ਢੀਂਡਸਾ ਦੇ ਅਸਤੀਫੇ ਨੇ ਅਕਾਲੀ ਲੀਡਰਸ਼ਿੱਪ ਦੀ ਨੀਂਦ ਉਡਾਈ!

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ

-ਸੀਨੀਅਰ ਪੱਤਰਕਾਰ

ਚੰਡੀਗੜ੍ਹ : ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ਵਿੱਚ ਅਕਾਲੀ ਦਲ ਦੇ ਗਰੁੱਪ ਨੇਤਾ ਵਜੋਂ ਅਸਤੀਫਾ ਦੇਣ ਨਾਲ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਦੀਆਂ 4 ਉਪ ਚੋਣਾਂ ਦੇ ਮੌਕੇ ਇੱਕ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਢੀਂਡਸਾ ਰਾਜ ਸਭਾ ਦੇ ਮੈਂਬਰ ਬਣੇ ਰਹਿਣਗੇ ਪਰ ਉਨ੍ਹਾਂ ਨੇ ਗਰੁੱਪ ਦੇ ਨੇਤਾ ਵਜੋਂ ਅਲਵਿਦਾ ਆਖ ਦਿੱਤੀ ਹੈ। 21 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਅਕਾਲੀ ਦਲ ਦੇ ਜਲਾਲਬਾਦ ਅਤੇ ਦਾਖਾ ਤੋਂ ਉਮੀਦਵਾਰ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ। ਅਕਾਲੀ ਦਲ ਲਈ ਇਹ ਦੋਵੇਂ ਸੀਟਾਂ ਰਾਜਸੀ ਸ਼ਾਖ ਬਚਾਉਣ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਇਸ ਤੋਂ ਪਹਿਲਾਂ ਢੀਂਡਸਾ ਨੇ ਪਾਰਟੀ ਦੀ ਕੋਰ ਕਮੇਟੀ ਅਤੇ ਸਕੱਤਰ ਜਨਰਲ ਦੇ ਆਹੁਦੇ ਸਮੇਤ ਵੱਖ ਵੱਖ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਰਾਜਸੀ ਤੌਰ ‘ਤੇ ਢੀਂਡਸਾ ਇਸ ਵੇਲੇ ਕਿਸੇ ਤਰ੍ਹਾਂ ਦੀ ਰਾਜਸੀ ਸਰਗਰਮੀਂ ਨਹੀਂ ਕਰ ਰਹੇ ਹਨ ਪਰ ਟਕਸਾਲੀ ਅਕਾਲੀ ਨੇਤਾ ਵਜੋਂ ਉਨ੍ਹਾਂ ਦਾ ਨਾਂ ਪੰਥਕ ਹਲਕਿਆਂ ਵਿੱਚ ਆਪਣੀ ਪਹਿਚਾਣ ਰੱਖਦਾ ਹੈ। ਉਨ੍ਹਾਂ ਨੂੰ ਕੌਮੀਂ  ਪੱਧਰ ‘ਤੇ ਕੇਂਦਰ ਸਰਕਾਰ ਵੱਲੋਂ ਵੀ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਜਰੂਰ ਹੈ ਕਿ ਪਿਛਲੀ ਪਾਰਲੀਮੈਂਟ ਦੀ ਚੋਣ ਮੌਕੇ ਢੀਂਡਸਾ ਨੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਅਪੀਲ ਜਾਰੀ ਕੀਤੀ ਸੀ। ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਕਾਲੀ ਦਲ ਦੀ ਟਿਕਟ ‘ਤੇ ਸੰਗਰੂਰ ਲੋਕ ਸਭਾ ਦੀ ਸੀਟ ‘ਤੇ ਚੋਣ ਲੜੀ ਸੀ।

