ਨਰਮੇ-ਕਪਾਹ ਤੋਂ ਵੱਧ ਝਾੜ ਲੈਣ ਲਈ ਸਿਫਾਰਿਸ ਕਿਸਮਾਂ ਹੀ ਬੀਜੋ

TeamGlobalPunjab
8 Min Read

ਪਰਮਜੀਤ ਸਿੰਘ, ਗੋਮਤੀ ਗਰੋਵਰ ਅਤੇ ਧਰਮਿੰਦਰ ਪਾਠਕ

ਬਠਿੰਡਾ: ਨਰਮਾ-ਕਪਾਹ ਪੰਜਾਬ ਵਿੱਚ ਸਾਉਣੀ ਦੀ ਇੱਕ ਪ੍ਰਮੁੱਖ ਰੇਸੇ ਵਾਲੀ ਵਪਾਰਕ ਫਸਲ ਹੈ। ਸਾਲ 2018-19 ਦੌਰਾਨ ਪੰਜਾਬ ਵਿੱਚ ਇਸ ਦੀ ਕਾਸਤ 2.68 ਲੱਖ ਹੈਕਟੇਅਰ ਵਿਚ ਕੀਤੀ ਗਈ ਸੀ ਅਤੇ ਔਸਤ ਝਾੜ 776 ਕਿਲੋ ਰੂੰ ਪ੍ਰਤੀ ਏਕੜ ਰਿਹਾ ਸੀ। ਇਹ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਦਾ ਵਧੀਆ ਬਦਲ ਹੈ ਅਤੇ ਖੁਸਕ ਇਲਾਕਿਆਂ ਲਈ ਇਹ ਇਕ ਹੀ ਬਦਲ ਹੈ ਜਿਹੜਾ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਬੀ.ਟੀ. ਨਰਮੇ ਦੀ ਕਾਸਤ ਕਾਰਨ ਪੰਜਾਬ ਵਿੱਚ ਅਮਰੀਕਨ ਸੁੰਡੀ ਦਾ ਹਮਲਾ ਘੱਟ ਗਿਆ ਜਿਸ ਕਾਰਨ ਗੈਰ ਬੀ.ਟੀ. ਕਿਸਮਾਂ ਵੀ ਬੀ.ਟੀ .ਕਿਸਮਾਂ ਜਿੰਨਾ ਝਾੜ ਦੇ ਦਿੰਦੀਆਂ ਹਨ। ਗੈਰ ਬੀ.ਟੀ .ਕਿਸਮਾਂ ਹਲਕੀਆਂ ਜਮੀਨਾਂ ਤੇ ਵੀ ਵਧੀਆ ਝਾੜ ਦੇ ਦਿੰਦੀਆਂ ਹਨ ਕਿਉਕਿ ਉਨ੍ਹਾਂ ਨੂੰ ਬੀ.ਟੀ. ਕਿਸਮਾਂ ਨਾਲੋ ਖਾਦ ਪਾਣੀ ਦੀ ਘੱਟ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਕਸਬਿਆਂ ਵਿੱਚ ਪਾਣੀ ਦੀ ਘਾਟ ਹੈ ਉਥੇ ਕਿਸਾਨਾਂ ਨੂੰ ਗੈਰ ਬੀ.ਟੀ.ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ।ਗੈਰ ਬੀ.ਟੀ. ਕਿਸਮਾਂ ਵਿੱਚ ਤੇਲੇ, ਚਿੱਟੀ ਮੱਖੀ, ਪੈਰਾਵਿਲਟ ਲਈ ਵੀ ਜਿਆਦਾ ਸਹਿਣਸੀਲਤਾ ਹੁੰਦੀ ਹੈ।
