ਗੁਰਦੁਆਰਾ ਸਾਹਿਬਾਨ ਅੰਦਰ ਕਿਸੇ ਤਰ੍ਹਾਂ ਦੀ ਪ੍ਰਬੰਧਕੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ: ਭਾਈ ਲੌਂਗੋਵਾਲ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨਾਲ ਇਥੇ ਸਥਿਤ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਕੀਤੀ ਗਈ ਇਕ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਗੁਰੂ ਘਰਾਂ ਅੰਦਰ ਪ੍ਰਬੰਧਕੀ ਅਣਗਹਿਲੀ ਨੂੰ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੀ ਪ੍ਰਬੰਧਕੀ ਸੇਵਾਵਾਂ ਨਿਭਾਉਣ ਅਤੇ ਹਰ ਮੁਲਾਜ਼ਮ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡਿਊਟੀ ਸਮੇਂ ਕਿਸੇ ਕਿਸਮ ਦੀ ਕੁਤਾਹੀ ਅਤੇ ਅਨੁਸ਼ਾਸਨਹੀਣਤਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਕੱਤਰਤਾ ਦੌਰਾਨ ਮੈਨੇਜਰਾਂ ਪਾਸੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ’ਚ ਆਉਂਦੀਆਂ ਮੁਸ਼ਕਲਾਂ ਅਤੇ ਸੁਝਾਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਪ੍ਰਬੰਧਕੀ ਮਾਮਲੇ ਵਿਚ ਕੋਈ ਮੁਸ਼ਕਲ ਪੇਸ਼ ਆਉਂਦੀ ਤਾਂ ਉਹ ਉਨ੍ਹਾਂ (ਭਾਈ ਲੌਂਗੋਵਾਲ) ਨਾਲ ਸੰਪਰਕ ਕਰਨ। ਭਾਈ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦਾ ਸਿੱਧਾ ਸਬੰਧ ਸੰਗਤਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਗੁਰਦੁਆਰਾ ਮੈਨੇਜਰਾਂ ਸਮੇਤ ਹਰ ਮੁਲਾਜ਼ਮ ਚੇਤੰਨਤਾ ਨਾਲ ਡਿਊਟੀ ਨਿਭਾਵੇ।

ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਦੇ ਨਾਲ-ਨਾਲ ਗੁਰਦੁਆਰਾ ਸਾਹਿਬਾਨ ਦੇ ਮੁਲਾਜ਼ਮ ਧਰਮ ਪ੍ਰਚਾਰ ਖੇਤਰ ਵਿਚ ਵੀ ਆਪਣਾ ਯੋਗਦਾਨ ਪਾਉਣ, ਤਾਂ ਜੋ ਸਿੱਖੀ ਦੀ ਮਹਿਕ ਘਰ-ਘਰ ਤੱਕ ਪਹੁੰਚ ਸਕੇ। ਉਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕੀ ਕੰਮ ਸਮੇਂ ਸਿਰ ਮੁਕੰਮਲ ਕਰਨ, ਸਰਾਵਾਂ ਵਿਚ ਰਿਹਾਇਸ਼ੀ ਕਮਰਿਆਂ ਦੀ ਸਾਫ਼ ਸਫ਼ਾਈ, ਲਿਟਰੇਚਰ ਘਰਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਹਰ ਸਾਹਿਤ ਮੁਹੱਈਆ ਕਰਵਾਉਣ, ਗੁਰਦੁਆਰਾ ਸਮੂਹ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦੇਣ ਆਦਿ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਆਖਿਆ ਕਿ ਗੁਰਦੁਆਰਾ ਸਾਹਿਬਾਨ ਵਿਚ ਸਬੰਧਤ ਗੁਰੂ ਘਰ ਦਾ ਮੁਕੰਮਲ ਪ੍ਰਮਾਣਿਕ ਇਤਿਹਾਸਕ ਪ੍ਰਦਰਸ਼ਤ ਕੀਤਾ ਜਾਵੇ। ਹਰੇਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਪ੍ਰਦਰਸ਼ਤ ਕਰਦੇ ਬੋਰਡ ਗੁਰਦੁਆਰਾ ਸਾਹਿਬਾਨ ਨੂੰ ਆਉਂਦੇ ਮੁੱਖ ਮਾਰਗਾਂ ’ਤੇ ਵੀ ਲਗਾਏ ਜਾਣ। ਚੱਲ ਰਹੀਆਂ ਉਸਾਰੀਆਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਜਿਥੇ ਵੀ ਕੋਈ ਕਾਰਜ ਹੋਣ ਵਾਲਾ ਹੋਵੇ ਉਸ ਬਾਰੇ ਪਹਿਲ ਦੇ ਅਧਾਰ ’ਤੇ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸੰਗਤੀ ਸਹੂਲਤਾਂ ਵਿਚ ਕਮੀ ਨਾ ਰਹੇ।

- Advertisement -

Share this Article
Leave a comment