ਮਹਾਨ ਗਣਿਤ ਸ਼ਾਸ਼ਤਰੀ ਸੀ – ਸ੍ਰੀਨਿਵਾਸ ਰਾਮਾਨੁਜਨ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਕਿਹਾ ਜਾਂਦਾ ਹੈ ਕਿ ਕੁਝ ਲੋਕ ਪੜ੍ਹ ਲਿਖ ਕੇ ਬੁੱਧੀਮਾਨ ਬਣਦੇ ਹਨ ਤੇ ਕੁਝ ਜਨਮ ਤੋਂ ਹੀ ਬੁੱਧੀਮਾਨ ਹੁੰਦੇ ਹਨ ਤੇ ਜੋ ਜਨਮ ਤੋਂ ਹੀ ਬੁੱਧੀਮਾਨ ਹੁੰਦੇ ਹਨ ਉਨ੍ਹਾਂ ਦਾ ਲੋਹਾ ਸਾਰੇ ਸੰਸਾਰ ਨੂੰ ਮੰਨਣਾ ਹੀ ਪੈਂਦਾ ਹੈ। ਭਾਰਤ ਦੀ ਇਸ ਮਹਾਨ ਭੂਮੀ ‘ਤੇ ਆਰੀਆ ਭੱਟ, ਭਾਸਕਰ, ਬ੍ਰਹਮਗੁਪਤ, ਗਣੇਸ਼ ਪ੍ਰਸਾਦ, ਨੀਲਕੰਠ ਸੌਮਿਆ, ਵਰਾਹਮੀਰ, ਪ੍ਰਸ਼ਾਂਤ ਚੰਦਰਾ, ਹਰੀਸ਼ ਚੰਦਰਾ, ਰਾਜ ਚੰਦਰ ਬੋਸ, ਐਸ.ਐਨ.ਰਾਏ, ਸੀ.ਆਰ.ਰਾਓ ਅਤੇ ਸੁਬਰਾਮਨੀਅਮ ਚੰਦਰਸ਼ੇਖ਼ਰ ਆਦਿ ਜਿਹੇ ਅਨੇਕਾਂ ਵਿਦਵਾਨ ਗਣਿਤ ਵਿਗਿਆਨੀਆਂ ਤੇ ਗਣਿਤ ਸ਼ਾਸ਼ਤਰੀਆਂ ਨੇ ਜਨਮ ਲਿਆ ਤੇ ਅਜਿਹੀ ਹੀ ਇੱਕ ਮਹਾਨ ਗਣਿਤਕ ਹਸਤੀ ਸੀ – ਸ੍ਰੀਨਿਵਾਸ ਰਾਮਾਨੁਜਨ।

ਸ੍ਰੀਨਿਵਾਸ ਰਾਮਾਨੁਜਨ ਦਾ ਜਨਮ ਇੱਕ ਗ਼ਰੀਬ ਪਰਿਵਾਰ ਵਿੱਚ 22 ਦਸਬੰਰ,1887 ਨੂੰ ਹੋਇਆ ਸੀ। ਪਿੰਡ ਕੁੰਭਕੋਣਮ ਵਿਖੇ ਵੱਸਦੇ ਉਸਦੇ ਪਿਤਾ ਸ੍ਰੀ ਕੇ.ਸ੍ਰੀਨਿਵਾਸ ਇਅੰਗਰ ਸਾੜੀਆਂ ਦੀ ਇੱਕ ਦੁਕਾਨ ‘ਤੇ ਮੁਨੀਮ ਵਜੋਂ ਕੰਮ ਕਰਦੇ ਸਨ ਤੇ ਮਾਂ ਕੋਮਲਾ ਇੰਅਗਰ ਇੱਕ ਧਾਰਮਿਕ ਖ਼ਿਆਲਾਂ ਵਾਲੀ ਘਰੇਲੂ ਔਰਤ ਸੀ। ਬੜੀ ਹੈਰਾਨੀ ਦੀ ਗੱਲ ਸੀ ਕਿ ਮਾਪੇ ਸ੍ਰੀਨਿਵਾਸ ਰਾਮਾਨੁਜਨ ਨੂੰ ਪੜ੍ਹਾਉਣਾ ਚਾਹੰਦੇ ਸਨ ਪਰ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ। ਉਸਨੂੰ ਉਸਦੇ ਨਾਨਕੇ ਪਿੰਡ ਕਾਂਚੀਪੁਰਮ ਵਿਖੇ ਵੀ ਪੜ੍ਹਨੇ ਪਾਇਆ ਗਿਆ ਤੇ ਆਪਣੇ ਜੱਦੀ ਪਿੰਡ ਦੇ ਸਕੂਲ ਵੀ ਭੇਜਿਆ ਗਿਆ ਪਰ ਉਹ ਭੱਜ ਕੇ ਘਰ ਆ ਜਾਂਦਾ ਸੀ। ਹੋਰ ਤਾਂ ਹੋਰ ਮਾਪਿਆਂ ਨੂੰ ਪਿੰਡ ਦੇ ਹੀ ਇੱਕ ਪੁਲੀਸ ਕਾਂਸਟੇਬਲ ਨੂੰ ਬੇਨਤੀ ਕਰਨੀ ਪਈ ਕਿ ਉਹ ਸ੍ਰੀਨਿਵਾਸ ‘ਤੇ ਨਿਗ੍ਹਾ ਰੱਖੇ ਤਾਂ ਜੋ ਉਹ ਸਕੂਲੋਂ ਨਾ ਭੱਜੇ।

ਆਪਣੀ ਮਾਂ ਤੋਂ ਪੂਜਾ-ਪਾਠ ਦੀਆਂ ਸਾਰੀਆਂ ਵਿਧੀਆਂ ਸਿੱਖ ਲੈਣ ਵਾਲੇ ਸ੍ਰੀਨਿਵਾਸ ਦਾ ਦਿਮਾਗ਼ ਬਹੁਤ ਤੇਜ਼ ਸੀ। ਸੰਨ 1897 ਵਿੱਚ ਕੇਵਲ ਦਸ ਸਾਲ ਦੀ ਉਮਰ ਵਿੱਚ ਉਸਨੇ ਪ੍ਰਾਇਮਰੀ ਜਮਾਤ ਦੀ ਸਲਾਨਾ ਪ੍ਰੀਖਿਆ ਪੂਰੇ ਜ਼ਿਲੇ ‘ਚੋਂ ਅੱਵਲ ਰਹਿ ਕੇ ਪਾਸ ਕੀਤੀ ਸੀ। ਪ੍ਰਾਇਮਰੀ ਸਕੂਲ ਤੋਂ ਬਾਅਦ ‘ ਟਾਊਨ ਹਾਇਰ ਸੈਕੰਡਰੀ ਸਕੂਲ ’ ਵਿੱਚ ਦਾਖ਼ਲ ਹੋਣ ਪਿੱਛੋਂ ਸ੍ਰੀਨਿਵਾਸ ਦਾ ਪਹਿਲੀ ਵਾਰ ਗਣਿਤ ਨਾਲ ਵਾਹ ਪੈ ਗਿਆ। ਕੇਵਲ ਗਿਆਰ੍ਹਾਂ ਸਾਲ ਦੀ ਉਮਰ ਤੋਂ ਹੀ ਉਸਨੇ ਗਣਿਤ ਵਿੱਚ ਆਪਣੀ ਅਦਭੁੱਤ ਪ੍ਰਤਿਭਾ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ। ਚੌਦ੍ਹਾਂ ਸਾਲ ਦੀ ਉਮਰ ਵਿੱਚ ਉਸਨੂੰ ਨਾ ਕੇਵਲ ਮੈਰਿਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਸਗੋਂ ਉਸਨੇ ਆਪਣੀਆਂ ਹੀ ਪ੍ਰਮੇਯਕਾਵਾਂ ਭਾਵ ਥਿਊਰਮਾਂ ਸਿਰਜ ਕੇ ਸਭ ਨੂੰ ਹੈਰਾਨ ਕਰ ਦਿੱਤਾ।