ਸਦੀਆਂ ਤੋਂ ਪੰਜਾਬ ਵਿਚ ਛੋਟੇ ਰੇਸੇ ਵਾਲੀ ਦੇਸੀ ਕਪਾਹ ਉਗਾਈ ਜਾਂਦੀ ਰਹੀ ਹੈ। ਜਿਸ ਤੋਂ ਉਸ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਸੀ ਪਰ ਪਿਛਲੇ 8-10 ਸਾਲ ਤੋਂ ਪੰਜਾਬ ਵਿਚ ਦੇਸੀ ਕਪਾਹ ਥੱਲੇ ਰਕਬਾ ਘਟ ਰਿਹਾ ਹੈ। ਪੰਜਾਬ ਵਿਚ ਦੇਸੀ ਕਪਾਹ ਦਾ ਰਕਬਾ 2004- 05 ਵਿਚ 55,000 ਹੈਕਟੇਅਰ ਸੀ ਜਿਹੜਾ ਕਿ ਘਟ ਕੇ 2018-19 ਵਿਚ 4500 ਹੈਕਟੇਅਰ ਰਹਿ ਗਿਆ ਹੈ। ਪੰਜਾਬ ਵਿਚ ਦੇਸੀ ਕਪਾਹ ਦਾ ਏਰੀਆ ਘਟਣ ਦਾ ਮੁੱਖ ਕਾਰਨ ਬੀ.ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਦਾ ਪ੍ਰਚੱਲਿਤ ਹੋਣਾ ਹੈ। ਪੰਜਾਬ ਦੀ ਸਦੀਆਂ ਤੋਂ ਕੁਦਰਤੀ ਫਸਲ ਹੋਣ ਕਰਕੇ ਇਹ ਇੱਥੋਂ ਦੇ ਪੌਣ-ਪਾਣੀ ਵਿਚ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਦੇਸੀ ਕਪਾਹ ਦੀਆਂ ਕਿਸਮਾਂ ਨੂੰ ਪੱਤਾ ਮਰੋੜ ਰੋਗ ਨਹੀਂ ਲਗਦਾ ਅਤੇ ਰਸ ਚੂਸਣ ਵਾਲੇ ਕੀੜੇ ਖਾਸ ਕਰਕੇ ਚਿੱਟੀ ਮੱਖੀ ਦੇ ਹਮਲੇ ਤੋਂ ਸਹਿਣਸੀਲਤਾ ਰੱਖਦੀ ਹੈ। ਇਸ ਤੋਂ ਇਲਾਵਾ ਦੇਸੀ ਕਪਾਹ ਨੂੰ ਹਲਕੀਆਂ ਜ਼ਮੀਨਾਂ ਅਤੇ ਘੱਟ ਪਾਣੀ ਦੇ ਹਾਲਤਾਂ ਵਿਚ ਉਗਾ ਕੇ ਵੀ ਵਧੀਆ ਝਾੜ ਲਿਆ ਜਾ ਸਕਦਾ ਹੈ। ਇਸ ਲਈ ਕਿਸਾਨ ਭਰਾ ਘੱਟ ਖਰਚਾ ਅਤੇ ਥੋੜ੍ਹੀ ਮਿਹਨਤ ਕਰਕੇ ਵੀ ਇਸ ਫਸਲ ਤੋਂ ਵੱਧ ਮੁਨਾਫਾ ਲੈ ਸਕਦੇ ਹਨ।ਨਰਮੇ-ਕਪਾਹ ਤੋ ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਪ੍ਰਮਾਣਿਤ ਬੀ.ਟੀ ਅਤੇ ਗੈਰ ਬੀ.ਟੀ. ਕਿਸਮਾਂ ਬੀਜਣੀਆਂ ਚਾਹੀਦੀਆਂ ਹਨ:-