ਰਾਜਸੀ ਹਲਕਿਆਂ ਅੰਦਰ ਢੀਂਡਸਾ ਵੱਲੋਂ ਰਾਜ ਸਭਾ ਵਿੱਚ ਪਾਰਟੀ ਦੇ ਗਰੁੱਪ ਨੇਤਾ ਵਜੋਂ ਅਸਤੀਫਾ ਦੇਣ ਨੂੰ ਬੜੀ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ। ਬੇਸ਼ੱਕ ਰਾਜ ਸਭਾ ਵਿੱਚ ਅਕਾਲੀ ਦਲ ਦੇ ਕੁੱਲ ਤਿੰਨ ਹੀ ਮੈਂਬਰ ਹਨ ਪਰ ਅਕਾਲੀ ਦਲ ਲਈ ਇਸ ਮੌਕੇ ਅਸਤੀਫਾ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਸੀਨੀਅਰ ਅਕਾਲੀ ਨੇਤਾ ਮੌਜੂਦਾ ਲੀਡਰਸ਼ਿੱਪ ਦੀ ਕਾਰਗੁਜਾਰੀ ਤੋਂ ਨਿਰਾਸ਼ ਹਨ। ਢੀਂਡਸਾ ਨੇ ਪਹਿਲਾਂ ਕੋਰ ਕਮੇਟੀ ਦੇ ਮੈਂਬਰ ਹੁੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਮੀਟਿੰਗਾਂ ਵਿੱਚ ਉਠਾਇਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਸੀ। ਪਾਰਟੀ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਦੀ ਹਾਰ ਦੇ ਕਾਰਨਾ ਦਾ ਵਿਸ਼ਲੇਸਨ ਕਰਦੇ ਹੋਏ ਪਾਰਟੀ ਲੀਡਰਸ਼ਿੱਪ ਨੂੰ ਹਾਰ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ। ਉਸ ਵੇਲੇ ਕਈ ਹੋਰ ਟਕਸਾਲੀ ਆਗੂ ਵੀ ਪਾਰਟੀ ਤੋਂ ਅਸਤੀਫਾ ਦੇ ਗਏ ਸਨ। ਅਕਾਲੀ ਦਲ ਲਈ ਭਾਜਪਾ ਨਾਲ ਸਬੰਧਾ ਵਿੱਚ ਪੈਦਾ ਹੋਈ ਖਟਾਸ ਦੇ ਮੱਦੇ ਨਜ਼ਰ ਢੀਂਡਸਾ ਦਾ ਅਸਤੀਫਾ ਰਾਜਸੀ ਪੱਧਰ ‘ਤੇ ਨਵੀਂ ਖਤਰੇ  ਦੀ ਘੰਟੀ ਹੈ। ਕਿਹਾ ਜਾ ਰਿਹਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਮੌਜੂਦਾ ਅਕਾਲੀ ਲੀਡਰਸ਼ਿੱਪ ਦੀ ਥਾਂ ਨਵੇਂ ਸਿੱਖ ਚੇਹਰਿਆਂ ਦੀ ਤਲਾਸ਼ ਵਿੱਚ ਹੈ। ਭਾਜਪਾ ਵੱਲੋਂ ਐਚਐਸ ਫੂਲਕਾ, ਸਖਦੇਵ ਸਿੰਘ ਢੀਂਡਸਾ ਅਤੇ ਹੋਰ ਅਕਾਲੀ ਆਗੂਆਂ ਨਾਲ ਵੀ ਸੰਪਰਕ ਰੱਖਿਆ ਜਾ ਰਿਹਾ ਹੈ। ਖਾਸ ਤੌਰ ‘ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਦੇ ਵਿਰੋਧ ਕਰਨ ਨਾਲ ਦੋਹਾਂ ਧਿਰਾਂ ਵਿੱਚ ਇਹ ਲੜਾਈ ਹੋਰ ਵੀ ਖੁਲ੍ਹਕੇ ਸਾਹਮਣੇ ਆ ਗਈ ਹੈ। ਚਾਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਸਬੰਧ ਪਹਿਲਾਂ ਦੀ ਤਰ੍ਹਾਂ ਹੀ ਗੱਠਜੋੜ ਵਿੱਚ ਬਣੇ ਰਹਿਣਗੇ ਪਰ ਜ਼ਮੀਨੀ ਹਕੀਕਤ ਵਿੱਚ ਇਹ ਦਾਅਵਾ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਅਜਿਹੇ ਮੌਕੇ ‘ਤੇ ਢੀਂਡਸਾ ਦਾ ਅਸਤੀਫਾ ਅਕਾਲੀ ਦਲ ਦੀ ਲੀਡਰਸ਼ਿੱਪ ਲਈ ਪ੍ਰੇਸ਼ਾਨੀਆਂ ਵਿੱਚ ਵਾਧੇ ਵੱਜੋਂ ਹੀ ਵੇਖਿਆ ਜਾ ਰਿਹਾ ਹੈ।

- Advertisement -

Share this Article
Leave a comment