ਖੇੜੀ ਗੰਡਿਆਂ ਨੇੜਿਓਂ ਨਹਿਰ ‘ਚੋਂ ਮਿਲੀ ਬੱਚੇ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਪਹਿਲਾਂ ਪਹਿਚਾਣਿਆਂ ਤੇ ਫਿਰ ਕਰਤਾ ਇਨਕਾਰ, ਭੰਬਲ-ਭੂਸਾ ਜਾਰੀ

TeamGlobalPunjab
3 Min Read

ਪਟਿਆਲਾ : ਇੱਥੋਂ ਦੇ ਪਿੰਡ ਖੇੜੀ ਗੰਡਿਆਂ ਤੋਂ 2 ਬੱਚਿਆਂ ਨੂੰ ਗੁੰਮ ਹੋਇਆਂ ਅੱਜ 12 ਦਿਨ ਬੀਤ ਚੁਕੇ ਹਨ, ਪਰ ਪੁਲਿਸ ਨੂੰ ਅਜੇ ਤੱਕ ਕੋਈ ਸੁਰਾਖ ਨਹੀਂ ਮਿਲਿਆ। ਜਿਸ ਦੇ ਚਲਦਿਆਂ ਹੁਣ ਪੁਲਿਸ ਵੱਲੋਂ ਲਗਾਤਾਰ ਸਿਰਫ ਕੋਸ਼ਿਸ਼ਾਂ ਕੀਤੇ ਜਾਣ ਦਾ ਹੀ ਦਾਅਵਾ ਕੀਤਾ ਜਾ ਰਿਹਾ ਸੀ। ਇਹ ਸਭ ਅਜੇ ਚੱਲ ਹੀ ਰਿਹਾ ਸੀ ਕਿ ਇੱਥੋਂ ਥੋੜੀ ਦੂਰ ਪੈਂਦੇ ਬਘੌਰਾ ਪਿੰਡ ਨੇੜਿਓਂ ਗੁਜਰਦੀ ਭਾਖੜਾ ਨਹਿਰ ਦੀ ਨਰਵਾਣਾ ਬਰਾਂਚ ‘ਚੋਂ ਇੱਕ ਬੱਚੇ ਦੀ ਲਾਸ਼ ਬਰਾਮਦ ਹੋ ਗਈ। ਜਿਸ ਤੋਂ ਬਾਅਦ ਚਾਰੇ ਪਾਸੇ ਰੌਲਾ ਪੈ ਗਿਆ ਤੇ ਇਹ ਦਹਿਸ਼ਤ ਖੇੜੀ ਗੰਡਿਆਂ ਪਿੰਡ ਦੇ ਉਨ੍ਹਾਂ ਬੱਚਿਆਂ ਦੇ ਘਰ ਤੱਕ ਜਾ ਪਹੁੰਚੀ ਜਿਨ੍ਹਾਂ ਦੇ 2 ਬੱਚੇ ਗਾਇਬ ਸਨ। ਪੁਲਿਸ ਨੂੰ ਇਸ ਬਾਰੇ ਸ਼ੱਕ ਸੀ ਕਿ ਇਹ ਲਾਸ਼ ਉਨ੍ਹਾਂ 2 ਬੱਚਿਆਂ ਵਿੱਚੋਂ ਇੱਕ ਦੀ ਹੋ ਸਕਦੀ ਹੈ। ਪਰ ਜਦੋਂ ਇਸ ਬਾਰੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪਹਿਚਾਣ ਕਰਵਾਈ ਤਾਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਤਾਂ ਇਹ ਗੱਲ ਮੰਨ ਲਈ ਕਿ ਇਹ ਲਾਸ਼ ਉਨ੍ਹਾਂ ਦੇ ਬੱਚੇ ਦੀ ਹੈ,ਪਰ ਦੋਸ਼ ਹੈ ਕਿ ਬਾਅਦ ਵਿੱਚ ਕਿਸੇ ਅਣਜਾਣ ਭੈਅ ਕਾਰਨ ਆਪਣੇ ਇਕਰਾਰ ਤੋਂ ਮੁੱਕਰ ਗਏ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਹੋਰ ਬੱਚੇ ਦੀ ਲਾਸ਼ ਵੀ ਬਰਾਮਦ ਹੋਈ ਸੀ ਅਤੇ ਉਸ ਨੂੰ ਵੀ ਪਰਿਵਾਰ ਨੇ ਇਹ ਕਹਿੰਦਿਆਂ ਪਹਿਚਾਣਨ ਤੋਂ ਇਲਕਾਰ ਕਰ ਦਿੱਤਾ ਸੀ ਕਿ ਇਹ ਲਾਸ਼ ਉਨ੍ਹਾਂ ਦੇ ਬੱਚੇ ਦੀ ਨਹੀਂ ਹੈ। ਇਸ ਤੋਂ ਬਾਅਦ ਪੁਲਿਸ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੀ ਸੀ ਪਰ ਦੀਦਾਰ ਸਿੰਘ ਨੇ ਆਪਣਾ ਡੀਐਨਏ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ । ਖੈਰ ਜਾਣਕਾਰੀ ਮੁਤਾਬਕ ਇਸ ਵਾਰ ਲਾਸ਼ ਮਿਲਣ ‘ਤੇ ਦੀਦਾਰ ਸਿੰਘ ਨੇ ਆਪਣਾ ਡੀਐਨਏ ਟੈਸਟ ਕਰਵਾਉਣ ਲਈ ਸਹਿਮਤੀ ਪ੍ਰਗਟਾ ਦਿੱਤੀ ਹੈ।

ਇੱਧਰ ਦੂਜੇ ਪਾਸੇ ਬੀਤੇ ਦਿਨੀਂ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਇੱਕ ਨਵਾਂ ਖੁਲਾਸਾ ਕੀਤਾ ਸੀ ਕਿ ਹੁਣ ਤੱਕ ਦੀ ਜਾਂਚ ਤੋਂ ਇਹ ਸਾਬਤ ਨਹੀਂ ਹੋ ਸਕਿਆ ਕਿ ਬੱਚੇ ਅਗਵਾਹ ਹੋਏ ਹਨ। ਮਨਦੀਪ ਸਿੰਘ ਸਿੱਧੂ ਅਨੁਸਾਰ ਉਨ੍ਹਾਂ ਨੂੰ ਇੱਕ ਸੀਸੀਟੀਵੀ ਵੀਡੀਓ ਫੂਟੇਜ਼ ਮਿਲੀ ਹੈ ਜਿਸ ਵਿੱਚ ਬੱਚਿਆਂ ਨੂੰ ਇੱਕ ਬਾਂਦਰ ਦੇ ਪਿੱਛੇ ਜਾਂਦੇ ਹੋਏ ਦੇਖਿਆ ਗਿਆ ਸੀ। ਪਤਾ ਇਹ ਵੀ ਲੱਗਾ ਹੈ ਕਿ ਹੁਣ ਪਿੰਡ ਵਾਲਿਆਂ ਨੇ ਬੱਚਿਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ‘ਤੇ 4 ਲੱਖ ਤੱਕ ਦੇ ਇਨਾਮ ਦੀ ਵੀ ਘੋਸ਼ਨਾ ਵੀ ਕੀਤੀ ਹੈ।

Share this Article
Leave a comment