ਰਵਨੀਤ ਬਿੱਟੂ ਨੂੰ ਅੱਧੀ ਰਾਤ ਨੂੰ ਮਿਲਿਆ 2 ਕਰੋੜ ਦੇ ਕਿਰਾਏ ਦਾ ਨੋਟਿਸ, ਜੱਦੀ ਜ਼ਮੀਨ ਰੱਖਣੀ ਪਈ ਗਿਰਵੀ

Prabhjot Kaur
3 Min Read

ਲੁਧਿਆਣਾ: ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਨਾਮਜ਼ਦਗੀ ਭਰਨ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਕਿ ਬਿੱਟੂ ਪਿਛਲੇ ਦਸ ਸਾਲਾਂ ਤੋਂ ਰੋਜ਼ ਗਾਰਡਨ ਦੇ ਸਰਕਾਰੀ ਘਰ ਵਿੱਚ ਰਹਿ ਰਿਹਾ ਹੈ। ਨਗਰ ਨਿਗਮ ਨੇ ਵੀਰਵਾਰ ਅੱਧੀ ਰਾਤ ਲਗਭਗ 12.15 ਵਜੇ ਬਿੱਟੂ ਨੂੰ ਉਸ ਮਕਾਨ ਲਈ ਦੋ ਕਰੋੜ ਤੋਂ ਵੱਧ ਦੇ ਕਿਰਾਏ ਦਾ ਨੋਟਿਸ ਸੌਂਪਿਆ। ਸ਼ੁੱਕਰਵਾਰ ਸਵੇਰੇ ਆਪਣੇ ਦਾਦੇ ਦੀ ਜੱਦੀ ਜ਼ਮੀਨ ਨੂੰ ਗਿਰਵੀ ਰੱਖਣ ਤੋਂ ਬਾਅਦ ਬਿੱਟੂ ਨੇ ਬਿੱਲ ਦਾ ਭੁਗਤਾਨ ਕੀਤਾ ਅਤੇ ਐਨਓਸੀ ਲੈ ਲਈ ਅਤੇ ਉਦੋਂ ਹੀ ਉਹ ਆਪਣੀ ਨਾਮਜ਼ਦਗੀ ਦਾਖਲ ਕਰ ਸਕੇ। ਇਸ ਦੇ ਲਈ ਬਿੱਟੂ ਭਾਜਪਾ ਦੇ ਕਈ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਨਾਲ ਦੋ ਘੰਟੇ ਤੋਂ ਵੱਧ ਸਮਾਂ ਜ਼ਿਲ੍ਹਾ ਚੋਣ ਅਫ਼ਸਰ ਦੇ ਪਰਿਸਰ  ਵਿੱਚ ਬੈਠੇ ਰਹੇ।

ਸਰਕਾਰ ਦੇ ਇਸ ਕਦਮ ‘ਤੇ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 10 ਦਿਨ ਪਹਿਲਾਂ ਐਨਓਸੀ ਲਈ ਅਪਲਾਈ ਕੀਤਾ ਸੀ, ਪਰ ਉਸ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ, ਜਦੋਂਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 48 ਘੰਟਿਆਂ ਵਿੱਚ ਐਨਓਸੀ ਜਾਰੀ ਕਰਨਾ ਜ਼ਰੂਰੀ ਹੈ। ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਹੀ ਦਾਲ ਵਿੱਚ ਕਾਲਾ ਮਹਿਸੂਸ ਕਰ ਰਿਹਾ ਸੀ। ਸਰਕਾਰ ਸੋਚ ਰਹੀ ਸੀ ਕਿ ਨਾਮਜ਼ਦਗੀ ਤੋਂ ਪਹਿਲਾਂ ਹੀ ਅਜਿਹੀ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਪੈਸੇ ਦੀ ਉਡੀਕ ਨਹੀਂ ਰਹੇਗੀ ਅਤੇ ਨਾਮਜ਼ਦਗੀ ਵਿਚ ਅੜਿੱਕਾ ਵੀ ਪੈਦਾ ਹੋਵੇਗਾ। ਉਹੀ ਗੱਲ ਹੋਈ। ਰਾਤ ਦੇ ਹਨੇਰੇ ਵਿੱਚ 12:15 ਵਜੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਸ ਨੂੰ ਦੋ ਕਰੋੜ ਰੁਪਏ ਤੋਂ ਵੱਧ ਦੇ ਮਕਾਨ ਦੇ ਕਿਰਾਏ ਦਾ ਨੋਟਿਸ ਭੇਜਿਆ।

ਬਿੱਟੂ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਗਿਰਵੀ ਰੱਖ ਕੇ ਸਵੇਰੇ ਪੈਸੇ ਦਾ ਪ੍ਰਬੰਧ ਕਰਕੇ ਨਗਰ ਨਿਗਮ ਵਿੱਚ ਜਮ੍ਹਾਂ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਐਨ.ਓ.ਸੀ. ਮਿਲੀ। ਇਸ ਤੋਂ ਸਾਫ਼ ਹੈ ਕਿ ਸਰਕਾਰ ਨੇ ਇਹ ਸਭ ਸਿਰਫ਼ ਮੁਸੀਬਤ ਪੈਦਾ ਕਰਨ ਲਈ ਕੀਤਾ ਹੈ।

ਬਿੱਟੂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਉਹ 10 ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੇ ਹਨ। ਇਹ ਗੱਲ ਕੇਂਦਰੀ ਗ੍ਰਹਿ ਮੰਤਰਾਲੇ, ਪੰਜਾਬ ਸਰਕਾਰ ਸਣੇ ਹਰ ਕਿਸੇ ਦੇ ਧਿਆਨ ਵਿੱਚ ਹੈ ਪਰ ਸਰਕਾਰ ਦੇ ਮਨ ਵਿੱਚ ਕੀ ਹੈ ਰੱਬ ਹੀ ਜਾਣੇ। ਬਿੱਟੂ ਨੇ ਕਿਹਾ ਕਿ ‘ਆਪ’ ਨੂੰ ਹੁਣ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਹ ਜਿੱਤ ਨਹੀਂ ਸਕਦੇ, ਇਸ ਲਈ ਅਜਿਹੀਆਂ ਗਤੀਵਿਧੀਆਂ ਕਰਕੇ ਚੋਣਾਂ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਹਰ ਕੋਈ ਚੋਣ ਲੜਦਾ ਸੀ ਪਰ ਹੁਣ ਅਜਿਹੇ ਅੜਿੱਕੇ ਖੜ੍ਹੇ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਉਨ੍ਹਾਂ ਦੇ ਇਰਾਦੇ ਕੀ ਹਨ।

- Advertisement -

Share this Article
Leave a comment