À) ਬੀ. ਟੀ. ਕਿਸਮਾਂ:

ਨਰਮੇ ਦੀਆਂ ਬੀ.ਟੀ ਦੋਗਲੀਆਂ ਕਿਸਮਾਂ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਬੀ.ਟੀ. ਨਰਮੇ ਦੀਆਂ ਵੱਖ-ਵੱਖ ਦੋਗਲੀਆਂ ਕਿਸਮਾਂ ਦੀ ਪਰਖ ਹਰ ਸਾਲ ਆਪਣੇ ਤਜਰਬਿਆਂ ਵਿੱਚ ਕੀਤੀ  ਜਾਂਦੀ ਹੈ। ਕਿਸਾਨਾਂ ਨੂੰ ਸਿਰਫ ਸਿਫਾਰਿਸ ਕੀਤੀਆਂ ਦੋਗਲੀਆਂ ਕਿਸਮਾਂ ਦੀ ਹੀ ਕਾਸਤ ਕਰਨੀ ਚਾਹੀਦੀ ਹੈ।

- Advertisement -

ਪੀ.ਏ.ਯੂ. ਬੀ.ਟੀ.-1 : ਇਹ ਭਾਰਤ ਵਿੱਚ ਕਿਸੇ ਸਰਕਾਰੀ ਅਦਾਰੇ ਵੱਲੋ ਤਿਆਰ ਕੀਤੀ ਪਹਿਲੀ ਬੀ.ਟੀ. ਨਰਮੇ ਦੀ ਕਿਸਮ ਹੈ। ਇਸ ਦਾ ਔਸਤਨ ਝਾੜ 11.2 ਕੁਇੰਟਲ ਪ੍ਰਤੀ ਏਕੜ ਹੈ।ਇਸ ਦੇ ਟੀਡੇ ਵੱਡੇ ਅਕਾਰ ਦੇ ਹੁੰਦੇ ਹਨ ਅਤੇ ਰੂੰ ਦਾ ਕਸ 41.4 ਪ੍ਰਤੀਸਤ ਹੈ। ਇਹ ਕਿਸਮ
ਨਰਮੇ ਦੀ ਪੱਤਾ ਮਰੋੜ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।

ਅ) ਨਰਮੇ ਦੀਆਂ ਗੈਰ ਬੀ.ਟੀ. ਕਿਸਮਾਂ

ਐਫ 2228 (2015): ਇਹ ਕਿਸਮ ਲਗਭਗ 180 ਦਿਨਾਂ ਵਿੱਚ ਪੱਕੇ ਕੇ 7.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ । ਇਸ ਦੇ ਰੇਸੇ ਦੀ ਲੰਬਾਈ 29.0 ਮਿਲੀਮੀਟਰ ਅਤੇ ਰੂੰ ਦਾ ਕਸ 34.4 ਪ੍ਰਤੀਸਤ ਹੁੰਦਾ ਹੈ । ਇਸ ਦੇ ਟੀਡੇ ਮੋਟੇ (3.8 ਗ੍ਰਾਮ) ਅਤੇ ਵਧੀਆ ਖਿੜਾਅ ਵਾਲੇ ਹਨ।

ਐਫ 2383 (2015): ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਨਰਮੇ ਦੀ ਸੰਘਣੀ ਬਿਜਾਈ ਲਈ ਢੁਕਵੀ ਹੈ । ਇਹ ਕਿਸਮ ਲਗਭਗ 160 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਰੇਸੇ ਦੀ ਲੰਬਾਈ 26.1 ਮਿਲੀਮੀਟਰ ਅਤੇ ਵਲਾਈ ਦੀ ਦਰ 34.1 ਪ੍ਰਤੀਸਤ ਹੈ।

ਐਲ.ਐਚ. 2108 (2013): ਇਹ ਕਿਸਮ 165-170 ਦਿਨਾਂ ਵਿਚ ਪੱਕ ਕੇ 8.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 27.9 ਮਿਲੀਮੀਟਰ ਅਤੇ ਰੂੰ ਦਾ ਕੱਸ 34.8 ਪ੍ਰਤੀਸਤ ਹੁੰਦਾ ਹੈ।

- Advertisement -

ਐਲ.ਐਚ.2076 (2008): ਇਹ 165-170 ਦਿਨਾਂ ਵਿਚ ਪੱਕ ਕੇ 7.8 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 27.1 ਮਿਲੀਮੀਟਰ ਅਤੇ ਰੂੰ ਦਾ ਕਸ 33.4 ਪ੍ਰਤੀਸਤ ਹੁੰਦਾ ਹੈ।

ਐਲ.ਐਚ.ਐਚ. 144 (1998): ਇਹ ਨਰਮੇ ਦੀ ਦੋਗਲੀ ਕਿਸਮ ਹੈ। ਇਹ 180 ਦਿਨਾਂ ਵਿਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦਾ ਰੇਸਾ ਲੰਬਾ (28.8 ਮਿਲੀਮੀਟਰ) ਹੁੰਦਾ ਹੈ ਅਤੇ 40 ਕਾਉਂਟ ਦੀ ਕਤਾਈ ਲਈ ਢੁਕਵਾਂ ਹੈ। ਇਸ ਦੇ ਵੇਲਾਈ ਦੀ ਦਰ 33.0 ਪ੍ਰਤੀਸਤ ਹੈ।
Â) ਦੇਸੀ ਕਪਾਹ ਦੀਆਂ ਕਿਸਮਾਂ

ਐਲ.ਡੀ. 1019 (2018): ਇਸ ਦੇ ਪੌਦੇ ਹਰੇ ਅਤੇ ਫੁੱਲ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਹ ਇੱਕ ਘੱਟ ਝੜਨ ਵਾਲੀ ਕਿਸਮ ਹੈ। ਜਿਸ ਕਰਕੇ ਇਸ ਨੂੰ ਸਿਰਫ 2 ਜਾਂ 3 ਚੁਗਾਈਆਂ ਦੀ ਲੋੜ ਪੈਦੀ ਹੈ। ਇਸ ਦੇ ਰੂੰ ਦਾ ਕਸ 35.5 ਪ੍ਰਤੀਸਤ ਅਤੇ ਰੇਸੇ ਦੀ ਲੰਬਾਈ 22.6 ਮਿ.ਮੀ. ਹੈ। ਇਹ ਕਿਸਮ ਤੇਲੇ, ਚਿੱਟੀ ਮੱਖੀ, ਸੋਕਾ ਰੋਗ ਅਤੇ ਬੈਕਟੀਰੀਅਲ ਬਲਾਈਟ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 8.6 ਕੁਇੰਟਲ ਪ੍ਰਤੀ ਏਕੜ ਹੈ।

ਐਲ.ਡੀ. 949 (2016): ਇਸ ਦੇ ਪੌਦੇ ਲਾਲ-ਭੂਰੇ, ਪੱਤੇ ਡੂੰਘੇ ਕਟਾਵਾਂ ਵਾਲੇ ਅਤੇ ਫੁੱਲ ਗੁਲਾਬੀ ਹੁੰਦੇ ਹਨ। ਇਸ ਕਿਸਮ ਦੀ ਰੂੰ ਦਾ ਕਸ 40.1 ਪ੍ਰਤੀਸਤ ਹੈ। ਇਸ ਦੇ ਰੇਸੇ ਛੋਟੇ (20.7 ਮਿ.ਮੀ.) ਅਤੇ ਖੁਰਦਰੇ ਹਨ। ਇਸ ਦੀ ਰੂੰ ਸਰਜੀਕਲ ਕੌਟਨ ਲਈ ਉਪਯੁਕਤ ਹੈ। ਇਹ ਕਿਸਮ ਤੇਲੇ,  ਚਿੱਟੀ ਮੱਖੀ, ਸੋਕਾ ਰੋਗ ਅਤੇ ਬੈਕਟੀਰੀਅਲ ਬਲਾਈਟ ਦਾ ਟਾਕਰਾ ਕਰਨ ਦੀ ਵਧੇਰੇ ਸਮਰੱਥਾ ਰੱਖਦੀ ਹੈ। ਕਪਾਹ ਦਾ ਔਸਤਨ ਝਾੜ 9.92 ਕੁਇੰਟਲ ਪ੍ਰਤੀ ਏਕੜ ਹੈ।

ਐਫ.ਡੀ.ਕੇ.124 (2011): ਇਸ ਕਿਸਮ ਦਾ ਔਸਤਨ ਝਾੜ 9.28 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਦੇ ਬੂਟੇ ਹਰੇ ਰੰਗ, ਪੱਤੇ ਡੂੰਘੇ ਕਟਾਵਾਂ ਵਾਲੇ ਅਤੇ ਫੁੱਲਾਂ ਦਾ ਰੰਗ ਸਫੈਦ ਹੁੰਦਾ ਹੈ। ਇਹ ਕਿਸਮ ਤਕਰੀਬਨ 160 ਦਿਨਾਂ ਵਿਚ ਖੇਤ ਖਾਲੀ ਕਰ ਦਿੰਦੀ ਹੈ, ਜਿਸ ਕਾਰਨ ਕਣਕ ਸਮੇਂ ਸਿਰ ਬੀਜੀ ਜਾ ਸਕਦੀ ਹੈ। ਇਸ ਦੇ ਰੇਸੇ ਦੀ ਔਸਤ ਲੰਬਾਈ 21.0 ਮਿਲੀਮੀਟਰ ਅਤੇ ਰੂੰ ਦਾ ਕਸ 36.4 ਪ੍ਰਤੀਸਤ ਹੈ। ਇਹ ਕਿਸਮ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਦਾ ਟਾਕਰਾ ਕਰਨ ਦੀ ਸਮਰਥਾ
ਰੱਖਦੀ ਹੈ।

ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਜਰੂਰੀ ਨੂਕਤੇ

  1. ਬਿਜਾਈ ਹਰ ਹਾਲਤ ਵਿਚ 15 ਮਈ ਤੱਕ ਕਰ ਦਿਉ ਅਤੇ ਸਿਫਾਰਿਸ ਕਿਸਮਾਂ/ਹਾਈਬਰਿਡ ਹੀ ਬੀਜੋ।
  2. ਫਸਲ ਦਾ ਵਧੀਆ ਜੰਮ ਅਤੇ ਮੁੱਢਲੇ ਵਾਧੇ ਲਈ ਚੰਗੇ ਪਾਣੀ ਨਾਲ ਭਰਵੀ ਰੌਣੀ ਜਰੂਰ ਕਰੋ।ਜਮੀਨ ਦੀ ਕਿਸਮ ਦੇ ਮੁਤਾਬਿਕ ਪਹਿਲਾ ਪਾਣੀ ਬਿਜਾਈ ਤੋ 4-6 ਹਫਤੇ ਬਾਅਦ ਹੀ ਲਗਾਓ।
  3. ਨਰਮੇ-ਕਪਾਹ ਦੀਆਂ ਅਗੇਤੀਆਂ ਖਿੜਨ ਵਾਲੀਆਂ ਅਤੇ ਪੱਤਾ ਮਰੋੜ ਬੀਮਾਰੀ ਤੋਂ ਰਹਿਤ ਅਤੇ ਸੋਕੇ ਰੋਗ ਨੂੰ ਟਾਕਰਾ ਕਰਨ ਵਾਲੀਆਂ ਸਿਫਾਰਿਸ ਕੀਤੀਆਂ ਕਿਸਮਾਂ ਹੀ ਬੀਜੋ। ਕੀੜੇ ਮਕੌੜਿਆਂ ਅਤੇ ਬੀਮਾਰੀਆਂ ਦੇ ਸਹੀ ਪ੍ਰਬੰਧ ਲਈ ਇਹਨਾ ਕੀੜਿਆਂ ਮਕੌੜਿਆਂ ਅਤੇ ਬੀਮਾਰੀਆਂ ਦੀਆਂ ਬਦਲਵੀਆਂ ਫਸਲਾਂ ਜਿਵੇਂ ਕਿ ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨੂੰ ਨਰਮੇ ਕਪਾਹ ਦੇ ਖੇਤਾਂ ਵਿਚ ਅਤੇ ਆਲੇ ਦੁਆਲੇ ਬੀਜਣ ਤੋਂਂ ਸੰਕੋਚ ਕਰੋ।
  4. ਨਾਈਟ੍ਰੋਜਨ ਖਾਦ ਸਿਫਾਰਿਸ ਕੀਤੀ ਮਾਤਰਾ ਤੋਂ ਵੱਧ ਨਾ ਪਾਓ।
  5. ਫੁੱਲਾਂ ਦੇ ਸੁਰੂ ਹੋਣ ਤੇ ਪੋਟਾਸੀਅਮ ਨਾਈਟ੍ਰੇਟ (13:0:45) ਦੇ 2 ਪ੍ਰਤੀਸਤ ਘੋਲ ਦੇ 4 ਛਿੜਕਾਅ ਕਰੋ। ਚਿੱਟੀ ਮੱਖੀ, ਗੁਲਾਬੀ ਸੁੰਡੀ, ਮਿਲੀਬੱਗ ਅਤੇ ਜੂੰ ਦੀ ਰੋਕਥਾਮ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ। ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ 15 ਸਤੰਬਰ ਤੋਂ ਪਿਛੋਂ ਸਿੰਥੈਟਿਕ ਪਰਿਥਰਾਇਡ ਜਹਿਰਾਂ ਦੀ ਵਰਤੋਂ ਨਾ ਕਰੋ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਸਿਰਫ ਉਦੋਂ ਹੀ ਕਰੋ ਜਦੋਂ ਪੱਤਿਆਂ ਦੇ ਕਿਨਾਰ ਹੇਠਾਂ ਵੱਲ ਮੁੜਨੇ ਸੁਰੂ ਹੋ ਜਾਣ। ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਕੀਟਨਾਸਕ ਪ੍ਰਤੀਰੋਧੀ ਪ੍ਰਬੰਧ ਦੀ ਕਾਰਜਨੀਤੀ ਨੂੰਅਪਣਾਓ। ਜਹਿਰਾਂ ਦੇ ਮਿਸਰਣ ਵਰਤਣ ਤੋਂ ਸੰਕੋਚ ਕਰੋ।

Share this Article
Leave a comment