ਓਸ਼ਾਵਾ ਦੇ ਇੱਕ ਘਰ ‘ਚ ਚੱਲ ਰਹੀ ਪਾਰਟੀ ਦੌਰਾਨ ਘਰ ‘ਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ 6 ਸਾਲਾ ਬੱਚੀ ਦੀ ਮੌਤ

TeamGlobalPunjab
2 Min Read

ਓਸ਼ਾਵਾ:  ਓਸ਼ਾਵਾ ਦੇ ਇੱਕ ਘਰ ਵਿੱਚ ਰਾਤ ਨੂੰ ਚੱਲ ਰਹੀ ਪਾਰਟੀ ਦੌਰਾਨ ਘਰ ਦੇ ਬੈਕਯਾਰਡ ਵਿੱਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ ਇੱਕ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਦਰਹਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਾਮੀਂ 7:00 ਵਜੇ ਬਰਚਵਿਊ ਤੇ ਓਰਮੰਡ ਡਰਾਈਵਜ਼ ਏਰੀਆ ਵਿੱਚ ਸਥਿਤ ਇੱਕ ਘਰ ਵਿੱਚ ਸੱਦਿਆ ਗਿਆ। ਇੱਥੇ ਵੱਡਾ ਇੱਕਠ ਹੋਣ ਦੀ ਰਿਪੋਰਟ ਕੀਤੀ ਗਈ ਸੀ।

ਪੁਲਿਸ ਦੇ ਮੌਕੇ ਉੱਤੇ ਪਹੁੰਚਣ ਉੱਤੇ ਦੱਸਿਆ ਗਿਆ ਕਿ ਇੱਕ ਛੇ ਸਾਲਾ ਬੱਚੀ ਲਾਪਤਾ ਹੈ।ਪੁਲਿਸ ਨੇ ਸਾਰੇ ਘਰ ਵਿੱਚ ਤੇ ਆਲੇ ਦੁਆਲੇ ਉਸ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ ਤੇ ਬੱਚੀ ਉਨ੍ਹਾਂ ਨੂੰ ਘਰ ਦੇ ਹੀ ਪੂਲ ਵਿੱਚੋਂ ਮਿਲੀ।ਇੱਕ ਪੁਲਿਸ ਅਧਿਕਾਰੀ ਨੇ ਪੂਲ ਵਿੱਚ ਉਤਰ ਕੇ ਬੱਚੀ ਨੂੰ ਕਿਨਾਰੇ ਉੱਤੇ ਲਿਆਂਦਾ, ਜਿੱਥੇ ਆਫੀਸਰਜ਼ ਨੇ ਉਸ ਨੂੰ ਉਦੋਂ ਤੱਕ ਸੀਪੀਆਰ ਦਿੱਤੀ ਜਦੋਂ ਤੱਕ ਪੈਰਾਮੈਡਿਕਸ ਉੱਥੇ ਨਹੀਂ ਪਹੁੰਚ ਗਏ।ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਬੱਚੀ ਦੀ ਮੌਤ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇੱਕ ਗੁਆਂਢੀ ਨੇ ਦੱਸਿਆ ਕਿ ਐਮਰਜੰਸੀ ਅਮਲੇ ਦੇ ਆਉਣ ਤੋਂ ਪਹਿਲਾਂ ਇੱਕ ਮਹਿਲਾ ਘਰ ਘਰ ਜਾ ਕੇ ਇੱਕ ਨਿੱਕੀ ਬੱਚੀ ਨੂੰ ਵੇਖੇ ਹੋਣ ਬਾਰੇ ਪੁੱਛਗਿੱਛ ਕਰ ਰਹੀ ਸੀ ਤੇ ਲੋਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਬੱਚੀ ਦੀ ਭਾਲ ਵਿੱਚ ਨਿਗ੍ਹਾ ਮਾਰਨ ਲਈ ਆਖ ਰਹੀ ਸੀ। ਕੁੱਝ ਦੇਰ ਬਾਅਦ ਹੀ ਪੁਲਿਸ ਆਪਣੇ ਹੈਲੀਕਾਪਟਰ ਦੇ ਨਾਲ ਉੱਥੇ ਪਹੁੰਚ ਗਈ।

ਜਿਸ ਘਰ ਵਿੱਚ ਪਾਰਟੀ ਹੋ ਰਹੀ ਸੀ ਉਸ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੀ ਬੱਚੀ ਦਾ ਪੰਜਵਾਂ ਜਨਮਦਿਨ ਮਨਾ ਰਹੇ ਸਨ ਤੇ ਉਸੇ ਲਈ ਪਾਰਟੀ ਰੱਖੀ ਗਈ ਸੀ। ਛੇ ਸਾਲਾ ਬੱਚੀ ਦੇ ਲਾਪਤਾ ਹੋਣ ਉੱਤੇ ਸਾਰਿਆਂ ਨੇ ਉਸ ਨੂੰ ਤਲਾਸ਼ਣਾ ਸ਼ੁਰੂ ਕੀਤਾ ਪਰ ਕਿਸੇ ਨੇ ਉਸ ਨੂੰ ਪੂਲ ਵਿੱਚ ਨਹੀਂ ਵੇਖਿਆ।ਪੁਲਿਸ ਨੇ ਵੀ ਪਹਿਲਾਂ ਇੱਧਰ ਉੱਧਰ ਹੀ ਬੱਚੀ ਦੀ ਭਾਲ ਕੀਤੀ ਪਰ ਫਿਰ ਉਨ੍ਹਾਂ ਪੂਲ ਵਾਲੇ ਪਾਸੇ ਜਾ ਕੇ ਵੇਖਿਆ ਤਾਂ ਬੱਚੀ ਉੱਥੇ ਹੀ ਮਿਲੀ।

- Advertisement -

Share this Article
Leave a comment