ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ 14
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 14ਵਾਂ ਰਾਗ ਤਿਲੰਗ
* ਡਾ. ਗੁਰਨਾਮ ਸਿੰਘ
ਰਾਗ ਤਿਲੰਗ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਪਰੰਪਰਾ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਗੁਰਮਤਿ ਸੰਗੀਤ ਦਾ ਇਹ ਇਕ ਵਿਸ਼ੇਸ਼ ਰਾਗ ਹੈ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਅਨੁਸਾਰ ਚੌਦਵੇਂ ਸਥਾਨ ਤੇ ਆਉਂਦਾ ਹੈ ਜੋ ਪੰਨਾ 223 ‘ਤੇ ਅੰਕਿਤ ਹੈ। ਇਸ ਰਾਗ ਦਾ ਮਧੁਰ ਸੁਰਾਤਮਕ ਸਰੂਪ ਲੋਕ ਸੰਗੀਤ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਵਿਚ ਪ੍ਰਚਲਿਤ ਹੈ। ਤਿਲੰਗ ਰਾਗ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਸਤ, ਗੁਰੂ ਰਾਮਦਾਸ ਜੀ ਦੇ ਦੋ, ਗੁਰੂ ਅਰਜਨ ਦੇਵ ਜੀ ਦੇ ਪੰਜ ਪਦੇ ਬਾਣੀ ਰਚਨਾਵਾਂ ਮਿਲਦੀਆਂ ਹਨ। ਇਸ ਤੋਂ ਬਿਨਾਂ ਭਗਤ ਕਬੀਰ ਦਾ ਇਕ ਅਤੇ ਭਗਤ ਰਵਿਦਾਸ ਦੇ ਦੋ ਪਦ ਬਾਣੀ ਰੂਪ ਵੀ ਤਿਲੰਗ ਰਾਗ ਦੇ ਅੰਤਰਗਤ ਅੰਕਿਤ ਹੈ।
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦਿਨ ਦੇ ‘ਤੀਜੇ ਪਹਿਰ ਚਰਨ ਕਮਲ ਦੀ ਚੌਕੀ’ ਵਿਚ ਤੀਸਰੇ ਪਹਿਰ ਦੇ ਰਾਗਾਂ ਅਧੀਨ ਅਤੇ ‘ਅਕਾਲ ਚਲਾਣੇ ਦੀ ਕੀਰਤਨ ਚੌਕੀ’ ਵਿਚ ਇਸ ਰਾਗ ਦਾ ਗਾਇਨ ਅਕਸਰ ਸੁਣਨ ਨੂੰ ਮਿਲਦਾ ਹੈ। ਇਸ ਤੋਂ ਬਾਅਦ ਰਾਗ ਧਨਾਸਰੀ ਵਿਚ ਆਰਤੀ ਦਾ ਗਾਇਨ ਕਰਨ ਉਪਰੰਤ ਰਾਗ ਰਾਮਕਲੀ ਵਿਚ ਛੇ ਪਉੜੀਆਂ ਅਨੰਦ ਸਾਹਿਬ ਦਾ ਗਾਇਨ ਕਰਕੇ ਸਮਾਪਤੀ ਦੀ ਅਰਦਾਸ ਕੀਤੀ ਜਾਂਦੀ ਹੈ।
- Advertisement -
ਵਲਾਇਤ ਵਾਲੀ ਜਨਮ ਸਾਖੀ ਵਿਚ ਰਾਗ ਤਿਲੰਗ ਦੇ ਅੰਤਰਗਤ ਕਾਜੀਆਂ ਨੂੰ ਗੁਰੂ ਸਾਹਿਬ ਨੇ ਇਉਂ ਫੁਰਮਾਨ ਕੀਤਾ: ‘ਮਰਦਾਨਿਆਂ ਰ਼ਬਾਬੁ ਵਜਾਇ’। ਤਬਿ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗ ਕੀਤਾ, ਬਾਬੇ ਸਬਦੁ ਉਠਾਇਆ।
