਿਆ ਹੈ ਜੋ ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ ਅਤੇ ਨਾ ਹੀ ਕਿਸੇ ਦੀ ਨਿੰਦਾ ਹੀ ਕਰਦਾ ਹੈ। ਉਹ ਸਦਾ ਉਸ ਆਤਮਕ ਅਵਸਥਾ ਦੀ ਭਾਲ ਕਰਦਾ ਹੈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਪਰ ਹੇ ਨਾਨਕ! ਇਹ ਜੀਵਨ ਦੀ ਖੇਡ ਖੇਡਣੀ ਔਖੀ ਹੈ। ਕੋਈ ਵਿਰਲਾ ਮਨੁੱਖ ਇਸ ਨੂੰ ਸਮਝਦਾ ਹੈ ਓਹ ਵੀ ਗੁਰੂ ਦੀ ਸ਼ਰਣ ਵਿਚ ਆ ਕੇ।2।1।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਸ ਸ਼ਬਦ ਰਾਹੀਂ ਉਪਦੇਸ਼ ਕਰ ਰਹੇ ਹਨ ਕਿ ਜੇ ਜੀਵਨ ਦੀ ਖੇਡ ਨੂੰ ਜਾਨਣਾ ਹੈ ਤਾਂ ਜਗਤ ਵਿੱਚ ਆਪਣੇ ਆਪ ਨੂੰ ਕਮਲ ਦੀ ਨਿਆਈ ਨਿਰਲੇਪ ਰੱਖਣ ਦੀ ਜਾਚ ਸਿੱਖਣੀ ਪਏਗੀ। ਕੇਵਲ ਸ਼ਬਦ ਗੁਰੂ ਦੇ ਲੜ ਕੇ ਹੀ ਇਹ ਸੰਭਵ ਹੈ।

ਸ਼ਬਦ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਦੀ ਇਸ ਪਾਵਨ ਲੜੀ ਨੂੰ ਹੋਰ ਵਧੀਆ ਕਰਨ ਲਈ ਤੁਹਾਡੇ ਸੁਝਾਅ ਹਮੇਸ਼ਾਂ ਸਾਡਾ ਰਾਹ ਰੁਸ਼ਨਾਉਣਗੇ। ਸੋ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment