ਨਵੀਂ ਦਿੱਲੀ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ ਅਤੇ ਇਸ ਮਾਹੌਲ ‘ਚ ਭਾਰਤੀ ਫੌਜ ਦੇ ਜਨਰਲ ਬਿਪਿਨ ਰਾਵਤ ਦੀ ਤੁਲਨਾ ਜਿੱਲ੍ਹਿਆਂਵਾਲੇ ਬਾਗ ਦੇ ਹਤਿਆਰੇ ਜਨਰਲ ਡਾਇਰ ਨਾਲ ਕੀਤੇ ਜਾਣ ‘ਤੇ ਰੌਲਾ ਪੈ ਗਿਆ ਹੈ। ਜੀ ਹਾਂ ਇਹ ਤੁਲਨਾ ਇੱਕ ਪ੍ਰਸ਼ਾਂਤ ਕਲੌਜੀਆ ਨਾਮ ਦੇ ਸਖ਼ਸ਼ ਨੇ ਆਪਣੇ ਟਵੀਟਰ ਅਕਾਉਂਟ ਜ਼ਰੀਏ ਕੀਤੀ ਹੈ, ਜਿਸ ‘ਤੇ ਕੁਝ ਇਤਰਾਜਯੋਗ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਸੁਪਰੀਮ ਕੋਰਟ ਦੇ ਵਕੀਲ ਅਲਖ਼ ਅਲੋਲ ਸ੍ਰੀਵਾਸਤਵ ਨੇ ਇੱਥੋਂ ਦੇ ਤਿਲਕ ਮਾਰਗ ਥਾਣੇ ‘ਚ ਕਰ ਦਿੱਤੀ ਹੈ।
ਸ੍ਰੀਵਾਸਤਵ ਨੇ ਦੱਸਿਆ ਕਿ ਅੱਜ ਦੇਸ਼ ਅੰਦਰ ਭਾਵੇਂ ਕੋਈ ਵੀ ਆਫਤ ਆਵੇ ਜਾਂ ਫਿਰ ਕਿਸੇ ਵਿਰੋਧੀ ਦੇਸ਼ ਦਾ ਹਮਲਾ ਹੋਵੇ ਤਾਂ ਭਾਰਤੀ ਫੌਜ ਹਮੇਸ਼ਾ ਦੇਸ਼ ਲਈ ਖੜ੍ਹੀ ਦਿਖਾਈ ਦਿੰਦੀ ਹੈ ਅਤੇ ਹਰ ਔਖੇ ਸਮੇਂ ‘ਚ ਦੇਸ਼ਵਾਸੀਆਂ ਦਾ ਸਾਥ ਦਿੰਦੀ ਹੈ ਅਤੇ ਉਸੇ ਫੌਜ ਲਈ ਹੀ ਅਜਿਹੀਆਂ ਗਲਤ ਟਿੱਪਣੀਆਂ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਗਲਤ ਸੰਦੇਸ਼ ਦਿੰਦੀਆਂ ਹਨ ਤੇ ਇਹੀ ਕਾਰਨ ਹੈ ਕਿ ਵਿਰੋਧੀ ਦੇਸ਼ਾਂ ਨੂੰ ਉਂਗਲ ਚੁੱਕਣ ਦਾ ਮੌਕਾ ਮਿਲ ਰਿਹਾ ਹੈ।
ਦੱਸ ਦਈਏ ਕਿ ਨੌਜਵਾਨ ਨੇ ਆਪਣੇ ਟਵੀਟਰ ਅਕਾਉਂਟ ‘ਤੇ ਦੋ ਤਸਵੀਰਾਂ ਨੂੰ ਸ਼ੇਅਰ ਕੀਤੀਆਂ ਜਿਸ ਵਿੱਚ ਇੱਕ ਸੀ ਜਨਰਲ ਡਾਇਰ ਦੀ ਤੇ ਦੂਜੀ ਜਨਰਲ ਬਿਪਿਨ ਰਾਵਤ ਦੀ। ਨੌਜਵਾਨ ਨੇ ਜਿੱਥੇ ਡਾਇਰ ਨੂੰ ਅੰਮ੍ਰਿਤਸਰ ਦੇ ਜਿੱਲ੍ਹਿਆਂਵਾਲੇ ਬਾਗ ਦਾ ਹਤਿਆਰਾ ਦੱਸਿਆ ਉੱਥੇ ਹੀ ਬਿਪਿਨ ਰਾਵਤ ਨੂੰ ਕਸ਼ਮੀਰ ਦਾ ਹਤਿਆਰਾ ਦੱਸ ਦਿੱਤਾ। ਕਲੌਂਜੀਆਂ ਵੱਲੋਂ ਕੀਤੇ ਗਏ ਇਸ ਟਵੀਟ ਨੂੰ ਭਾਵੇਂ ਹੁਣ ਉਸ ਨੇ ਹਟਾ ਦਿੱਤਾ ਹੈ ਪਰ ਹੁਣ ਤੱਕ ਉਸ ‘ਤੇ 3 ਹਜ਼ਾਰ ਦੇ ਕਰੀਬ ਲੋਕਾਂ ਨੇ ਆਪਣੀਆਂ ਟਿੱਪਣੀਆਂ ਦੇ ਦਿੱਤੀਆਂ ਸਨ।