ਚੰਡੀਗੜ੍ਹ : ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਇਸ ਜਾਂਚ ਵਿੱਚ ਜਿਉਂ ਜਿਉਂ ਸ਼ਿਕੰਜ਼ਾ ਕਸਦੀ ਜਾ ਰਹੀ ਹੈ ਤਿਉਂ ਤਿਉਂ ਜਿਸ ਜਿਸ ਨੂੰ ਇਸ ਜਾਂਚ ਵਿੱਚ ਸੇਕ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ ਉਹ ਸਾਰੇ ਹੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਬਚਾਅ ਦੇ ਨਵੇਂ ਨਵੇਂ ਰਾਹ ਲੱਭ ਰਹੇ ਹਨ। ਪੁਲਿਸ ਵਾਲੇ ਜ਼ਮਾਨਤਾਂ ਲੈਣ ਲਈ ਅਦਾਲਤਾਂ ਵਿੱਚ ਜਾ ਪੁੱਜੇ ਹਨ ਤੇ ਕਈ ਸਿਆਸਤਦਾਨਾਂ ਬਾਰੇ ਦੋਸ਼ ਲੱਗ ਰਿਹਾ ਹੈ ਕਿ ਉਹ ਘਰੋਂ ਗਾਇਬ ਹਨ। ਪਰ ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸ ਤੇ ਬੇਅਦਬੀ ਤੋਂ ਇਲਾਵਾ ਗੋਲੀ ਕਾਂਡ ਦੀਆਂ ਘਟਨਾਵਾਂ ਸਮੇਂ ਸਾਲ 2015 ਦੌਰਾਨ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ ਵਿੱਚ ਆਪਣੀ ਗ੍ਰਿਫਤਾਰੀ ਦੇਣ ਲਈ ਆਪ ਖੁਦ ਚੰਡੀਗੜ੍ਹ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਹ ਖੇਚਲ ਨਾ ਕਰਨ ਉਹ (ਬਾਦਲ) ਜਿੱਥੇ ਕਹਿਣਗੇ ਉੱਥੇ ਆ ਜਾਣਗੇ। ਅਕਾਲੀ ਦਲ ਦੇ ਵਿਰੋਧੀਆਂ ਨੇ ਬਾਦਲ ਦੇ ਇਸ ਕਦਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਦੱਬ ਕੇ ਭੱਡਣਾ ਸ਼ੁਰੂ ਕਰ ਦਿੱਤਾ ਹੈ।
ਚੰਡੀਗੜ੍ਹ ਪਹੁੰਚੇ ਬਾਦਲ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਨੂੰ ਜੇਲ੍ਹ ਜਾਣ ਦਾ ਕੋਈ ਡਰ ਨਹੀਂ ਹੈ ਕਿਉਂਕਿ ਉਹ ਕਈ ਵਾਰ ਜੇਲ੍ਹ ਜਾ ਚੁੱਕੇ ਹਨ। ਵੱਡੇ ਬਾਦਲ ਅਨੁਸਾਰ ਜਿਹੜਾ ਉਨ੍ਹਾ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਹੈ ਕਰ ਲਵੇ ਜਿੱਥੇ ਚਾਹੁੰਦਾ ਹੈ ਲੈ ਜਾਵੇ ਕਿਉਂਕਿ ਉਹ ਸਾਰਾ ਸਮਾਨ ਨਾਲ ਲੈ ਕੇ ਆਏ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੱਲ੍ਹ ਤੱਕ ਚੰਡੀਗੜ੍ਹ ਹੀ ਬੈਠਣਗੇ ਤੇ ਉਡੀਕ ਕਰਨਗੇ ਜਿਸ ਨੇ ਗ੍ਰਿਫਤਾਰ ਕਰਨਾ ਹੈ ਉਹ ਕਰ ਲਵੇ। ਪ੍ਰਕਾਸ਼ ਸਿੰਘ ਬਾਦਲ ਅਨੁਸਾਰ ਕਾਂਗਰਸ ਸਰਕਾਰ ਬਾਦਲ ਪਰਿਵਾਰ ਨੂੰ ਜੇਲ੍ਹ ਡੱਕਣ ਦਾ ਟੀਚਾ ਲੈ ਕੇ ਹੀ ਚੱਲ ਰਹੀ ਹੈ। ਅਕਾਲੀ ਦਲ ਦੇ ਸਰਪਰਸਤ ਬਾਦਲ ਨੇ ਦੋਸ਼ ਲਾਇਆ ਕਿ ਇਹ ਐਸਆਈਟੀ ਅਤੇ ਕਮਿਸ਼ਨ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਹੀ ਥਾਪੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਇਹ ਡਰਾਮਾ ਹੋਰ ਦੇਰ ਚੱਲੇ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਹੈ ਕਿ ਕੈਪਟਨ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਹੀ ਦਮ ਲੈਣਗੇ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਕੱਲ੍ਹ ਵਿਧਾਨ ਸਭਾ ‘ਚ ਜਿਹੜਾ ਭਾਸ਼ਣ ਦਿੱਤਾ ਹੈ ਉਸ ਤੋਂ ਵੀ ਇਹੋ ਸੁਨੇਹਾ ਮਿਲਦਾ ਹੈ ਜਿਸ ਲਈਂ ਉਹ ਤਿਆਰ-ਬਰ-ਤਿਆਰ ਹਨ।
ਸਾਬਕਾ ਮੁੱਖ ਮੰਤਰੀ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਜੇਕਰ ਉਨ੍ਹਾਂ ਦਾ ਆਖ਼ਰੀ ਸ਼ਾਹ ਕੈਪਟਨ ਦੀ ਜੇਲ੍ਹ ਵਿੱਚ ਨਿੱਕਲੇ। ਇੱਥੇ ਦੱਸ ਦਈਏ ਕਿ ਸਪੈਸਲ ਇੰਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਦੀਆਂ ਚੂੜੀਆਂ ਕਸਦਿਆਂ ਕਸਦਿਆਂ ਆਈ ਜੀ ਉਮਰਾਨੰਗਲ ਤੱਕ ਪਹੁੰਚ ਚੁੱਕਈਆਂ ਹਨ ਤੇ ਚਰਚਾ ਇਹ ਛਿੜ ਚੁੱਕੀ ਹੈ ਕਿ ਇਸ ਅੱਗ ਦਾ ਸ਼ੇਕ ਹੁਣ ਬਾਦਲਾਂ ਤੱਕ ਪਹੁੰਚਣ ਲਈ ਬਹੁਤਾ ਸਮਾਂ ਨਹੀਂ ਲਵੇਗਾ ਤੇ ਉਹ ਦਿਨ ਦੂਰ ਨਹੀਂ ਜਦੋਂ ਅਗਲੇ ਕੁਝ ਦਿਨਾ ਵਿੱਚ ਸੁਖਬੀਰ ਬਾਦਲ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ।