ਦੁਨੀਆਂ ਦੇ ਇਤਿਹਾਸ ਦੀ ਅਜਿਹੀ ਸ਼ਹਾਦਤ ਜਿਸ ਦੀ ਨਹੀਂ ਹੈ ਹੋਰ ਕੋਈ ਮਿਸਾਲ-ਡਾ. ਗੁਰਦੇਵ ਸਿੰਘ

TeamGlobalPunjab
7 Min Read

ਦੁਨੀਆਂ ਦੇ ਇਤਿਹਾਸ ਦੀ ਅਜਿਹੀ ਸ਼ਹਾਦਤ ਜਿਸ ਦੀ ਨਹੀਂ ਹੈ ਹੋਰ ਕੋਈ ਮਿਸਾਲ

ਡਾ. ਗੁਰਦੇਵ ਸਿੰਘ

“ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜੇ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।

ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਅਨੇਕ ਅਜਿਹੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਰਜ ਨੇ ਜਿਨ੍ਹਾਂ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਇਨ੍ਹਾਂ ਸ਼ਹਾਦਤਾਂ ਵਿਚੋਂ ਹੀ ਭਾਈ ਮਨੀ ਸਿੰਘ ਦੀ ਮਹਾਨ ਸ਼ਹਾਦਤ ਵੀ ਇੱਕ ਏ ਜੋ ਅੱਜ ਤੋਂ ਲਗਭਗ 287 ਸਾਲ ਪਹਿਲਾਂ 1734 ਈਸਵੀ ਵਿੱਚ ਲਾਹੌਰ ਦੇ ਨਖਾਸ ਚੌਂਕ ਵਿੱਚ ਹੋਈ। ਭਾਈ ਮਨੀ ਸਿੰਘ ਸਿੱਖ ਧਰਮ ਦੇ ਮਹਾਨ ਧਰਮ ਸਾਧਕ ਤੇ ਉਚ ਵਿਦਵਾਨ ਸਨ। ਭਾਈ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਆਓ ਜਾਣ ਦੇ ਹਾਂ ਉਨ੍ਹਾਂ ਮਹਾਨ ਸ਼ਹਾਦਤ ਬਾਰੇ:

ਸ਼ਹੀਦ ਬਿਲਾਸ ਦੇ ਕਰਤਾ ਅਨੁਸਾਰ ਭਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਈਸਵੀ ਨੂੰ ਮੁਲਤਾਨ ਦੇ ਇੱਕ ਪਿੰਡ ਅਲੀਪੁਰ ਵਿਖੇ ਭਾਈ ਮਾਈਦਾਸ ਦੇ ਘਰ ਮਾਤਾ ਮਧਰੀ ਜੀ ਦੀ ਕੁੱਖੋਂ ਹੋਇਆ। ਭਾਈ ਮਨੀ ਸਿੰਘ ਜੀ 13 ਸਾਲ ਦੀ ਉਮਰ ਤੋਂ ਹੀ ਗੁਰੂ ਨਾਨਕ ਦੇ ਘਰ ਨਾਲ ਜੁੜ ਗਏ ਸਨ। ਭਾਈ ਸਾਹਿਬ ਨੂੰ ਗੁਰੂ ਹਰਿ ਰਾਇ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਚਾਰ ਗੁਰੂ ਸਹਿਬਾਨ ਦੀ ਸੇਵਾ ਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਨੇ ਗੁਰੂ ਗੋਬਿੰਦ ਸਿੰਘ ਦੁਆਰਾ ਧਰਮ ਖਾਤਰ ਕੀਤੀਆਂ ਗਈਆਂ ਵੱਖ-ਵੱਖ ਜੰਗਾਂ ਵਿੱਚ ਵੀ ਆਪਣੀ ਬਹਾਦਰੀ ਦੇ ਖੂਬ ਜੋਹਰ ਦਿਖਾਏ। ਸੋਢੀ ਹਰਿ ਜੀ ਦੀ ਅਕਾਲ ਚਲਾਣੇ ਤੋਂ ਬਾਅਦ ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸੇਵਾ ਸੰਭਾਲੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਤਾਂ ਉਦੋਂ ਆਪ ਨੇ ਗੁਰੂ ਆਗਿਆ ਅਨੁਸਾਰ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਹਿਫਾਜਤ ਨਾਲ ਦਿੱਲੀ ਪੁਹੰਚਾਉਣ ਦੀ ਸੇਵਾ ਨਿਭਾਈ ਅਤੇ ਜਦੋਂ ਗੁਰੂ ਸਾਹਿਬ ਦਮਦਮਾ ਸਾਹਿਬ ਸਾਹਿਬ ਪਹੁੰਚੇ ਤਾਂ ਆਪ ਗੁਰੂ ਮਹਿਲਾਂ ਨਾਲ ਦਮਦਮਾ ਸਾਹਿਬ ਆ ਪਹੁੰਚੇ। ਦਮਦਮਾ ਸਾਹਿਬ ਦੇ ਪਾਵਨ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗ੍ਰੰਥ ਸਾਹਿਬ ਦਾ ਮੁੜ ਸੰਪਾਦਨ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕੀਤਾ। ਗੁਰੂ ਆਗਿਆ ਨਾਲ ਉਦੋਂ ਭਾਈ ਮਨੀ ਸਿੰਘ ਨੇ ਲਿਖਾਰੀ ਦੀ ਸੇਵਾ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾ ਜਾਣ ਤੋਂ ਬਾਅਦ ਆਪ ਗੁਰੂ ਮਹਿਲਾਂ ਦੀ ਸੇਵਾ ਵਿੱਚ ਹੀ ਰਹੇ। ਸਮਾਂ ਬੀਤਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਵਿੱਚ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਖਾਲਸਾ ਦੋ ਹਿੱਸੀਆਂ ਵਿੱਚ, ਦਲ ਖਾਲਸਾ ਤੇ ਬੰਦਈ ਖਾਲਸਾ ਵਿੱਚ ਵੰਡਿਆ ਗਿਆ ਸੀ। ਇਸ ਵਿਵਾਦ ਨੂੰ ਆਪ ਨੇ ਬਹੁਤ ਸਿਆਣਪ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ ‘ਤੇ ਸੁਲਝਾਇਆ।

- Advertisement -

ਸ੍ਰੀ ਅੰਮ੍ਰਿਤਸਰ ਵਿਖੇ ਮੁਗਲ ਸਰਕਾਰ ਨੇ ਕਈ ਵਰੇ ਤੋਂ ਕੋਈ ਵੀ ਇੱਕਠ ਜਾਂ ਜੋੜ ਮੇਲਾ ਨਹੀਂ ਸੀ ਹੋਣ ਦਿੱਤਾ। ਭਾਈ ਮਨੀ ਸਿੰਘ ਨੇ ਮੁਖੀ ਸਿੰਘਾਂ ਨਾਲ ਸਲਾਹ ਕੀਤੀ ਕਿ ਇਸ ਵਾਰ ਬੰਦੀ-ਛੋੜ ਦਿਵਸ ਤੇ ਵਿਸਾਖੀ ਦਾ ਜੋੜਮੇਲਾ ਅੰਮ੍ਰਿਤਸਰ ਮਨਾਇਆ ਜਾਵੇ ਅਤੇ ਸਿੱਖ ਪੰਥ ਦੀ ਚੜਦੀ ਕਲਾ ਲਈ ਵਿਚਾਰਾਂ ਕੀਤੀਆਂ ਜਾਣ। ਸਾਰੇ ਮੁਖੀ ਸਿੰਘਾਂ ਨੇ ਇਸ ਦੀ ਹਾਮੀ ਭਰੀ ਅਤੇ ਇਸ ਦੇ ਇਵੱਜ ਵਿੱਚ ਜਕਰੀਆਂ ਖਾਨ ਨੂੰ ਕਰ ਦੇ ਰੂਪ ਵਿੱਚ 5000 ਰੁਪੈ ਦੇਣੇ ਵੀ ਮਨ ਲਏ ਗਏ। ਕੁਝ ਕੁ ਸਮੇਂ ਬਾਅਦ ਭਾਈ ਮਨੀ ਸਿੰਘ ਨੂੰ ਬਦਜਾਤ ਜਕਰੀਆਂ ਖਾਨ ਦੀ ਇੱਕ ਕੋਝੀ ਸਾਜਿਸ਼ ਦਾ ਪਤਾ ਲੱਗਿਆ ਕਿ ਜਕਰੀਆ ਖਾਨ ਇੱਕਠੀ ਹੋਈ ਸਿੱਖ ਸੰਗਤ ਦਾ ਵੱਡਾ ਨੁਕਸਾਨ ਕਰਨ ਵਾਲਾ ਹੈ। ਭਾਈ ਸਾਹਿਬ ਨੇ ਸੰਗਤਾਂ ਨੂੰ ਚਿੱਠੀਆਂ ਪਾ ਕੇ ਅੰਮ੍ਰਿਤਸਰ ਆਉਂਣੋ ਰੋਕ ਦਿੱਤਾ ਤੇ ਜਿਸ ਕਾਰਨ ਸਿੱਖਾਂ ਦਾ ਨਾ ਮਾਤਰ ਹੀ ਇੱਕਠ ਹੋਇਆ। ਉਧਰ ਜਕਰੀਆਂ ਖਾਨ ਨੇ ਲੱਖਪਤ ਰਾਏ ਨੂੰ ਅੰਮ੍ਰਿਤਸਰ ’ਤੇ ਚੜਾਈ ਕਰਨ ਲਈ ਭੇਜ ਦਿੱਤਾ ਜਿਸ ਨੇ ਅੰਮ੍ਰਿਤ ਸੋਰਵਰ ਵਿੱਚ ਇਸ਼ਨਾਨ ਕਰਦੀਆ ਸੰਗਤਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਭਾਈ ਮਨੀ ਸਿੰਘ ਜੀ ਦੀ ਸੂਝਬੂਝ ਨਾਲ ਸਿੱਖਾਂ ਦਾ ਇੱਕ ਵੱਡਾ ਨੁਕਸਾਨ ਹੋਣੇ ਟਲ ਗਿਆ। ਭਾਈ ਸਾਹਿਬ ਨੇ ਇਸ ਕਤਲੇਆਮ ਦੀ ਲਿਖਤੀ ਨਿਖੇਧੀ ਕੀਤੀ। ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਜਕਰੀਆਂ ਖਾਨ ਨੇ ਟੈਕਸ ਦੀ ਰਕਮ ਦੇਣ ਦੀ ਗੱਲ ਕੀਤੀ ਪਰ ਭਾਈ ਸਾਹਿਬ ਨੇ ਨਾਂਹ ਕਰ ਦਿੱਤੀ। ਭਾਈ ਸਾਹਿਬ ਨੂੰ ਅਨੇਕ ਸਿੰਘਾਂ ਸਮੇਤ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ। ਉਨ੍ਹਾਂ ਨੂੰ ਜਬਰਨ ਇਸਲਾਮ ਕਬੂਲ ਕਰਨ ਉੱਤੇ ਜੋਰ ਪਾਇਆ ਗਿਆ ਪ੍ਰੰਤੂ ਭਾਈ ਸਾਹਿਬ ਸਮੇਤ ਕਿਸੇ ਵੀ ਸਿੱਖ ਨੇ ਜਕਰੀਆਂ ਖਾਨ ਦੀ ਈਨ ਨਹੀਂ ਮੰਨੀ। ਫਿਰ ਸਿੰਘਾਂ ਨੂੰ ਅਨੇਕ ਤਰ੍ਹਾਂ ਦੇ ਦਰਦਨਾਕ ਤਸੀਹੇ ਦਿੱਤੇ ਗਏ ਪਰ ਸਿੰਘ ਅਡੋਲ ਰਹੇ । ਜਦੋਂ ਮੁਗਲਾਂ ਦੀ ਕੋਈ ਵਾਹ ਨਾ ਚੱਲੀ ਤਾਂ ਕਾਜੀ ਨੇ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ।