- Advertisement -

ਸੰਨ1903 ਵਿੱਚ ਉਸਦੇ ਹੱਥ ਜੀ.ਐਸ.ਕਾਰ ਦੀ ਰਚੀ ਪੁਸਤਕ ‘ ਏ ਸਿਨਾਪਸਿਜ਼ ਆਫ਼ ਐਲੀਮੈਂਟਰੀ ਰਿਜ਼ਲਟਸ ਇਨ ਪਿਓਰ ਐਂਡ ਅਪਲਾਈਡ ਮੈਥੇਮੈਟਿਕਸ ’ ਅਚਾਨਕ ਲੱਗ ਗਈ । ਇਸ ਪੁਸਤਕ ਨੇ ਤਾਂ ਉਸਦੇ ਅੰਦਰ ਜਿਵੇਂ ਗਿਆਨ ਦਾ ਚਸ਼ਮਾ ਛੇੜ ਦਿੱਤਾ ਹੋਵੇ। ਉਸਨੇ ਗਣਿਤ ਦੀਆਂ ਔਖੀਆਂ ਪਹੇਲੀਆਂ ਨੂੰ ਹੱਲ ਕਰਨ ਦੇ ਨਾਲ ਨਾਲ ਆਪਣੀਆਂ ਥਿਊਰਮਾਂ ਦਾ ਨਿਰਮਾਣ ਕਰਨਾ ਜਾਰੀ ਰੱਖਿਆ। ਸੰਨ 1904 ਵਿੱਚ ਉਸਨੂੰ ‘ਕੇ.ਰੰਗਨਾਥ ਰਾਓ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਦੋਂ ਉਸਦੀ ਉਮਰ ਕੇਵਲ 17 ਸਾਲ ਸੀ।

ਗਣਿਤ ਵਿੱਚ ਬੇਅੰਤ ਰੁਚੀ ਰੱਖਣ ਵਾਲੇ ਸ੍ਰੀਨਿਵਾਸ ਨੇ ਇਕਾਂਤ ਵਿੱਚ ਰਹਿ ਕੇ ਕਈ ਥਿਊਰਮਾਂ ਦੀ ਰਚਨਾ ਕਰ ਦਿੱਤੀ ਤੇ ਕਈ ਗਣਿਤ ਸ਼ਾਸ਼ਤਰੀਆਂ ਨਾਲ ਉਨ੍ਹਾ ਬਾਰੇ ਚਰਚਾ ਕੀਤੀ ਪਰ ਕਿਸੇ ਨੇ ਵੀ ਉਸਦੀਆਂ ਖੋਜਾਂ ਤੇ ਕਾਢਾਂ ਵਿੱਚ ਦਿਲਚਸਪੀ ਨਾ ਵਿਖਾਈ ਪਰ ਫਿਰ ਵੀ ਉਸਨੇ ਹੌਸਲਾ ਨਾ ਛੱਡਿਆ ਤੇ ਆਪਣੀ ਧੁਨ ਵਿੱਚ ਆਪਣਾ ਕਾਰਜ ਕਰਦਾ ਰਿਹਾ। ਇੱਕ ਦਿਨ ਉਸਨੇ ਆਪਣੀਆਂ ਥਿਊਰਮਾਂ ਨੂੰ ਕਾਗ਼ਜ਼ ‘ਤੇ ਉਤਾਰ ਕੇ ਦੁਨੀਆ ਦੇ ਪ੍ਰਸਿੱਧ ਗਣਿਤ ਵਿਦਵਾਨ ਜੀ.ਐਚ.ਹਾਰਡੀ ਨੂੰ ਯੂਨੀਵਰਸਿਟੀ ਆਫ਼ ਕੈਂਬਰਿਜ ਵਿਖੇ ਭੇਜ ਦਿੱਤੀਆਂ। ਉਸਦੀਆਂ ਰਚੀਆਂ ਥਿਊਰਮਾਂ ਵੇਖ ਕੇ ਹਾਰਡੀ ਤੇ ਉਸਦੇ ਸਾਥੀ ਦੰਗ ਰਹਿ ਗਏ। ਹਾਰਡੀ ਨੇ ਖ਼ੁਦ ਕਿਰਾਇਆ ਖ਼ਰਚ ਕੇ ਸ੍ਰੀਨਿਵਾਸ ਨੂੰ ਇੰਗਲੈਂਡ ਸੱਦ ਲਿਆ। ਉੱਥੇ ਸ੍ਰੀਨਿਵਾਸ ਨੇ ਆਪ ਸਿਰਜੀਆਂ 3900 ਤੋਂ ਵੱਧ ਗਣਿਤਕ ਰਚਨਾਵਾਂ ਪੇਸ਼ ਕੀਤੀਆਂ ਜਿਨ੍ਹਾ ਨੂੰ ਤੱਕ ਕੇ ਹਾਰਡੀ ਨੇ ਭਰੀ ਸਭਾ ਵਿੱਚ ਆਖ਼ ਦਿੱਤਾ ਸੀ – ‘‘ ਸ੍ਰੀਨਿਵਾਸ ਦੀਆਂ ਥਿਊਰਮਾਂ ਇਸ ਕਦਰ ਹੈਰਾਨੀਜਨਕ ਹਨ ਕਿ ਮੈਂ ਤੇ ਮੇਰੇ ਸਾਥੀ ਅਚੰਭਿਤ ਹਾਂ। ’’ਸੰਨ 1916 ਵਿੱਚ ਸ੍ਰੀਨਿਵਾਸ ਨੇ ਕੈਂਬਰਿਜ ਦੇ ਟ੍ਰਿਨਟੀ ਕਾਲਜ ਤੋਂ ਬੀ.ਐਸ.ਸੀ.ਦੀ ਡਿਗਰੀ ਹਾਸਿਲ ਕਰਕੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਸੀ। ਉਸਨੇ ‘ ਹਾਈਲੀ ਕੰਪੋਜ਼ਿਟ ਨੰਬਰ ’ ਵਿਸ਼ੇ ‘ਤੇ ਥੀਸਜ਼ ਪੇਸ਼ ਕੀਤਾ ਸੀ। ਉਸਨੂੰ ਰਾਇਲ ਸੁਸਾਇਟੀ ਦਾ ‘ਸਭ ਤੋਂ ਛੋਟੀ ਉਮਰ ਦਾ ਫੈਲੋ’ ਹੋਣ ਦਾ ਸਭ ਤੋਂ ਪਹਿਲਾ ਮਾਣ ਵੀ ਦਿੱਤਾ ਗਿਆ ਸੀ। ਸੰਨ 1919 ਵਿੱਚ ਵਿਦੇਸ਼ ਵਿੱਚ ਹੀ ਤਬੀਅਤ ਖ਼ਰਾਬ ਹੋਣ ਪਿੱਛੋਂ ਸੰਨ 1920 ਵਿੱਚ ਉਹ ਭਾਰਤ ਪਰਤ ਆਇਆ ਸੀ। 26ਅਪ੍ਰੈਲ,1920 ਨੂੰ ਕੇਵਲ 33 ਵਰਿ੍ਹਆਂ ਦੀ ਨਿੱਕੀ ਜਿਹੀ ਉਮਰ ਵਿੱਚ ਯੁਗਾਂ ਦਾ ਕੰਮ ਮੁਕਾ ਜਾਣ ਵਾਲੇ ਮਹਾਨ ਗਣਿਤ ਵਿਗਿਆਨੀ ਤੇ ਭਾਰਤ ਦੇ ਮਾਣ ਸ੍ਰੀਨਿਵਾਸ ਰਾਮਾਨੁਜਨ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਚਨਚੇਤ ਦੇਹਾਂਤ ਹੋ ਗਿਆ ਸੀ।

ਗਣਿਤ ਦੇ ਗਿਆਨ ਦਾ ਅਥਾਹ ਤੇ ਅਮੋਲ ਖ਼ਜ਼ਾਨਾ ਆਪਣੇ ਅੰਦਰ ਸਾਂਭੀ ਬੈਠੇ ਸ੍ਰੀਨਿਵਾਸ ਰਾਮਾਨੁਜਨ ਨੇ ਆਪਣੀ ਵਿਦਵਤਾ ‘ਤੇ ਕਦੀ ਹੰਕਾਰ ਨਹੀਂ ਕੀਤਾ ਸੀ ਤੇ ਆਪਣੇ ਗਿਆਨ ਨੂੰ ਸਦਾ ਪਰਮਾਤਮਾ ਦੀ ਦੇਣ ਦੱਸਿਆ ਸੀ। ਉਸਦੀ ਮੋਤ ਤੋਂ ਕਈ ਸਾਲ ਬਾਅਦ ਸੰਨ 1976 ਵਿੱਚ ਉਸਦੇ ਸਮਾਨ ‘ਚੋਂ ਇੱਕ ਪੁਸਤਕ ਮਿਲੀ ਸੀ ਜਿਸ ਵਿੱਚ ਉਸਦੇ ਜੀਵਨ ਦੇ ਅੰਤਿਮ ਦਿਨਾਂ ਵਿੱਚ ਕੀਤੀਆਂ ਕਈ ਹੈਰਾਨੀਜਨਕ ਖੋਜਾਂ ਦਰਜ ਸਨ। ਇਸ ਪੁਸਤਕ ਨੂੰ ‘ ਦਿ ਲੋਸਟ ਨੋਟਬੁੱਕ’ ਦਾ ਨਾਂ ਦਿੱਤਾ ਗਿਆ ਸੀ।

ਸੰਪਰਕ: 97816-46008

Share this Article
Leave a comment