ਤਿਲੰਗ ਰਾਗ ਹਿੰਦੁਸਤਾਨੀ ਅਤੇ ਗੁਰਮਤਿ ਸੰਗੀਤ ਦੋਵੇਂ ਪਰੰਪਰਾਵਾਂ ਵਿਚ ਸਮਾਨ ਰੂਪ ਵਿਚ ਮਹੱਤਵ ਰਖਦਾ ਹੈ। ਇਹ ਪ੍ਰਸਿੱਧ ਅਤੇ ਪ੍ਰਚਲਿਤ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਗੁਰੁ ਗਿਰਾਰਥ ਕੋਸ਼ ਅਤੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ ਤੈਲੰਗ (ਤਿਲੰਗਾਨਾ) ਦੱਖਣੀ ਭਾਰਤ ਦਾ ਇਕ ਇਲਾਕਾ ਸਵੀਕਾਰਿਆ ਹੈ ਜਿਸ ਦੇ ਆਲੇ ਦੁਆਲੇ ਸ੍ਰੀ ਸ਼ੈਲ, ਕਾਲੇਸ਼ਵਰ ਅਤੇ ਭੀਮੇਸ਼ਵਰ ਪਹਾੜ ਹਨ। ਇਨ੍ਹਾਂ ਉਪਰ ਤਿੰਨ ਸ਼ਿਵਲਿੰਗ ਮੰਨੇ ਜਾਂਦੇ ਹਨ। ਇਸ ਰਾਗ ਦਾ ਇਸ ਇਲਾਕੇ ਨਾਲ ਸਬੰਧਤ ਹੋਣ ਦੀ ਸੰਭਾਵਨਾ ਵੀ ਦਰਸਾਈ ਜਾਂਦੀ ਹੈ। ਰਾਗ-ਰਾਗਣੀ ਪੱਧਤੀ ਨਾਲ ਸਬੰਧਤ ਮੱਤਾਂ ਵਿਚੋਂ ਕਈ ਮੱਤਾਂ ਨੇ ਰਾਗ ਤਿਲੰਗ ਨੂੰ ਹਿੰਡੋਲ ਰਾਗ ਦੀ ਰਾਗਣੀ ਮੰਨਿਆ ਹੈ। ਪਰੰਤੂ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨਾਂ ਨੇ ਰਾਗਣੀ ਨਾਮਕ ਸੰਕਲਪ ਤਿਆਗ ਕੇ ਸਿਰਫ ਰਾਗ ਦਾ ਸੰਕਲਪ ਹੀ ਵਰਤਿਆ ਹੈ।
ਤਿਲੰਗ ਰਾਗ ਨੂੰ ਵਿਦਵਾਨਾਂ ਨੇ ਖਮਾਜ ਥਾਟ ਦੇ ਅੰਤਰਗਤ ਰਖਿਆ ਹੈ। ਇਸ ਦੇ ਆਰੋਹ-ਅਵਰੋਹ ਵਿਚ ਰਿਸ਼ਭ ਤੇ ਧੈਵਤ ਸੁਰ ਵਰਜਿਤ ਕਰਕੇ ਔੜਵ-ਔੜਵ ਜਾਤੀ ਦਾ ਰਾਗ ਮੰਨਿਆ ਹੈ। ਇਸ ਦਾ ਵਾਦੀ-ਸੰਵਾਦੀ ਸੁਰ ਗੰਧਾਰ – ਨਿਸ਼ਾਦ ਮੰਨਣ ਦੀ ਪ੍ਰਥਾ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਦੂਸਰਾ ਪਹਿਰ ਹੈ ਪਰੰਤੂ ਕੁਝ ਸਿੱਖ ਕੀਰਤਨਕਾਰ ਇਸ ਨੂੰ ਦਿਨ ਦੇ ਤੀਸਰੇ ਪਹਿਰ ਦਾ ਰਾਗ ਮੰਨਦੇ ਹਨ। ਇਸੇ ਪ੍ਰਕਾਰ ਕੁਝ ਇਸ ਦੀ ਜਾਤੀ ਔੜਵ-ਸ਼ਾੜਵ ਮੰਨਦੇ ਹਨ। ਇਸ ਰਾਗ ਵਿਚ ਦੋਵੇਂ ਨਿਸ਼ਾਦ ਅਤੇ ਬਾਰੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਆਰੋਹ : ਸ਼ੜਜ ਗੰਧਾਰ, ਮਧਿਅਮ ਪੰਚਮ, ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਪੰਚਮ, ਮਧਿਅਮ ਗੰਧਾਰ, ਸ਼ੜਜ; ਮੁੱਖ ਅੰਗ : ਨਿਸ਼ਾਦ (ਮੰਦਰ ਸਪਤਕ) ਸ਼ੜਜ ਗੰਧਾਰ ਮਧਿਅਮ ਪੰਚਮ, ਨਿਸ਼ਾਦ (ਕੋਮਲ) ਪੰਚਮ, ਗੰਧਾਰ ਮਧਿਅਮ ਗੰਧਾਰ, ਸ਼ੜਜ।
ਤਿਲੰਗ ਰਾਗ ਦਾ ਉਕਤ ਸਰੂਪ ਸਰਬ ਪ੍ਰਵਾਣਿਤ ਹੈ ਅਤੇ ਇਸ ਸਰੂਪ ਨੂੰ ਰਾਗ ਕੋਸ਼, ਰਾਗ ਵਿਸ਼ਾਰਦ, ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਗਿਆਨ ਸਿੰਘ ਐਬਟਾਬਾਦ, ਰਾਗ ਨਿਰਣਾਇਕ ਕਮੇਟੀ ਆਦਿ ਨੇ ਵੀ ਇਸੇ ਤਰ੍ਹਾਂ ਹੀ ਸਵੀਕਾਰਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਿਲੰਗ ਰਾਗ ਅਧੀਨ ਹੀ ਇਕ ਹੋਰ ਰਾਗ ਤਿਲੰਗ ਕਾਫੀ ਪ੍ਰਯੋਗ ਕੀਤਾ ਗਿਆ ਹੈ ਜੋ ਰਾਗ ਤਿਲੰਗ ਤੇ ਕਾਫੀ ਰਾਗ ਦੇ ਸੁਮੇਲ ਤੋਂ ਸਰੂਪਿਤ ਮੌਲਿਕ ਰਾਗ ਹੈ। ਭਾਰਤੀ ਸੰਗੀਤ ਵਿਚ ਮੱਧਕਾਲ ਵਿਚ ਪ੍ਰਚਲਿਤ ਰਾਗ ਵਰਗੀਕਰਨ ਪੱਧਤੀ ਅਨੁਸਾਰ ਅਜਿਹੇ ਰਾਗਾਂ ਨੂੰ ਛਾਇਆਲਗ ਰਾਗ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਅਧੀਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪਦੇ ਸ਼ੈਲੀ ਵਿਚ ਪੰਨਾ 726 ‘ਤੇ ਅੰਕਿਤ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਨੇ ਰਾਗ ਕਾਫੀ ਦਾ ਜ਼ਿਕਰ ਕਰਦਿਆਂ ਤਿਲੰਗ ਕਾਫੀ ਨੂੰ ਇਕ ਰਾਗ ਸਵੀਕਾਰਿਆ ਹੈ। ਗੁਰਮਤਿ ਸੰਗੀਤ ਪਰੰਪਰਾ ਵਿਚ ਇਸ ਰਾਗ ਦੇ ਦੋ ਸਰੂਪ ਪ੍ਰਚਾਰ ਅਧੀਨ ਹਨ। ਜਿਨ੍ਹਾਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹੈ:
- Advertisement -