ਭਾਈ ਮਨੀ ਸਿੰਘ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਲਿਆਂਦਾ ਗਿਆ। ਇਤਿਹਾਸਕ ਹਵਾਲਿਆ ਅਨੁਸਾਰ ਜਦੋਂ ਜਲਾਦ ਭਾਈ ਸਾਹਿਬ ਦਾ ਗੁੱਟ ਕੱਟਣ ਲੱਗਿਆ ਤਾਂ ਭਾਈ ਸਾਹਿਬ ਨੇ ਉਸ ਨੂੰ ਰੋਕ ਕਿਹਾ ਕਿ ”ਭਲਿਆ ਤੈਨੂੰ ਤਾਂ ਬੰਦ ਬੰਦ ਕੱਟਣ ਦਾ ਹੁਕਮ ਹੋਇਆ ਏ, ਤੂੰ ਤਾਂ ਗੁੱਟ ਤੋਂ ਸ਼ੁਰੂ ਹੋਣ ਲੱਗਿਆ ਏ! ਬੰਦ ਤਾਂ ਉਂਗਲ ਦੇ ਪੋਟਿਆਂ ਤੋਂ ਸ਼ੁਰੂ ਹੁੰਦਾ ਏ,  ਇੰਝ ਕਰ, ਗੁੱਟ ਤੋਂ ਨਹੀਂ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਕਰ”। ਜ਼ਲਾਦ ਵੀ ਸੋਚੀਂ ਪੈ ਗਿਆ। ਉਸ ਨੇ ਭਾਈ ਸਾਹਿਬ ਦੇ ਪੋਟਿਆਂ ਤੋਂ ਸਰੀਰ ਕੱਟਣਾ ਸ਼ੁਰੂ ਕਰ ਦਿੱਤਾ।

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੫੭  )

24 ਜੂਨ, 1734 ਈਸਵੀ ਨੂੰ ਨਖਾਸ ਚੌਕ ਵਿਚ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸੁਬੇਗ ਤੇ ਕੁਝ ਹੋਰ ਸਿੱਖਾਂ ਨੇ ਲਾਹੌਰ ਕਿਲੇ ਦੇ ਪਾਸ ਭਾਈ ਸਾਹਿਬ ਦਾ ਸਸਕਾਰ ਕੀਤਾ। ਭਾਈ ਮਨੀ ਸਿੰਘ ਦੀ ਸ਼ਹਾਦਤ ਨੇ ਸਿੰਘਾਂ ਵਿੱਚ ਅਜਿਹਾ ਜੋਸ਼ ਪੈਦਾ ਕੀਤਾ ਕਿ ਸਿੰਘਾਂ ਨੇ ਇਸ ਜ਼ੁਲਮੀ ਹਕੂਮਤ ਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ। ਭਾਈ ਸਾਹਿਬ ਨੂੰ ਤਸੀਹੇ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਮਦ ਖਾਨ ਸਮੇਤ ਅਨੇਕ ਮੁਗਲਾਂ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ।

ਅੱਜ ਜਦ ਵੀ ਸਿੱਖ ਅਰਦਾਸ  ਕਰਦੇ ਹਨ ਤਾਂ ਜਦੋਂ ਉਹ ਇਹ ਪੰਕਤੀਆਂ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ… ਆਖਦੇ ਨੇ ਤਾਂ ਅਨੇਕ ਸ਼ਹੀਦ ਸਿੰਘਾਂ ਸਮੇਤ ਹਰ ਸਿੱਖ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਵੀ ਯਾਦ ਕਰਦੇ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਇਕ ਸੱਚੇ ਸੰਤ-ਸਿਪਾਹੀ, ਬਹਾਦਰ ਯੋਧੇ, ਵੱਡੇ ਵਿਦਵਾਨ ਅਤੇ ਉੱਚੇ ਇਖ਼ਲਾਕ ਦੇ ਮਾਲਕ ਸਨ। ਸਿੱਖ ਪੰਥ ਵਿੱਚ ਭਾਈ ਮਨੀ ਸਿੰਘ ਜੀ ਦਾ ਨਾਂ ਹਮੇਸ਼ਾ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ। ਅਸੀਂ ਭਾਈ ਸਾਹਿਬ ਦੀ ਮਹਾਨ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

- Advertisement -
Share this Article
Leave a comment