- ਗੁਰਮਤਿ ਸੰਗੀਤ ਦੇ ਕੁਝ ਵਿਦਵਾਨਾਂ ਅਨੁਸਾਰ ਇਸ ਦੀ ਰਚਨਾ ਥਾਟ-ਉਪਥਾਟ ਪੱਧਤੀ ਅਨੁਸਾਰ ਖਮਾਜ-ਕਾਫੀ ਉਪਥਾਟਾਂ ਤੋਂ ਹੋਈ ਹੈ। ਇਸ ਦੀ ਜਾਤੀ ਔੜਵ-ਵਕਰ ਸੰਪੂਰਣ ਮੰਨੀ ਗਈ ਹੈ। ਇਸ ਵਿਚ ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਵਰਤੇ ਜਾਂਦੇ ਹਨ। ਆਰੋਹ : ਸ਼ੜਜ ਗੰਧਾਰ, ਮਧਿਅਮ ਪੰਚਮ, ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਮਧਿਅਮ ਗੰਧਾਰ, ਰਿਸ਼ਭ ਸ਼ੜਜ; ਮੁੱਖ ਅੰਗ : ਨਿਸ਼ਾਦ (ਕੋਮਲ) ਪੰਚਮ ਗੰਧਾਰ ਮਧਿਅਮ ਗੰਧਾਰ, ਮਧਿਅਮ ਗੰਧਾਰ (ਕੋਮਲ) ਰਿਸ਼ਭ ਸੜਜ।
- ਉਪਰੋਕਤ ਸਰੂਪ ਵਿਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਰਾਗ ਨਿਰਣਾਇਕ ਨੇ ਨਿਮਨਲਿਖਤ ਅਨੁਸਾਰ ਇਸ ਦਾ ਸਰੂਪ ਪ੍ਰਵਾਨਿਤ ਕੀਤਾ ਹੈ: ਇਸ ਰਾਗ ਵਿਚ ਗੰਧਾਰ ਵਾਦੀ ਅਤੇ ਸ਼ੁੱਧ ਨਿਸ਼ਾਦ ਸੰਵਾਦੀ ਮੰਨਿਆ ਹੈ। ਇਸ ਰਾਗ ਦੀ ਜਾਤੀ ਔੜਵ-ਸੰਪੂਰਨ ਮੰਨੀ ਹੈ। ਇਸ ਦਾ ਗਾਇਨ ਸਮਾਂ ਰਾਗ ਦਾ ਦੂਜਾ ਪਹਿਰ ਮੰਨਿਆ ਹੈ। ਇਸ ਦੇ ਆਰੋਹ ਵਿਚ ਰਿਸ਼ਭ-ਧੈਵਤ ਵਰਜਿਤ ਕੀਤਾ ਗਿਆ ਹੈ। ਆਰੋਹ : ਸ਼ੜਜ ਨਿਸ਼ਾਦ (ਮੰਦਰ ਸਪਤਕ) ਸ਼ੜਜ, ਗੰਧਾਰ ਮਧਿਅਮ ਪੰਚਮ ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਮਧਿਅਮ ਪੰਚਮ, ਗੰਧਾਰ (ਕੋਮਲ) ਰਿਸ਼ਭ ਸ਼ੜਜ; ਮੁੱਖ ਅੰਗ : ਗੰਧਾਰ ਮਧਿਅਮ ਪੰਚਮ, ਨਿਸ਼ਾਦ (ਕੋਮਲ) ਪੰਚਮ, ਗੰਧਾਰ (ਕੋਮਲ) ਰਿਸ਼ਭ ਸ਼ੜਜ ਰਿਸ਼ਭ ਨਿਸ਼ਾਦ ਸ਼ੜਜ।
ਤਿਲੰਗ ਰਾਗ ਦੇ ਅਧੀਨ ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪੋ੍ਰ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਪ੍ਰਮੁੱਖ ਰਚਨਾਕਾਰਾਂ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ।
ਉਕਤ ਦੋਵੇਂ ਰਾਗਾਂ ਨੂੰ ਸਮੇਂ-ਸਮੇਂ ‘ਤੇ ਅਨੇਕਾਂ ਗੁਰੂ ਘਰ ਦੇ ਕੀਰਤਨਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ, www.sikh-relics.com, www.vismaadnaad.org ਵੈਬਸਾਈਟਸ ਤੇ ਸੁਣ ਸਕਦੇ ਹਾਂ।